ਜਲੰਧਰ, 1 ਅਪ੍ਰੈਲ : ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਦਫ਼ਤਰ ਵਿਖੇ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਪ੍ਰੀਖਿਆ-2025 ਦੀ ਤਿਆਰੀ ਲਈ ਮੁਫ਼ਤ ਕੋਚਿੰਗ ਬੈਚ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਕੋਚਿੰਗ ਲੈ ਰਹੇ ਵਿਦਿਆਰਥੀਆਂ ਨੂੰ ਵੱਖ-ਵੱਖ ਮਾਹਰਾਂ ਵੱਲੋਂ ਕੋਚਿੰਗ ਪ੍ਰਦਾਨ ਕਰਨ ਦੇ ਨਾਲ-ਨਾਲ ਆਈ.ਏ.ਐਸ./ਪੀ.ਸੀ.ਐਸ. ਅਧਿਕਾਰੀਆਂ ਨਾਲ ਮੁਲਾਕਾਤ ਕਰਵਾਈ ਜਾਂਦੀ ਹੈ।
ਇਸੇ ਲੜੀ ਤਹਿਤ ਅੱਜ 2022 ਬੈਚ ਦੇ ਆਈ.ਏ.ਐਸ. ਅਧਿਕਾਰੀ ਵਿਵੇਕ ਮੋਦੀ, ਜੋ ਕਿ ਮੌਜੂਦਾ ਸਮੇਂ ਉਪ ਮੰਡਲ ਮੈਜਿਸਟ੍ਰੇਟ ਆਦਮਪੁਰ ਵਜੋਂ ਤਾਇਨਾਤ ਹਨ, ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਦੇ ਰੂ-ਬਰੂ ਹੋਏ।
ਐਸ.ਡੀ.ਐਮ.ਵਿਵੇਕ ਮੋਦੀ ਨੇ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਨਿਯਮਿਤ ਅਧਿਐਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਹੀ ਯੋਜਨਾ ਅਤੇ ਨਿਰੰਤਰ ਉੱਦਮ ਨਾਲ ਕੋਈ ਵੀ ਮੁਸ਼ਕਲ ਟੈਸਟ ਪਾਸ ਕੀਤਾ ਜਾ ਸਕਦਾ ਹੈ।
ਸ਼੍ਰੀ ਵਿਵੇਕ ਮੋਦੀ ਨੇ ਵਿਦਿਆਰਥੀਆਂ ਨੂੰ ਕਰੰਟ ਅਫੇਅਰਸ ਦੀ ਤਿਆਰੀ ਕਿਵੇਂ ਕਰਨੀ ਹੈ, ਅਖ਼ਬਾਰਾਂ ਤੋਂ ਸੂਚਨਾ ਕਿਵੇਂ ਇਕੱਤਰ ਕਰਨੀ ਹੈ, ਪੁਰਾਣੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੇਪਰਾਂ ਤੋਂ ਕਿਵੇਂ ਤਿਆਰੀ ਕਰਨੀ ਹੈ ਅਤੇ ਪੀ.ਸੀ.ਐਸ./ਯੂ.ਪੀ.ਐਸ.ਸੀ. ