ਚੰਡੀਗੜ੍ਹ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ਦੇ ਰਵਨੀਤ ਬਿੱਟੂ ਬਾਰੇ ਇੱਕ ਤਾਜ਼ਾ ਇੰਟਰਵਿਊ ਵਿੱਚ ਦਿੱਤੇ ਬਿਆਨ ਕਿ ‘ਕਾਂਗਰਸ ਨੇ ਕਦੇ ਵੀ ਸ਼ਹੀਦ ਬੇਅੰਤ ਸਿੰਘ ਜੀ ਦਾ ਸਤਿਕਾਰ ਨਹੀਂ ਕੀਤਾ’ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦੇ ਸਾਬਕਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਸ਼ਹੀਦ ਬੇਅੰਤ ਸਿੰਘ ਜੀ ਦੀ ਤਸਵੀਰ ਦੀ ਵਰਤੋਂ ‘ਤੇ ਸਵਾਲ ਚੁੱਕੇ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਬੇਅੰਤ ਸਿੰਘ ਜੀ ਖੁਦ ਰਾਸ਼ਟਰੀ ਲੀਡਰਸ਼ਿਪ ਦੇ ਪ੍ਰਤੀਕ ਸਨ ਅਤੇ ਦੇਸ਼ ਭਰ ਵਿੱਚ ਪਾਰਟੀ ਦਾ ਮਾਣ ਵਧਾਇਆ। ਸ਼ਾਂਤੀ ਦੇ ਪ੍ਰਤੀਕ ਵਜੋਂ ਸਤਿਕਾਰੇ ਜਾਂਦੇ, ਉਨ੍ਹਾਂ ਦੀਆਂ ਕੁਰਬਾਨੀਆਂ ਦੇਸ਼ ਭਰ ਵਿੱਚ ਗੂੰਝਦੀਆਂ ਹਨ। ਹਾਲਾਂਕਿ, ਉਨ੍ਹਾਂ ਦੇ ਪੋਤਰੇ, ਰਵਨੀਤ ਸਿੰਘ ਬਿੱਟੂ, ਜੋ ਹੁਣ ਭਾਜਪਾ ਨਾਲ ਗੱਠਜੋੜ ਕਰ ਚੁੱਕੇ ਹਨ, ਦੁਆਰਾ ਸਿਆਸੀ ਲਾਭ ਲਈ ਉਨ੍ਹਾਂ ਦੀ ਛਵੀ ਦੀ ਵਰਤੋਂ ਕਰਨਾ ਅਫਸੋਸਜਨਕ ਹੈ ਅਤੇ ਬੇਅੰਤ ਸਿੰਘ ਜੀ ਦੀਆਂ ਕੁਰਬਾਨੀਆਂ ਦਾ ਨਿਰਾਦਰ ਹੈ।
ਰਾਜਾ ਵੜਿੰਗ ਨੇ ਟਿੱਪਣੀ ਕੀਤੀ ਕਿ, “ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਬੇਅੰਤ ਸਿੰਘ ਜੀ ਦੀ ਵਿਰਾਸਤ ਉੱਤੇ ਪਹਿਲਾਂ ਹੀ ਪਰਛਾਵਾਂ ਪੈ ਗਿਆ ਹੈ, ਅਤੇ ਉਨ੍ਹਾਂ ਦੀਆਂ ਕਾਰਵਾਈਆਂ ਸਾਬਕਾ ਮੁੱਖ ਮੰਤਰੀ ਦੀ ਵਿਲੱਖਣ ਯਾਦ ਨੂੰ ਗੰਧਲਾ ਕਰਦੀਆਂ ਰਹੀਆਂ ਹਨ। ਅਜਿਹੀਆਂ ਕਾਰਵਾਈਆਂ ਨਾਲ ਬੇਅੰਤ ਸਿੰਘ ਜੀ ਦੀ ਭਾਵਨਾ ਨੂੰ ਢਾਹ ਲੱਗਣ ਦੀ ਸੰਭਾਵਨਾ ਹੈ। ਕਾਂਗਰਸ ਪਾਰਟੀ ਨੇ ਬੇਅੰਤ ਸਿੰਘ ਜੀ ਨੂੰ ਹਮੇਸ਼ਾ ਉਚੇਚੇ ਤੌਰ ‘ਤੇ ਰੱਖਿਆ ਹੈ, ਰਵਨੀਤ ਬਿੱਟੂ ਵੱਲੋਂ ਕਾਂਗਰਸ ਭਵਨ ਚੰਡੀਗੜ੍ਹ ਤੋਂ ਉਨ੍ਹਾਂ ਦਾ ਬੁੱਤ ਹਟਾਉਣ ਦੇ ਸਾਰੇ ਦਾਅਵੇ ਝੂਠੇ ਹਨ। ਅਸੀਂ ਆਪਣੇ ਆਗੂਆਂ ਅਤੇ ਸ਼ਹੀਦਾਂ ਦਾ ਸਤਿਕਾਰ ਕਰਦੇ ਹਾਂ, ਸ੍ਰੀ ਬਿੱਟੂ ਦੇ ਉਲਟ, ਜਿਸ ਨੇ ਆਪਣੇ ਦਾਦਾ ਜੀ ਦਾ ਨਿਰਾਦਰ ਕੀਤਾ ਹੈ।
ਅੰਤ ਵਿੱਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ, “ਰਾਜਨੀਤਿਕ ਲਾਭ ਲਈ ਆਪਣੇ ਦਾਦਾ ਜੀ ਦੀ ਵਿਰਾਸਤ ਦਾ ਸ਼ੋਸ਼ਣ ਕਰਨ ਤੋਂ ਗੁਰੇਜ਼ ਕਰਨਾ ਲਾਜ਼ਮੀ ਹੈ, ਅਤੇ ਰਵਨੀਤ ਬਿੱਟੂ ਨੂੰ ਇਹ ਸਮਝਣਾ ਚਾਹੀਦਾ ਹੈ। ਪੰਜਾਬ ਦੇ ਲੋਕ ਅਜਿਹੀਆਂ ਚਾਲਾਂ ਨੂੰ ਪਛਾਣਦੇ ਅਤੇ ਨਕਾਰਦੇ ਹਨ। ਸਾਡੇ ਸ਼ਹੀਦਾਂ ਦੀ ਬਹਾਦਰੀ ਸ਼ਰਧਾ ਦੀ ਮੰਗ ਕਰਦੀ ਹੈ, ਅਤੇ ਇਸ ਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ ਜਨਤਾ ਨੂੰ ਪਸੰਦ ਨਹੀਂ ਆਵੇਗੀ।”
