ਜਲੰਧਰ (ਪਰਮਜੀਤ ਸਾਬੀ) – ਅੱਜ ਮਿਤੀ 9 ਜੂਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲਾ ਜਲੰਧਰ ਦੇ ਜੋਨ ਸ਼ਾਹਕੋਟ ਦੀ ਮੀਟਿੰਗ ਜਿਲ਼ਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿਚ ਪਿੰਡ ਰੇੜਵਾਂ ਵਿਖੇ ਹੋਈ ਜਿਸ ਵਿਚ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਉਚੇਚੇ ਤੌਰ ਤੇ ਪੁੱਜੇ ।ਇਸ ਮੌਕੇ ਤੇ ਗੱਲ ਬਾਤ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ੰਭੂ ਬਾਰਡਰ ਤੇ ਦੋਨਾਂ ਫੋਰਮਾਂ ਵੱਲੋਂ ਸਾਂਝੇ ਤੋਰ ਤੇ ਲਗਾਏ ਗਏ ਧਰਨੇ ਨੂੰ ਤਕਰੀਬਨ ਚਾਰ ਮਹੀਨੇ ਬੀਤ ਚੁੱਕੇ ਹਨ ਅਤੇ ਕਿਸਾਨ ਮਜ਼ਦੂਰ ਹਰ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਮੋਰਚੇ ਚੜਦੀ ਕਲਾ ਨਾਲ ਚਲਾ ਰਹੇ ਹਨ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫਸਲ ਦੀ ਸਾਂਭ ਸੰਭਾਲ ਅਤੇ ਝੋਨੇ ਦੀ ਲਵਾਈ ਨੂੰ ਮੁੱਖ ਰੱਖਦੇ ਹੋਏ ਸਾਰੇ ਜਿਲਿਆਂ ਵਿੱਚ ਵਿਓਂਤ ਬੰਦੀਆਂ ਕੀਤੀਆਂ ਰਹੀਆਂ ਹਨ ਤਾਂ ਜੋ ਮੋਰਚੇ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ।ਉਹਨਾਂ ਪਿੰਡਾਂ ਦੀਆਂ ਇਕਾਈਆਂ ਨੂੰ ਪਿੰਡਾਂ ਦੇ ਖਜਾਨੇ ਭਰਨ ਦੀ ਅਪੀਲ ਕੀਤੀ ਅਤੇ ਹਾਲ ਹੀ ਵਿਚ ਵਾਪਰੀ ਘਟਨਾ ਜਿਸ ਵਿਚ ਨਵੀਂ ਐਮ.ਪੀ.ਬਣੀ ਕੰਗਣਾ ਰਣੌਤ ਦੁਆਰਾ ਹਵਾਈ ਅੱਡੇ ਤੇ ਆਪਣੀ ਡਿਊਟੀ ਨਿਭਾ ਰਹੀ ਸੀ.ਆਈ.ਐਸ.ਐਫ.ਦੀ ਜੁਆਨ ਕੁਲਵਿੰਦਰ ਕੌਰ ਦੀ ਡਿਊਟੀ ਵਿਚ ਵਿਘਨ ਪਾਏ ਜਾਣ ਅਤੇ ਉਸ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਤੇ ਕੁਲਵਿੰਦਰ ਕੌਰ ਵੱਲੋਂ ਉਸ ਦੇ ਥੱਪੜ ਮਾਰਿਆ ਗਿਆ ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਕੰਗਣਾਂ ਰਣੋਤ ਆਪਣੇ ਸੁਭਾਅ ਅਨੂਸਾਰ ਪੰਜਾਬ ਵਾਸੀਆਂ ਨੂੰ ਉਗਰਵਾਦੀ ,ਵੱਖਵਾਦੀ ਕਹਿ ਕਿ ਸੰਬੋਧਨ ਕਰਦੀ ਆ ਰਹੀ ਹੈ ਜੋ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਵੱਡਾ ਖ਼ਤਰਾ ਹੈ ਉਹਨਾਂ ਅੱਗੇ ਕਿਹਾ ਕਿ ਆਪਣੇ ਅਹੁਦੇ ਦੀ ਮਰਿਆਦਾ ਦਾ ਖਿਆਲ ਰੱਖਦੇ ਹੋਏ ਹੁਣ ਉਹਨਾਂ ਨੂੰ ਇਹੋ ਜਿਹੇ ਬਚਕਾਨੇ ਬਿਆਨ ਦੇਣ ਤੋਂ ਗੁਰੇਜ਼ ਕਰਨਾਂ ਚਾਹੀਦਾ ਹੈ ਕਿਉਂ ਕਿ ਭਾਰਤ ਦੇਸ਼ ਦੀ ਅਜ਼ਾਦੀ ਵਿਚ ਸਭ ਤੋ ਵੱਧ ਕੁਰਬਾਨੀਆਂ ਪੰਜਾਬੀਆਂ ਹਿੱਸੇ ਆਈਆਂ ਹਨ ਅਤੇ ਉਹਨਾਂ ਨੂੰ ਉਗਰਵਾਦੀ ਕਹਿ ਕੇ ਸੰਬੋਧਨ ਕਰਨਾਂ ਉਹਨਾਂ ਦੀਆਂ ਕੁਰਬਾਨੀਆਂ ਦਾ ਮਜ਼ਾਕ ਉਡਾਉਣ ਵਾਲੀ ਗੱਲ ਹੈ ।ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦੇਸ਼ ਵਿਚ ਫ਼ਿਰਕੂ ਭਾਵਨਾਵਾਂ ਨੂੰ ਬੜਾਵਾ ਦੇਣ ਵਾਲੇ ਬਿਆਨ ਦੇਣ ਤੇ ਕੰਗਣਾ ਰਣੋਤ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਬੀਬੀ ਕੁਲਵਿੰਦਰ ਕੌਰ ਜੋ ਕਿ ਆਪਣੀ ਡਿਊਟੀ ਕਰ ਰਹੀ ਸੀ ਉਸ ਉੱਤੇ ਕੀਤਾ ਪਰਚਾ ਰੱਦ ਕਰਨਾਂ ਚਾਹੀਦਾ ਹੈ ।ਇਸ ਮੌਕੇ ਤੇ ਹੋਰਨਾ ਤੋ ਇਲਾਵਾ ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਜਿਲਾ ਖਜਾਨਚੀ ਜਗਦੀਸ਼ਪਾਲ ਸਿੰਘ ਚੱਕ ਬਾਹਮਣੀਆਂ ,ਜਰਨੈਲ ਸਿੰਘ ਰਾਮੇ, ਸ਼ੇਰ ਸਿੰਘ ਰਾਮੇ,ਲਵਪ੍ਰੀਤ ਸਿੰਘ ਕੋਟਲੀ ਗਾਜਰਾਂ,ਦਲਬੀਰ ਸਿੰਘ ਕੰਗ,ਹਰਫੂਲ ਸਿੰਘ ਰਾਜੇਵਾਲ,ਦਲਵਿੰਦਰ ਸਿੰਘ ,ਸੁਰਿੰਦਰ ਸਿੰਘ ਇਨੋਵਾਲ,ਹਰਦੀਪ ਸਿੰਘ ਹੇਰ,ਕੁਲਵੰਤ ਸਿੰਘ ਕੁਹਾੜ,ਹਰਪ੍ਰੀਤ ਸਿੰਘ ਭੋਏਪੁਰ,ਬਲਰਾਜ ਸਿੰਘ ਚੱਕ ਬਾਹਮਣੀਆਂ ਗੁਰਜੀਤ ਸਿੰਘ ਜਾਫਰਵਾਲ,ਬੀਬੀ ਪਰਮਜੀਤ ਕੋਰ,ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜਰ ਸਨ।
- +91 99148 68600
- info@livepunjabnews.com