ਬਿੱਟੂ ਦੀ ਸੀਬੀਆਈ ਧਮਕੀ ‘ਤੇ ਵੜਿੰਗ ਨੇ ਕਿਹਾ- ਭਾਜਪਾ ਉਮੀਦਵਾਰ ਪਹਿਲਾਂ ਹੀ ਨਿਰਾਸ਼ ਅਤੇ ਹਾਰੇ ਹੋਏ ਮਹਿਸੂਸ ਕਰ ਰਹੇ ਹਨ

ਲੁਧਿਆਣਾ – ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਾਜਪਾ ਵਿਰੋਧੀ ਰਵਨੀਤ ਸਿੰਘ ਬਿੱਟੂ ਨੇ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਖਿਲਾਫ ਸੀਬੀਆਈ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਹਾਰ ਮੰਨ ਲਈ ਹੈ।
ਉਨ੍ਹਾਂ ਕਿਹਾ, “ਸਿਰਫ਼ ਇੱਕ ਹਾਰਿਆ ਹੋਇਆ ਅਤੇ ਨਿਰਾਸ਼ ਵਿਅਕਤੀ ਹੀ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਅਜਿਹੀਆਂ ਫੋਕੀਆਂ ਧਮਕੀਆਂ ਦਾ ਸਹਾਰਾ ਲੈ ਸਕਦਾ ਹੈ ਅਤੇ ਬਿੱਟੂ ਦਾ ਵੀ ਅਜਿਹਾ ਹੀ ਮਾਮਲਾ ਹੈ, ਕਿਉਂਕਿ ਉਹ ਪਹਿਲਾਂ ਹੀ ਨਿਰਾਸ਼ ਅਤੇ ਹਾਰਿਆ ਹੋਇਆ ਮਹਿਸੂਸ ਕਰ ਰਹੇ ਹਨ।”

ਉਨ੍ਹਾਂ ਨੇ ਕਿਹਾ, “ਭਾਜਪਾ ਵਿੱਚ ਨਵੇਂ-ਨਵੇਂ ਸ਼ਾਮਿਲ ਹੋਣ ਦੇ ਨਾਤੇ, ਬਿੱਟੂ ਸੁਭਾਵਿਕ ਤੌਰ ‘ਤੇ ਵਧੇਰੇ ਵਫ਼ਾਦਾਰ ਬਣਨ ਦੀ ਕੋਸ਼ਿਸ਼ ਕਰਨਗੇ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਸੀਬੀਆਈ ਕੇਸਾਂ ਨਾਲ ਧਮਕਾਉਣ ਦੀ ਧਮਕੀ ਦੇਣਗੇ, ਕਿਉਂਕਿ ਭਾਜਪਾ ਦਾ ਕੰਮ ਦਾ ਤਰੀਕਾ ਅਜਿਹਾ ਹੀ ਹੈ।” ਇਸ ਦੌਰਾਨ ਬਿੱਟੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਰਾਹੀਂ ਇੱਕ ਪੁਰਾਣਾ ਕੇਸ ਮੁੜ ਖੋਲ੍ਹਣ ਅਤੇ ਇਸਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਧਮਕੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵੜਿੰਗ ਨੇ ਕਿਹਾ ਕਿ ਉਨ੍ਹਾਂ (ਬਿੱਟੂ) ਨੇ ਸਿਰਫ਼ ਵੜਿੰਗ ਨੂੰ ਸਹੀ ਸਾਬਤ ਕੀਤਾ ਹੈ।

ਉਨ੍ਹਾਂ ਕਿਹਾ, “ਕੋਈ ਅਜਿਹੇ ਭਰੋਸੇ ਨਾਲ ਕਿਵੇਂ ਕਹਿ ਸਕਦਾ ਹੈ ਕਿ ਉਹ ਮੁੱਖ ਮੰਤਰੀ ਰਾਹੀਂ ਕੇਸ ਨੂੰ ਦੁਬਾਰਾ ਖੋਲ੍ਹ ਸਕਦਾ ਹੈ, ਜਦੋਂ ਤੱਕ ਉਸਨੂੰ ਵਿਸ਼ੇਸ਼ ਸਮਰਥਨ ਅਤੇ ਸਰਪ੍ਰਸਤੀ ਪ੍ਰਾਪਤ ਨਾ ਹੋਵੇ?”  ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਸਪੱਸ਼ਟ ਹੈ, ਕਿਉਂਕਿ ਭਾਜਪਾ ਉਮੀਦਵਾਰ ਹੋਣ ਦੇ ਬਾਵਜੂਦ ਉਹ ‘ਆਪ’ ਸਰਕਾਰ ਦਾ ਸਮਰਥਨ ਅਤੇ ਸਰਪ੍ਰਸਤੀ ਮਾਣ ਰਹੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਸੀਬੀਆਈ ਦੀ ਧਮਕੀ ਤੋਂ ਹੈਰਾਨ ਨਹੀਂ ਹਨ, ਕਿਉਂਕਿ ਬਿੱਟੂ ਭਾਜਪਾ ਵਿੱਚ ਇੱਕ “ਨਵੇਂ ਸ਼ਾਮਿਲ” ਹੋਣ ਦੇ ਨਾਤੇ, ਆਪਣੇ ਨਵੇਂ ਆਕਾਵਾਂ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਣ ਲਈ ਹੋਰ ਵਧੇਰੇ ਵਫ਼ਾਦਾਰ ਹੋਣ ਦੀ ਕੋਸ਼ਿਸ਼ ਕਰਨਗੇ।

ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਸੀਬੀਆਈ, ਈਡੀ ਅਤੇ ਇਨਕਮ ਟੈਕਸ ਵਰਗੀਆਂ ਜਾਂਚ ਏਜੰਸੀਆਂ ਦੀ ਵਰਤੋਂ ਕਰਨ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਕਿਹਾ, “ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਿੱਟੂ ਨੇ ਸੀਬੀਆਈ ਨਾਲ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ, “ਇਹ ਤਾਂ ਸ਼ੁਰੂਆਤ ਹੈ, ਉਹ ਮੈਨੂੰ ਈਡੀ ਅਤੇ ਇਨਕਮ ਟੈਕਸ ਦਾ ਵੀ ਡਰ ਦਿਖਾ ਸਕਦੇ ਹਨ।”

ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ, “ਮੈਂ ਭਗੌੜਾ ਨਹੀਂ ਜੋ ਭੱਜ ਜਾਵਾਂਗਾ, ਸਗੋਂ ਮੈਂ ਚੁਣੌਤੀ ਦਾ ਸਾਹਮਣਾ ਕਰਨ ਦਾ ਸ਼ੌਕੀਨ ਹਾਂ।”  ਉਨ੍ਹਾਂ ਕਿਹਾ ਕਿ ਕਿਸੇ ਵੀ ਮਾਮਲੇ ਵਿਚ ਕੇਂਦਰੀ ਜਾਂਚ ਏਜੰਸੀਆਂ ਨੂੰ ਆਪਣੇ ਸਿਆਸੀ ਵਿਰੋਧੀਆਂ ‘ਤੇ ਛੱਡਣ ਦਾ ਬਿੱਟੂ ਦਾ ਸੁਪਨਾ 4 ਜੂਨ ਨੂੰ ਚਕਨਾਚੂਰ ਹੋਣ ਵਾਲਾ ਹੈ, ਜਦੋਂ ਬਿੱਟੂ ਅਤੇ ਭਾਜਪਾ ਦੋਵੇਂ ਹੀ ਚੋਣਾਂ ਹਾਰ ਜਾਣਗੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top