ਸੀ.ਆਰ.ਪੀ.ਐਫ. ਦੀਆਂ 30 ਵਿਧਵਾਵਾਂ ਨੂੰ ਸ਼ਹੀਦ ਪਰਿਵਾਰ ਫੰਡ ‘ਚੋ 3.30 ਲੱਖ ਰੁਪਏ ਦੀ ਵੰਡੀ ਵਿੱਤੀ ਸਹਾਇਤਾ

ਜਲੰਧਰ (ਬਿਊਰੋ ਰਿਪੋਰਟ) – ਅੱਜ ਸੀ. ਆਰ. ਪੀ. ਐੱਫ. ਦੇ ਸਰਾਏ ਖਾਸ ‘ਚ ਸਥਿਤ ਗਰੁੱਪ ਸੈਂਟਰ ਵਿਚ ਸੀ. ਆਰ. ਪੀ. ਐੱਫ. ਐਕਸਮੈਨ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਆਯੋਜਿਤ ਸ਼ਹੀਦ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਵਿਜੇ ਚੋਪੜਾ ਸਨ। ਸਮਾਗਮ ਵਿਚ ਪੰਜਾਬ ਕੇਸਰੀ ਗਰੁੱਪ ਵੱਲੋਂ ਸੰਚਾਲਤ ਸ਼ਹੀਦ ਪਰਿਵਾਰ ਫੰਡ ‘ਚੋਂ ਸੀ. ਆਰ. ਪੀ. ਐੱਫ. ਦੇ 30 ਸ਼ਹੀਦ ਜਵਾਨਾਂ ਦੀਆਂ ਵਿਧਵਾਵਾਂ ਨੂੰ 3.30 ਲੱਖ ਰੁਪਏ ਦੀ ਵਿੱਤੀ ਸਹਾਇਤਾ ਤੇ ਘਰੇਲੂ ਵਰਤੋਂ ਦਾ ਸਾਮਾਨ ਭੇਟ ਕੀਤਾ ਗਿਆ।

ਪੰਜਾਬ ਤੇ ਮਹਾਰਾਸ਼ਟਰ ਦੇ ਸਾਬਕਾ ਡੀ.ਜੀ.ਪੀ. (ਸੇਵਾਮੁਕਤ) ਐੱਸ. ਐੱਸ. ਵਿਰਕ ਨੇ ਕਿਹਾ ਹੈ ਕਿ ਪੰਜਾਬ ਵਿਚ ਅੱਤਵਾਦ ਦੇ ਦੌਰ ‘ਚ ਲੋਕਾਂ ਦੀ ਸੰਵੇਦਨਸ਼ੀਲਤਾ ਖਤਮ ਹੋ ਗਈ ਸੀ ਅਤੇ ਇਸ ਦੌਰ ‘ਚ ਹਿੰਸਕ ਘਟਨਾਵਾਂ ਵਧਦੀਆਂ ਗਈਆਂ, ਜਿਨ੍ਹਾਂ ‘ਤੇ ਕਾਬੂ ਪਾਉਣ ਲਈ ਅਰਧ ਸੈਨਿਕ ਬਲਾਂ ਤੇ ਪੰਜਾਬ ਪੁਲਸ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਵਿਰਕ ਨੇ ਕਿਹਾ ਕਿ ਪੰਜਾਬ ‘ਚ ਮੁਸ਼ਕਲਾਂ ਭਰੇ ਦੌਰ ‘ਚ ਸੀ. ਆਰ. ਪੀ. ਐੱਫ. ਵੱਲੋਂ ਉਨ੍ਹਾਂ ਨੂੰ ਡੀ.ਆਈ. ਜੀ. (ਆਪ੍ਰੇਸ਼ਨ) ਬਣਾ ਕੇ ਭੇਜਿਆ ਗਿਆ ਸੀ। ਉਨ੍ਹਾਂ ਨੂੰ ਅੰਮ੍ਰਿਤਸਰ ‘ਚ ਜ਼ਿੰਮੇਵਾਰੀ ਸੌਂਪੀ ਗਈ ਸੀ, ਜਦੋਂਕਿ ਕੇ. ਪੀ. ਐੱਸ. ਗਿੱਲ ਆਈ. ਜੀ. ਆਪ੍ਰੇਸ਼ਨ ਦੇ ਰੂਪ ‘ਚ ਪੰਜਾਬ ਆਏ मठ।

ਵਿਰਕ ਨੇ ਕਿਹਾ ਕਿ ਪੰਜਾਬ ‘ਚ ਸ਼ਾਂਤੀ ਸਥਾਪਨਾ ‘ਚ ਸੀ. ਆਰ. ਪੀ. ਐੱਫ. ਨੇ ਪੰਜਾਬ ਪੁਲਸ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ। ਦੁਸ਼ਮਣ ਉਸ ਵੇਲੇ ਆਪਣਾ ਆਧਾਰ ਪੰਜਾਬ ‘ਚ ਮਜ਼ਬੂਤ ਕਰ ਚੁੱਕਾ ਸੀ ਅਤੇ ਉਸ ਦੇ ਕਿਲੇ ਨੂੰ ਢੇਰੀ ਕਰਨਾ ਸਾਡੀ ਚੁਣੌਤੀ ਸੀ, ਜਿਸ ‘ਤੇ ਅਸੀਂ ਸਫਲ ਢੰਗ ਨਾਲ ਕਾਬੂ ਪਾਇਆ । ਉਨ੍ਹਾਂ ਇਕ ਪੰਜਾਬੀ ਕਵੀ ਦੀਆਂ ਲਾਈਨਾਂ ਦਾ ਵਰਣਨ ਕਰਦਿਆਂ ਕਿਹਾ ਕਿ :

‘ਕੁਝ ਉਂਝ ਵੀ ਰਾਵਾਂ ਔਖੀਆਂ ਸਨ,                                            ਕੁਝ ਦਿਲ ਵਿਚ ਗਮ ਦਾ ਟੈਕ ਵੀ ਸੀ,                                          ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ,                                           ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ।

ਵਿਰਕ ਨੇ ਕਿਹਾ ਕਿ ਮੁਸ਼ਕਲਾਂ ਭਰੇ ਦੌਰ ਵਿਚ ਜਿੱਥੇ ਸਾਨੂੰ ਸ੍ਰੀ ਵਿਜੇ ਚੋਪੜਾ ਦਾ ਮਾਰਗਦਰਸ਼ਨ ਸਮੇਂ-ਸਮੇਂ ‘ਤੇ ਮਿਲਦਾ ਰਿਹਾ, ਉੱਥੇ ਹੀ ਦੂਜੇ ਪਾਸੇ ਮੰਗਤ ਰਾਮ ਪਾਸਲਾ ਤੇ ਵਰਿੰਦਰ ਸ਼ਰਮਾ ਵਰਗੇ ਲੋਕ ਸਾਡਾ ਹੌਸਲਾ ਵਧਾਉਂਦੇ ਗਏ।  ਉਨ੍ਹਾਂ ਕਿਹਾ ਕਿ ਉਸ ਦੌਰ ਵਿਚ ਉਨ੍ਹਾਂ ਨੂੰ ਇਹ ਗੱਲ ਚੁੱਭਦੀ ਸੀ ਕਿ ਸੀ.ਆਰ.ਪੀ.ਐੱਫ. ਦੇ ਜਵਾਨ ਆਰਜ਼ੀ ਟੈਂਟਾਂ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਬਿਜਲੀ ਦੇ ਕੁਨੈਕਸ਼ਨ ਵੀ ਨਹੀਂ ਸਨ। ਉਸ ਵੇਲੇ ਉਨ੍ਹਾਂ ਕੇ. ਪੀ. ਐੱਸ. ਗਿੱਲ ਤੋਂ ਮਨਜ਼ੂਰੀ ਲੈ ਕੇ ਉਸ ਵੇਲੇ ਦੇ ਰਾਜਪਾਲ ਤੋਂ ਸੀ. ਆਰ. ਪੀ. ਐੱਫ. ਦਾ ਕੰਪਲੈਕਸ ਬਣਾਉਣ ਲਈ 150 ਏਕੜ ਜ਼ਮੀਨ ਮਨਜ਼ੂਰ ਕਰਵਾਈ ਸੀ। ਵਿਰਕ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਨੇ ਸਮੇਂ-ਸਮੇਂ ‘ਤੇ ਦੇਸ਼ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ ਅਤੇ ਭਵਿੱਖ ‘ਚ ਵੀ ਨਿਭਾਉਂਦੀ ਰਹੇਗੀ।

ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਵਿਜੇ ਚੋਪੜਾ ਨੇ ਸ਼ਹੀਦ ਪਰਿਵਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬੀ ਸੂਬਾ ਬਣਨ ਨਾਲ ਸੂਬੇ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਨਹੀਂ ਤਾਂ ਵੰਡ ਤੋਂ ਪਹਿਲਾਂ ਪਾਸੇ ਪਿਸ਼ਾਵਰ ਤੋਂ ਲੈ ਕੇ ਦਿੱਲੀ ਤਕ ਪੰਜਾਬ ਦਾ ਖੇਤਰਫਲ ਹੋਇਆ ਕਰਦਾ ਸੀ। ਪੰਜਾਬੀ ਸੂਬਾ ਬਣਨ ਤੋਂ ਬਾਅਦ ਸੂਬੇ ਕੋਲ ਸਿਰਫ ਸ਼ਰਹੱਦੀ ਇਲਾਕੇ ਰਹਿ ਗਏ ਹਨ, ਜਿੱਥੇ ਰੋਜ਼ਾਨਾ ਸਰਹੱਦ ਪਾਰ ਤੋਂ ਡਰੋਨ ਆ ਕੇ ਡਿੱਗਦੇ ਹਨ ਜਾਂ ਫਿਰ ਸਰਹੱਦ ਪਾਰ ਤੋਂ ਜਾਅਲੀ ਕਰੰਸੀ, ਹਥਿਆਰ ਤੇ ਨਸ਼ੇ ਵਾਲੇ ਪਦਾਰਥ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ ‘ਚ 25 ਹਜ਼ਾਰ ਲੋਕ ਮਾਰੇ ਗਏ, ਜਿਨ੍ਹਾਂ ਵਿਚ ਹਿੰਦੂ, ਸਿੱਖ ਤੇ ਹੋਰ ਧਰਮਾਂ ਦੇ ਲੋਕ ਸ਼ਾਮਲ ਸਨ । ਪੰਜਾਬ ਕੇਸਰੀ ਗਰੁੱਪ ‘ਚ ਸ਼ਹੀਦ ਪਰਿਵਾਰ ਫੰਡ ਉਸ ਵੇਲੇ ਸ਼ੁਰੂ ਹੋਇਆ ਜਦੋਂ 1983 ‘ਚ ਅੱਤਵਾਦੀਆਂ ਨੇ 9 ਵਿਅਕਤੀਆਂ ਦੀ ਬੇਰਹਿਮੀ’ ਨਾਲ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹੁਣ ਸ਼ਹੀਦ ਪਰਿਵਾਰ ਫੰਡ ‘ਚੋਂ ਜ਼ਿਆਦਾਤਰ ਵਿੱਤੀ ਸਹਾਇਤਾ ਜੰਮੂ-ਕਸ਼ਮੀਰ ਨਾਲ ਸਬੰਧ ਰੱਖਦੇ ਅੱਤਵਾਦ ਪੀੜਤ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ।

