ਜਲੰਧਰ, 23 ਦਸੰਬਰ : ਅਨੁਸੂਚਿਤ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮ ਦਾ ਲਾਭ ਦੇਣ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਟੂਡੈਂਟਜ਼ ਸਕੀਮ ਤਹਿਤ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ’ਤੇ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਸਕੀਮ ਤਹਿਤ ਸਾਲ 2024-25 ਲਈ ਵਿਦਿਆਰਥੀਆਂ, ਵਿੱਦਿਅਕ ਸੰਸਥਾਵਾਂ ਤੇ ਸੈਂਕਸ਼ਨਿੰਗ ਅਤੇ ਲਾਗੂਕਰਤਾ ਵਿਭਾਗਾਂ ਲਈ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਦਾ ਰਿਵਾਈਜ਼ਡ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਸੋਧੇ ਹੋਏ ਸ਼ਡਿਊਲ ਅਨੁਸਾਰ ਵਿਦਿਆਰਥੀਆਂ ਲਈ ਨਵੇਂ ਫ੍ਰੀ ਸ਼ਿਪ ਕਾਰਡਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 25 ਜਨਵਰੀ 2025 ਹੈ। ਇਸੇ ਤਰ੍ਹਾਂ ਸੰਸਥਾਵਾਂ ਵੱਲੋਂ ਤਰੁੱਟੀਆਂ ਦੂਰ ਕਰਨ ਉਪਰੰਤ ਮੁਕੰਮਲ ਕੇਸ (ਨਵੇਂ ਅਤੇ ਨਵਿਉਣਯੋਗ) ਅਪਰੂਵਿੰਗ ਅਥਾਰਟੀ/ਸੈਂਕਸ਼ਨਿੰਗ ਅਥਾਰਟੀਆਂ ਨੂੰ 31 ਜਨਵਰੀ 2025 ਤੱਕ ਭੇਜੇ ਜਾ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਅਪਰੂਵਿੰਗ ਅਥਾਰਟੀ ਵੱਲੋਂ ਵਜ਼ੀਫੇ ਲਈ ਸਬੰਧਤ ਵਿਭਾਗਾਂ/ਸੈਂਕਸ਼ਨਿੰਗ ਵਿਭਾਗਾਂ ਨੂੰ ਆਨਲਾਈਨ ਪ੍ਰਸਤਾਵ ਭੇਜਣ ਦੀ ਆਖਰੀ ਮਿਤੀ 10 ਫਰਵਰੀ 2025 ਹੈ। ਜਦਕਿ ਸਬੰਧਤ ਵਿਭਾਗਾਂ/ਅਪਰੂਵਿੰਗ ਵਿਭਾਗਾਂ ਵੱਲੋਂ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਨੂੰ ਵਜ਼ੀਫੇ ਲਈ ਆਨਲਾਈਨ ਪ੍ਰਸਤਾਵ 15 ਫਰਵਰੀ 2025 ਤੱਕ ਭੇਜੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਅਪਲਾਈ ਕਰਕੇ ਵਜ਼ੀਫਾ ਸਕੀਮ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ।
- +91 99148 68600
- info@livepunjabnews.com