9300 ਤੋਂ ਵੱਧ ਚੋਣ ਅਮਲੇ ਨੇ ਲਿਆ ਹਿੱਸਾ-
ਗਰਮੀ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕੀਤੇ ਪੁਖ਼ਤਾ ਪ੍ਰਬੰਧ

ਜਲੰਧਰ – ਲੋਕ ਸਭਾ ਚੋਣਾਂ-2024 ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਤਵਾਰ ਨੂੰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਚੋਣ ਅਮਲੇ ਦੀ ਦੂਜੀ ਰਿਹਰਸਲ ਕਰਵਾਈ ਗਈ, ਜਿਸ ਵਿੱਚ ਲਗਭਗ ਚੋਣ ਡਿਊਟੀ ਉੱਪਰ ਤਾਇਨਾਤ 9304  ਅਧਿਕਾਰੀਆਂ / ਕਰਮਚਾਰੀਆਂ  ਨੇ ਹਿੱਸਾ ਲੈ ਕੇ ਸਫਲਤਾ ਪੂਰਵਕ ਸਿਖਲਾਈ ਮੁਕੰਮਲ ਕੀਤੀ ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਚੋਣ ਅਮਲੇ ਨੂੰ ਚੋਣ ਡਿਊਟੀ ਪੂਰੀ ਲਗਨ, ਤਨਦੇਹੀ ਅਤੇ ਦ੍ਰਿੜਤਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਚੋਣ ਅਮਲੇ ਵਿੱਚ ਸ਼ਾਮਲ ਪ੍ਰੀਜ਼ਾਈਡਿੰਗ ਅਫ਼ਸਰਾਂ, ਪੋਲਿੰਗ ਅਫ਼ਸਰਾਂ ਨੂੰ ਵੋਟਿੰਗ ਪ੍ਰਕਿਰਿਆ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਚੰਗੀ ਤਰ੍ਹਾਂ ਹਾਸਲ ਕਰਨ ਲਈ ਕਿਹਾ ਤਾਂ ਜੋ ਵੋਟਾਂ ਵਾਲੇ ਦਿਨ ਪੋਲਿੰਗ ਪ੍ਰਕਿਰਿਆ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਿਰੇ ਚਾੜ੍ਹਿਆ ਜਾ ਸਕੇ।

ਡਾ. ਅਗਰਵਾਲ ਨੇ ਕਿਹਾ ਕਿ ਚੋਣਾਂ ਦੇ ਇਸ ਅਹਿਮ ਕਾਰਜ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਨੂੰ ਸਾਰਿਆਂ ਨੂੰ ਆਪਣੀ ਡਿਊਟੀ ਪੂਰੀ ਸ਼ਿੱਦਤ ਨਾਲ ਨਿਭਾਉਣੀ ਚਾਹੀਦੀ ਹੈ।

ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਦਾਨ ਕੀਤੀ ਸਿਖ਼ਲਾਈ ਚੋਣ ਅਮਲੇ ਨੂੰ ਆਪਣੇ ਡਿਊਟੀ ਸੁਚੱਜੇ ਢੰਗ ਨਾਲ ਨਿਭਾਉਣ ਵਿੱਚ ਸਹਾਈ ਸਾਬਤ ਹੋਵੇਗੀ।

ਗਰਮੀ ਦੇ ਮੱਦੇਨਜਰ ਜਿਲ੍ਹਾ  ਪ੍ਰਸ਼ਾਸਨ ਵੱਲੋਂ ਚੋਣ ਅਮਲੇ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਜਿਸ ਵਿੱਚ ਪੀਣ ਵਾਲੇ ਪਾਣੀ , ਲੱਸੀ , ਸ਼ਰਬਤ ਆਦਿ ਪ੍ਰਦਾਨ ਕੀਤੇ ਗਏ ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ 9 ਥਾਵਾਂ ’ਤੇ ਰਿਹਰਸਲ ਕਰਵਾਈ ਗਈ।

ਵਿਧਾਨ ਸਭਾ ਹਲਕਾ ਫਿਲੌਰ ਲਈ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਿਲੌਰ, ਵਿਧਾਨ ਸਭਾ ਹਲਕਾ ਨਕੋਦਰ ਲਈ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਨਕੋਦਰ, ਵਿਧਾਨ ਸਭਾ ਹਲਕਾ ਸ਼ਾਹਕੋਟ ਲਈ ਸਰਕਾਰੀ ਕਾਲਜ ਸ਼ਾਹਕੋਟ, ਵਿਧਾਨ ਸਭਾ ਹਲਕਾ ਕਰਤਾਰਪੁਰ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਕੈਂਟ ਰੋਡ, ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਲਈ ਏ.ਪੀ.ਜੇ. ਇੰਸਟੀਚਿਊਟ ਆਫ਼ ਮੈਨੇਜਮੈਂਟ ਹੁਸ਼ਿਆਰਪੁਰ ਰੋਡ, ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਲਈ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਲਈ ਏ.ਪੀ.ਜੇ ਕਾਲਜ ਆਫ਼ ਫਾਈਨ ਆਰਟਸ ਤੇ ਏ.ਪੀ.ਜੇ. ਸਕੂਲ ਮਹਾਂਵੀਰ ਮਾਰਗ, ਵਿਧਾਨ ਸਭਾ ਹਲਕਾ ਆਦਮਪੁਰ ਲਈ ਕੇ.ਐਮ.ਵੀ. ਸੰਸਕ੍ਰਿਤ ਸਕੂਲ ਟਾਂਡਾ ਰੋਡ ਜਲੰਧਰ ਅਤੇ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਡਾ. ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ ਵਿਖੇ ਚੋਣ ਰਿਹਰਸਲ ਕਰਵਾਈ ਗਈ।

ਕੈਪਸ਼ਨ- ਸਹਾਇਕ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਫਿਲੌਰ ਅਮਨਪਾਲ ਸਿੰਘ ਫਿਲੌਰ ਵਿਖੇ ਸਿਖ਼ਲਾਈ ਪ੍ਰਾਪਤ ਕਰਨ ਪੁੱਜੇ ਚੋਣ ਅਮਲੇ ਨਾਲ ਗੱਲਬਾਤ ਕਰਦੇ ਹੋਏ ।

ਕੈਪਸ਼ਨ : ਸਹਾਇਕ ਰਿਟਰਨਿੰਗ ਅਫਸਰ ਅਮਨਪ੍ਰੀਤ ਸਿੰਘ ਚੋਣ ਅਮਲੇ ਨੂੰ ਸੰਬੋਧਨ ਕਰਦੇ ਹੋਏ ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top