ਪਹਿਲੀ ਵਾਰ ਦੇ ਵੋਟਰਾਂ ਨੇ ਵੋਟ ਪਾਉਣ ਦੀ ਸਹੁੰ ਚੁੱਕੀ,ਵੋਟਰ ਜਾਗਰੂਕਤਾ ਲਈ ਫਲੈਸ਼ ਮੋਬ ਦਾ ਆਯੋਜਨ

ਜਲੰਧਰ – ਲੋਕ ਸਭਾ ਚੋਣਾਂ ਵਿੱਚ ਵੋਟਾਂ ਦੀ ਪ੍ਰਤੀਸ਼ਤਤਾ ਵਧਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਅਤੇ ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, ਜਲੰਧਰ ਵੱਲੋਂ ਸਾਂਝੇ ਤੌਰ ‘ਤੇ ਜ਼ਿਲ੍ਹੇ ਵਿੱਚ ਸਵੀਪ ਤਹਿਤ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਦੇਵੀ ਸਹਾਏ ਐੱਸਡੀ ਸੀਨੀਅਰ ਸੈਕੰਡਰੀ ਸਕੂਲ, ਸੋਡਲ ਰੋਡ ਵਿਖੇ ਅੱਜ ‘ਫਲੈਸ਼ ਮੋਬ’ ਗਤੀਵਿਧੀ ਦਾ ਆਯੋਜਨ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਵੋਟਰਾਂ ਨੂੰ ਦੇਸ਼ ਦੀ ਤਰੱਕੀ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਲਈ ਪ੍ਰਦਰਸ਼ਨ ਕੀਤਾ।

ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਕਲਾਕਾਰਾਂ ਦੀ ਟੀਮ ਨੇ ਰਾਹਗੀਰਾਂ ਨੂੰ ਵੋਟ ਪਾਉਣ ਦਾ ਸੁਨੇਹਾ ਦੇਣ ਲਈ ਸਕੂਲ ਦੇ ਬਾਹਰ ‘ਫਲੈਸ਼ ਮੋਬ’ ਰਾਹੀਂ  ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ‘ਜਲੰਧਰ ਇਕ ਗਲ ਨੋਟ ਕਰ, ਇਕ ਜੂਨ ਨੂੰ ਵੋਟ ਕਰ’ ਮੌਕੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ।

ਸੀਬੀਸੀ ਵੱਲੋਂ ਚੋਣ ਪ੍ਰਕਿਰਿਆ ਬਾਰੇ ਇੱਕ ਰੈਂਡਮ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

ਸੀਬੀਸੀ ਦੇ ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਡੀਸੀ-ਕਮ-ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਸਾਂਝੇ ਤੌਰ ’ਤੇ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕਰ ਰਿਹਾ ਹੈ ਤਾਂ ਜੋ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਵੋਟਰਾਂ ਖਾਸ ਕਰਕੇ ਨੌਜਵਾਨਾਂ ਅਤੇ ਪਹਿਲੀ ਵਾਰ ਦੇ ਵੋਟਰਾਂ ਨੂੰ ਵੋਟ ਪਾਉਣ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਚੋਣ ਦੂਤ ਹਨ ਜੋ ਦੂਜਿਆਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ।

ਪਹਿਲੀ ਵਾਰ ਵੋਟ ਪਾਉਣ ਵਾਲੇ ਕੁਝ ਉਤਸ਼ਾਹੀ ਵੋਟਰਾਂ ਨੇ ਆਪਣੀ ਵੋਟ ਪਾ ਕੇ ਰਾਸ਼ਟਰ ਨਿਰਮਾਣ ਦਾ ਹਿੱਸਾ ਬਣਨ ਦੀ ਖੁਸ਼ੀ ਸਾਂਝੀ ਕਰਦੇ ਹੋਏ ‘ਲੋਕਤੰਤਰ ਸੇ ਕਰਤੇ ਹੈਂ ਪਿਆਰ ਹਮ, ਵੋਟ ਡਾਲਨੇ ਕੋ ਹੈਂ ਤਯਾਰ ਹਮ’ ਗਾਇਆ। ਉਨ੍ਹਾਂ ਨੇ ਅਤੇ ਹੋਰ ਲੋਕਾਂ ਨੇ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਸਵੀਪ (SVEEP) ਸੈਲਫੀ ਪੁਆਇੰਟ ‘ਤੇ ਆਪਣੀਆਂ ਤਸਵੀਰਾਂ ਕਲਿੱਕ ਕੀਤੀਆਂ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਸ਼ਰਮਾ ਨੇ ਹਾਜ਼ਰ ਸਮੂਹ ਲੋਕਾਂ ਨੂੰ ਮਤਦਾਤਾ ਸਹੁੰ ਚੁਕਾਈ। ਸੁਸ਼੍ਰੀ ਅਨੁਸ਼ਾ ਪਿੰਟੋ ਅਤੇ ਇੰਦਰਜੀਤ ਕੁਮਾਰ, ਪੰਜਾਬ ਗੁੱਡ ਗਵਰਨੈਂਸ ਫੈਲੋਜ਼ ਡਾਇਰੈਕਟੋਰੇਟ ਆਫ਼ ਗਵਰਨੈਂਸ ਰਿਫਾਰਮਜ਼ ਨੇ ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਦੀ ਨੁਮਾਇੰਦਗੀ ਕੀਤੀ ਅਤੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ, ਵੋਟ ਪਾਉਣ ਅਤੇ ਦੂਜਿਆਂ ਨੂੰ ਵੋਟ ਪਾਉਣ ਵਿੱਚ ਮਦਦ ਕਰਨ ਲਈ ਪ੍ਰੇਰਿਤ ਕੀਤਾ।

Leave a Comment

Your email address will not be published. Required fields are marked *

Scroll to Top