ਜ਼ਖਮੀ ਹੋਣ ਵਾਲੇ ਲੈ ਨੂੰ 50-50 ਹਜ਼ਾਰ ਰੁਪਏ ਅਤੇ ਸ਼ਹੀਦ ਹੋਣ ਵਾਲੇ ਨੂੰ ਇਕ-ਇਕ ਲੱਖ ਰੂਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ  ਸ੍ਰੀ ਵਿਜੇ ਚੋਪੜਾ ਨੇ ਕਿਹਾ ਕਿ ਜੰਮੂ- ਕਸ਼ਮੀਰ ਤੋਂ ਆਉਣ ਵਾਲੀਆਂ ਵਿਧਵਾਵਾਂ ਤੇ ਭੈਣਾਂ ਵੱਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੂਬਾ ਸਰਕਾਰ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ 20 ਤੋਂ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਰਹੀ ਹੈ ਅਤੇ ਨਾਲ ਹੀ ਬੱਚਿਆਂ ਨੂੰ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜੇ ਜੰਮੂ-ਕਸ਼ਮੀਰ ‘ਚ ਔਰਤਾਂ ਤੇ ਵਿਧਵਾਵਾਂ ਨੂੰ ਚਪੜਾਸੀ ਤੇ ਹੋਰ ਅਹੁਦਿਆਂ ‘ਤੇ ਕੰਮ ਮਿਲ ਰਿਹਾ ਹੈ ਅਤੇ ਉਨ੍ਹਾਂ ‘ਤੇ ਭਰਤੀ ਲਈ ਸਖਤ ਸੇਵਾ ਨਿਯਮ ਲਾਗੂ ਨਹੀਂ ਕੀਤੇ ਗਏ ਤਾਂ ਫਿਰ ਸੀ. ਆਰ. ਪੀ.ਐੱਫ. ‘ਚ ਭਰਤੀ ਲਈ ਸਖਤ ਨਿਯਮ ਕਿਉਂ ਲਾਗੂ ਕੀਤੇ ਗਏ ਹਨ ? ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲ ਕਰ ਕੇ ਇਨ੍ਹਾਂ ਨਿਯਮਾਂ ‘ਚ ਸੋਧ ਕਰਵਾਈ ਜਾਵੇਗੀ ਕਿਉਂਕਿ ਸ਼ਹੀਦ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਜ਼ਰੂਰ ਮਿਲਣ ਚਾਹੀਦੀ ਹੈ।

ਸੀ. ਆਰ. ਪੀ. ਐੱਫ, ਸਰਾਏ ਖਾਸ ਦੇ ਕਮਾਂਡੈਂਟ ਸੁਰਿੰਦਰ ਯਾਦਵ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਲਗਾਤਾਰ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨਾ ਮਾਣ ਦੀ ਗੱਲ ਹੈ ਅਤੇ ਉਹ ਵੀਰ ਨਾਰੀਆਂ ਦਾ ਆਦਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜਿਨ੍ਹਾਂ ਜਵਾਨਾਂ ਨੇ ਕੁਰਬਾਨੀਆਂ ਦਿੱਤੀਆਂ ਹਨ, ਉਹ ਉਨ੍ਹਾਂ ਕੁਰਬਾਨੀ ਨੂੰ ਨਮਨ ਕਰਦੇ ਹਨ। ਦੇਸ਼ ਦੀ ਖਾਤਿਰ ਜੀਵਨ ਦਾ ਬਲੀਦਾਨ ਦੇਣਾ ਸੀ. ਆਰ. ਪੀ. ਐੱਫ. ਦੀ ਪ੍ਰੰਪਰਾ ਦਾ ਹਿੱਸਾ ਹੈ। ਉਹ ਸ਼ਹੀਦ ਪਰਿਵਾਰਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ।

ਸੀਨੀਅਰ ਕਮਿਊਨਿਸਟ ਨੇਤਾ ਤੇ ਸ਼ਹੀਦ ਪਰਿਵਾਰ ਫੰਡ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸੀ.ਆਰ. ਪੀ. ਐੱਫ. ਦੇ ਜਵਾਨ ਹਮੇਸ਼ਾ ਦੇਸ਼ ਖਾਤਿਰ ਕੁਰਬਾਨੀਆਂ ਦੇਣ ਲਈ ਤਿਆਰ ਰਹਿੰਦੇ ਹਨ। ਇਨ੍ਹਾਂ ਜਵਾਨਾਂ ਨੂੰ ਵੇਖ ਕੇ ਹੀ ਸਰੀਰ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਵਿਜੇ ਚੋਪੜਾ ਅਤੇ ਸਾਬਕਾ ਡੀ. ਜੀ. ਪੀ. ਵਿਰਕ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ । ਵਿਰਕ ਨੇ ਖੁਦ ਅੱਤਵਾਦੀਆਂ ਹੱਥੋਂ ਗੋਲੀ ਖਾਧੀ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਸੀ।

ਸੀ. ਆਰ. ਪੀ. ਐੱਫ. ਐਕਸਮੈੱਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਕਿਹਾ ਕਿ ਸ਼ਹੀਦ ਪਰਿਵਾਰਾਂ ਲਈ ਸ਼੍ਰੀ ਵਿਜੇ ਚੋਪੜਾ ਨੇ ਹਮੇਸ਼ਾ ਅੱਗੇ ਆ ਕੇ ਮਦਦ ਕੀਤੀ ਹੈ ਅਤੇ ਐਸੋਸੀਏਸ਼ਨ ਇਸ ਦੇ ਲਈ ਉਨ੍ਹਾਂ ਦਾ ਹਮੇਸ਼ਾ ਧੰਨਵਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਵਿਰਕ ਸਾਹਿਬ ਨੇ ਵੀ ਹਮੇਸ਼ਾ ਐਸੋਸੀਏਸ਼ਨ ਨੂੰ ਸਹਿਯੋਗ ਦਿੱਤਾ ਹੈ। ਉਨ੍ਹਾਂ ਖੁਦ ਅੱਤਵਾਦ ਦੇ ਦੌਰ ‘ਚ ਗੋਲੀ ਖਾਧੀ ਪਰ ਇਸ ਦੇ ਬਾਵਜੂਦ ਉਹ ਸੂਬੇ ‘ਚ ਸ਼ਾਂਤੀ ਸਥਾਪਨਾ ਲਈ ਲੱਗੇ ਰਹੇ।

ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਤੇ ਸਾਬਕਾ ਡੀ.ਜੀ.ਪੀ. ਐੱਸ. ਐੱਸ. ਵਿਰਕ ਦੋਵੇਂ ਹੀ ਜ਼ਿੰਦਾ ਸ਼ਹੀਦ ਹਨ। ਤਖਤ ਦੋਵਾਂ ਨੇ ਹੀ ਜ਼ੁਲਮ ਖਿਲਾਫ ਲੜਾਈ ਜਾਰੀ ਰੱਖੀ ਹੈ। ਅੱਤਵਾਦ ਦੇ ਦੌਰ ‘ਚ ਅੱਤਵਾਦੀਆਂ ਦੀਆਂ ਧਮਕੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼੍ਰੀ ਵਿਜੇ ਚੋਪੜਾ ਨੇ ਆਪਣੀ ਕਲਮ ਨਾਲ ਜ਼ੁਲਮ ਖਿਲਾਫ ਲਿਖਣਾ ਜਾਰੀ ਰੱਖਿਆ ਸੀ।

ਸਮਾਗਮ ‘ਚ ਸੀ. ਆਰ. ਪੀ. ਐੱਫ. ਐਕਸਮੈਨ ਵੈੱਲਫੇਅਰ ਐਸੋਸੀਏਸ਼ਨ ਦੇ ਡੀ. ਐੱਸ. ਪੀ. (ਸੇਵਾਮੁਕਤ) ਗੁਰਮੇਜ ਸਿੰਘ, ਡੀ.ਐੱਸ. ਪੀ. (ਸੇਵਾਮੁਕਤ) ਸੁਰਿੰਦਰ ਸਿੰਘ, ਡੀ. ਐੱਸ. ਪੀ. (ਸੇਵਾਮੁਕਤ) ਅਜੀਤ ਸਿੰਘ, ਉਪ-ਪ੍ਰਧਾਨ ਸੁੱਚਾ ਸਿੰਘ, ਸਰਪੰਚ ਜਸਬੀਰ ਸਿੰਘ, ਬਲਬੀਰ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਮਹਿਲ ਸਿੰਘ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਸਤਨਾਮ ਸਿੰਘ, ਜਗਤਾਰ ਸਿੰਘ ਵੀ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top