Crpf ਦਾ ਯੋਧਾ ਸ਼ਹੀਦ ਦਰਸ਼ਨ ਸਿੰਘ ਗੋਲੀਆਂ ਲੱਗਣ ਦੇ ਬਾਵਜੂਦ ਵੀ ਅੱਤਵਾਦੀਆਂ ਨੂੰ ਕਿਵੇ ਮਾਰ ਮੁਕਾਇਆ

ਸ਼ਹੀਦ ਸਿਪਾਹੀ ਦਰਸ਼ਨ ਸਿੰਘ ਦਾ ਜਨਮ 08 ਅਗਸਤ 1969 ਨੂੰ ਪਿੰਡ ਅਜਿੱਤ ਗਿੱਲ ਵਿਖੇ ਪਿਤਾ ਸਵ: ਸ. ਪ੍ਰੀਤਮ ਸਿੰਘ ਤੇ ਮਾਤਾ ਅੰਗਰੇਜ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਇਹ ਹੁੰਦਲਹੇੜ ਸੀ। ਖੇਡਾਂ ਵਿਚ ਰੁਚੀ ਜਿਆਦਾ ਸੀ ਪਰ ਪੜ੍ਹਾਈ ਵਿਚ ਵੀ ਹੁਸ਼ਿਆਰ ਸੀ। ਚਾਰ ਭੈਣ-ਭਰਾਵਾਂ ਵਿਚ ਸਭ ਤੋਂ ਵੱਡਾ ਸੀ ਦਰਸ਼ਨ ਸਿੰਘ । 1984 ਵਿਚ ਮੁਢਲੀ ਸਿੱਖਿਆ ਸਰਕਾਰੀ ਮਿਡਲ ਸਕੂਲ ਅਜਿੱਤ ਗਿੱਲ ਵਿਚ ਕਰਨ ਉਪਰੰਤ ਦਸਵੀਂ 1987 ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਤੋਂ ਕੀਤੀ। ਉਹ 28 ਨਵੰਬਰ 1988 ਨੂੰ ਸੀ.ਆਰ.ਪੀ.ਐਫ. ਵਿਚ ਭਰਤੀ ਹੋ ਗਿਆ। ਦਰਸ਼ਨ ਸਿੰਘ ਏ-49 ਬਟਾਲੀਅਨ ਸੀ.ਆਰ.ਪੀ.ਐਫ. ਵਿਚ ਭਰਤੀ ਹੋਇਆ।

ਟਰੇਨਿੰਗ ਕਰਨ ਲਈ ਨਿਮਚ ਟਰੇਨਿੰਗ ਸੇਟਰ ਚਲੇ ਗਏ। ਟਰੇਨਿੰਗ ਦੇ ਨਾਲ ਨਾਲ ਦਰਸ਼ਨ ਸਿੰਘ ਖੇਡਾਂ ਵਿੱਚ ਵੀ ਬਹੁਤ ਰੁਚੀ ਰੱਖਦੇ। ਸੀਆਰਪੀਐਫ ਦੇ ਟੂਰਨਾਮੈਂਟਾਂ ਵਿੱਚ ਵੀ ਦਰਸ਼ਨ ਸਿੰਘ ਵਿਸ਼ੇਸ਼ ਤੌਰ ਤੇ ਭਾਗ ਲੈਦਾ ਸੀ। ਸੀਨੀਅਰ ਅਧਿਕਾਰੀ ਸਮੇ ਸਮੇ ਤੇ ਦਰਸ਼ਨ ਸਿੰਘ ਨੂੰ ਮੈਡਲ ਦੇ ਕੇ ਨਿਵਾਜਿਆ ਕਰਦੇ ਸਨ। ਟਰੇਨਿੰਗ ਪੂਰੀ ਹੋਣ ਤੇ ਇਹਨਾਂ ਦੀ ਬਟਾਲੀਅਨ ਜੰਗਲ ਕੈਪ ਲਈ ਚੱਲੀ ਗਈ। ਜੰਗਲ ਕੈਪ ਦੌਰਾਨ ਵੀ ਦਰਸ਼ਨ ਸਿੰਘ ਅਤੇ ਇਹਨਾਂ ਦੇ ਸਾਥੀਆਂ ਦਾ ਕੰਮ ਕਰਨ ਦਾ ਵੱਖਰਾ ਹੀ ਅੰਦਾਜ਼ ਸੀ। ਦਰਸ਼ਨ ਸਿੰਘ ਆਪਣੇ ਸਾਥੀਆਂ ਨਾਲ ਨਵੇਂ ਨਵੇਂ ਅਭਿਆਸ ਕਰਦੇ ਰਹਿੰਦੇ। ਸੀਨੀਅਰ ਅਧਿਕਾਰੀ ਇਹ ਸਭ ਦੇਖ ਕੇ ਬਹੁਤ ਪ੍ਰਸੰਨ ਹੁੰਦੇ। ਟਰੇਨਿੰਗ ਪੂਰੀ ਹੋਣ ਤੋਂ ਬਾਅਦ ਸਾਰੇ ਜਵਾਨਾਂ ਨੂੰ ਕੁਝ ਦਿਨਾਂ ਦੀ ਛੁੱਟੀ ਦੇ ਕੇ ਘਰ ਭੇਜਿਆ ਗਿਆ। ਪਿੰਡ ਪਹੁੰਚਣ ਤੇ ਦਰਸ਼ਨ ਸਿੰਘ ਦੇ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ ਅਤੇ ਇੱਕ ਛੋਟਾ ਜਿਹਾ ਪ੍ਰੋਗਰਾਮ ਵੀ ਕੀਤਾ। ਦਰਸ਼ਨ ਸਿੰਘ ਆਪਣੀ ਟਰੇਨਿੰਗ ਦੀਆਂ ਗੱਲਾਂ ਆਪਣੇ ਪਰਿਵਾਰ ਨਾਲ ਸਾਂਝੀਆਂ ਕਰਦੇ। ਛੁੱਟੀ ਖਤਮ ਹੋਣ ਤੇ ਦਰਸ਼ਨ ਸਿੰਘ ਵਾਪਸ ਆਪਣੀ ਯੂਨਿਟ ਵਿੱਚ ਚੱਲੇ ਗਏ। ਸ਼੍ਰੀ ਨਗਰ ਪਹੁੰਚਦਿਆਂ ਹੀ ਘਾਟੀ ਵਿੱਚ ਸੀਆਰਪੀਐਫ ਅਤੇ ਅੱਤਵਾਦੀਆਂ ਦੀ ਮੁਠਭੇੜ ਹੁੰਦੀ ਰਹਿੰਦੀ।

ਜੰਮੂ-ਕਸ਼ਮੀਰ ਦੇ ਸ੍ਰੀਨਗਰ ਸ਼ਹਿਰ ਵਿੱਚ ਸੀਆਰਪੀਐਫ ਦੇ 49 ਬਟਾਲੀਅਨ ਜਵਾਨਾਂ ਨੂੰ ਸਰਹੱਦ ਪਾਰੋਂ ਹਮਾਇਤ ਪ੍ਰਾਪਤ ਅਤਿਵਾਦੀਆਂ ਖ਼ਿਲਾਫ਼ ਅਤਿਵਾਦ ਵਿਰੋਧੀ ਕਾਰਵਾਈਆਂ ਕਰਨ ਲਈ ਤਾਇਨਾਤ ਕੀਤਾ ਗਿਆ ਸੀ। 3 ਜੁਲਾਈ 1992 ਨੂੰ, ਇਸ ਦੇ ਸੈਨਿਕਾਂ ਨੇ ਇੱਕ ਛੁਪਣਗਾਹ ਵਿੱਚ ਲੁਕੇ ਹੋਏ ਅੱਤਵਾਦੀਆਂ ਵਿਰੁੱਧ ਇੱਕ ਮੁਹਿੰਮ ਚਲਾਈ। ਜਿਵੇਂ ਹੀ ਫੌਜ ਟੀਚੇ ਦੇ ਨੇੜੇ ਪਹੁੰਚੀ, ਅੱਤਵਾਦੀਆਂ ਨੇ ਭਾਰੀ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਅੱਤਵਾਦੀਆਂ ਨਾਲ ਭਿਆਨਕ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਹਮਲੇ ਦੀ ਅਗਵਾਈ ਕਰ ਰਹੇ ਸ਼ਹੀਦ ਸੀਟੀ ਦਰਸ਼ਨ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। ਸੱਟਾਂ ਦੇ ਬਾਵਜੂਦ ਉਹ ਖਾੜਕੂਆਂ ‘ਤੇ ਗੋਲੀਬਾਰੀ ਕਰਦਾ ਹੋਇਆ ਅੱਗੇ ਵੱਧਦਾ ਗਿਆ ਅਤੇ ਇਸ ਦੇ ਨਾਲ ਦੇ ਜਵਾਨ ਵੀ ਅੱਗੇ ਵੱਧਦੇ ਗਏ। ਸੀਆਰਪੀਐਫ ਦੇ ਜਵਾਨਾਂ ਨੇ ਅੱਤਵਾਦੀਆਂ ਨੂੰ ਪੂਰੇ ਘੇਰੇ ਵਿੱਚ ਲੈ ਲਿਆ।ਅਤੇ ਦੋਨੋ ਪਾਸੋ ਜਬਰਦਸਤ ਗੋਲੀਬਾਰੀ ਹੁੰਦੀ ਰਹੀ।

ਜਿਸ ਵਿੱਚੋਂ ਫਿਰ ਇੱਕ ਗੋਲੀ ਦਰਸ਼ਨ ਸਿੰਘ ਦੇ ਆ ਲੱਗੀ। ਦਰਸ਼ਨ ਸਿੰਘ ਲਲਕਾਰਾ ਮਰਦਾ ਹੋਇਆ ਅੱਗੇ ਵੱਧਦਾ ਗਿਆ। ਦਰਸ਼ਨ ਸਿੰਘ ਦਾ ਕਾਫ਼ੀ ਖੂਨ ਵਗ ਗਿਆ ਸੀ। ਪਰ ਇਹ ਜਵਾਨ ਕੁਝ ਦੇਰ ਅੱਗੇ ਜਾਕੇ ਧਰਤੀ ਤੇ ਡਿੱਗ ਕੇ ਫਿਰ ਖੜਾ ਹੋਇਆ। ਨਾਲ ਦੇ ਜਵਾਨ ਇਸ ਨੂੰ ਸੰਭਾਲਦੇ ਰਹੇ ਪਰ ਦਰਸ਼ਨ ਸਿੰਘ ਰੁਕਣ ਦਾ ਨਾਮ ਨਹੀ ਲੈ ਰਿਹਾ ਸੀ। ਦਰਸ਼ਨ ਸਿੰਘ ਗੋਲੀਆਂ ਦੀ ਬਰਸਾਤ ਕਰਦਾ ਹੋਇਆ ਅੱਗੇ ਵੱਧਿਆ ਅਤੇ ਛੁਪੇ ਹੋਏ ਅੱਤਵਾਦੀਆਂ ਨੂੰ ਮਾਰ ਮੁਕਾਇਆ। ਦਰਸ਼ਨ ਸਿੰਘ ਦੇ ਨਾਲ ਦੇ ਜਵਾਨ ਵੀ ਜਖਮੀ ਹੋ ਚੁੱਕੇ ਸਨ। ਆਖਰਕਾਰ ਜੰਗ ਦੇ ਮੈਦਾਨ ਵਿਚ ਆਪਣੀ ਜਾਨ ਦੇ ਗਿਆ। ਤਿੰਨ ਸਾਲ ਸੱਤ ਮਹੀਨੇ ਛੇ ਦਿਨ ਦੀ ਸਰਵਿਸ ਤੋਂ ਬਾਅਦ ਸਿਪਾਹੀ ਦਰਸ਼ਨ ਸਿੰਘ 03 ਜੁਲਾਈ 1992 ਨੂੰ ਸ੍ਰੀਨਗਰ ਘਾਟੀ ਵਿਚ ਅੱਤਵਾਦੀਆਂ ਦੁਆਰਾ ਸਿੱਟੇ ਗਏ ਗਰਨੇਡ ਨਾਲ ਸ਼ਹੀਦ ਹੋ ਗਿਆ।

ਸ਼ਹੀਦ ਦਰਸ਼ਨ ਸਿੰਘ ਦਾ ਮ੍ਰਿਤਕ ਸਰੀਰ ਅਤੇ ਸਾਥੀਆਂ ਨੂੰ ਬਟਾਲੀਅਨ ਹੈਡਕੁਆਰਟਰ ਲੈ ਗਏ। ਇਸ ਸ਼ਹੀਦੀ ਦੀ ਖਬਰ ਉਹਨਾਂ ਦੇ ਪਿੰਡ ਅਜਿੱਤ ਵਿਖੇ ਵੀ ਪਹੁੰਚਾਈ ਗਈ। ਮਾਤਾ ਪਿਤਾ ਅਤੇ ਪਰਿਵਾਰ ਇਹ ਖਬਰ ਸੁਣ ਕੇ ਰੋਣ ਕੁਰਲਾਉਣ ਲੱਗੇ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਦੋ ਦਿਨ ਬਾਅਦ ਦੋ ਦਿਨ ਬਾਅਦ ਸ਼ਹੀਦ ਦਰਸ਼ਨ ਸਿੰਘ ਦਾ ਮ੍ਰਿਤਕ ਸਰੀਰ ਲੈ ਕੇ ਸੀਆਰਪੀਐਫ ਦੀ ਗੱਡੀ ਉਨਾਂ ਦੇ ਪਿੰਡ ਪਹੁੰਚ ਗਈ। ਜਿੱਥੇ ਸੀਆਰਪੀਐਫ ਦੇ ਡੀ ਆਈ ਜੀ ਸ਼੍ਰੀ ਐਸ ਐਸ ਵਿਰਕ ਅਤੇ ਸੀਆਰਪੀਐਫ ਦੇ ਜਵਾਨ ਪਹਿਲਾਂ ਹੀ ਪਹੁੰਚੇ ਹੋਏ ਸਨ। ਸੀਆਰਪੀਐਫ ਦੀ ਗੱਡੀ ਪਿੰਡ ਪਹੁੰਚਣ ਤੇ ਸਾਰੇ ਪਿੰਡ ਦੇ ਲੋਕਾਂ ਇਕੱਠੇ ਹੋ ਗਏ। ਸੀਆਰਪੀਐਫ ਦੇ ਜਵਾਨ ਸ਼ਹੀਦ ਦਰਸ਼ਨ ਸਿੰਘ ਨੂੰ ਲੈ ਕੇ ਸਿਵਿਆਂ ਨੂੰ ਚੱਲ ਪਏ। ਡੀਆਈਜੀ ਵਿਰਕ ਨੇ ਉਹਨਾਂ ਦੇ ਪਿਤਾ ਅਤੇ ਪਰਿਵਾਰ ਨਾਲ ਸ਼ਹੀਦ ਦਰਸ਼ਨ ਸਿੰਘ ਦੀ ਬਹਾਦਰੀ ਦੀ ਚਰਚਾ ਕੀਤੀ। ਇਹ ਗੱਲਾਂ ਸੁਣਦਿਆਂ ਹੀ ਸ਼ਹੀਦ ਦਰਸ਼ਨ ਸਿੰਘ ਜਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸੇ ਤਰ੍ਹਾਂ ਗੱਡੀ ਸਿਵਿਆਂ ਵਿੱਚ ਪਹੁੰਚ ਗਈ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਸ਼ਹੀਦ ਦਰਸ਼ਨ ਸਿੰਘ ਦੀ ਚਿਖਾ ਬਣਾਈ।

ਸੀਆਰਪੀਐਫ ਦੀ ਪਰੰਪਰਾ ਅਨੁਸਾਰ ਫਾਇਰ ਕਰਕੇ ਸ਼ਹੀਦ ਦਰਸ਼ਨ ਸਿੰਘ ਨੂੰ ਸਲਾਮੀ ਦਿੱਤੀ ਗਈ ਅਤੇ ਐਸਐਸ ਵਿਰਕ ਆਈਪੀਐਸ ਨੇ ਸਲੂਟ ਦੇ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦ ਦਰਸ਼ਨ ਸਿੰਘ ਦੇ ਪਿਤਾ ਸਰਦਾਰ ਪ੍ਰੀਤਮ ਸਿੰਘ ਨੇ ਆਪਣੇ ਪੁੱਤਰ ਨੂੰ ਅਗਨੀ ਭੇਟ ਕੀਤਾ। ਸ਼ਹੀਦ ਦਰਸ਼ਨ ਸਿੰਘ ਦੀ ਮਾਤਾ ਅੰਗਰੇਜ਼ ਕੌਰ ਰੋਂਦੀ ਹੋਈ ਨੇ ਆਪਣੇ ਪੁੱਤ ਨੂੰ ਜਾਂਦੀ ਵਾਰ ਦਾ ਸਲੂਟ ਕੀਤਾ। ਸੀਆਰਪੀਐਫ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਦਰਸ਼ਨ ਸਿੰਘ ਦੀ ਬਹਾਦਰੀ ਦੀ ਸਾਰੀ ਚਰਚਾ ਪਰਿਵਾਰ ਨਾਲ ਸਾਂਝੀ ਕੀਤੀ। ਉਸ ਦਾ ਪਰਿਵਾਰ ਗੱਲਾਂ ਸੁਣ ਸੁਣ ਕੇ ਬਹੁਤ ਹੀ ਹੈਰਾਨ ਹੋ ਰਿਹਾ ਸੀ। ਲੜਾਈ ਦੇ ਮੈਦਾਨ ਵਿੱਚ ਦਰਸ਼ਨ ਸਿੰਘ ਸਭ ਤੋਂ ਘੱਟ ਉਮਰ ਦਾ ਸਿਪਾਹੀ ਸੀ। ਇਸ ਦਾ ਪਿੰਡ ਅਤੇ ਪਰਿਵਾਰ ਅੱਜ ਵੀ ਸ਼ਹੀਦ ਦਰਸ਼ਨ ਸਿੰਘ ਨੂੰ ਸਲੂਟ ਕਰਦਾ ਹੈ।

2013 ਵਿੱਚ ਸ਼ਹੀਦ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਮੌਕੇ ਦੇ ਡੀਆਈਜੀ ਸੁਨੀਲ ਥੋਰਪੇ ਨੇ ਗਰੁੱਪ ਸੇਟਰ ਜਲੰਧਰ ਬੁਲਾਇਆ ਅਤੇ ਉਹਨਾਂ ਦਾ ਮਾਨ ਸਨਮਾਨ ਕੀਤਾ। ਸੀਆਰਪੀਐਫ਼ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਨਾਲ ਜੋੜਿਆ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਨੇ ਭਰੋਸਾ ਦਿੱਤਾ ਕਿ ਐਸੋਸੀਏਸ਼ਨ ਹਮੇਸ਼ਾ ਤੁਹਾਡੇ ਨਾਲ ਖੜੀ ਹੈ। ਹੁਣ ਹਰ ਸਾਲ ਸੀਆਰਪੀਐਫ ਐਸੋਸੀਏਸ਼ਨ ਇਹਨਾਂ ਸ਼ਹੀਦ ਪਰਿਵਾਰਾਂ ਲਈ ਗਰੁੱਪ ਸੇਟਰ ਜਲੰਧਰ ਵਿੱਚ ਦੋ ਸ਼ਹੀਦੀ ਸਮਾਗਮ ਕਰਵਾਉਦੀ ਹੈ। ਐਸੋਸੀਏਸ਼ਨ ਇਹਨਾਂ ਸ਼ਹੀਦਾਂ ਦਾ ਹਮੇਸ਼ਾ ਮਾਨ ਸਨਮਾਨ ਕਰਦੀ ਹੈ ਅਤੇ ਕਰਦੀ ਰਹੇਗੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top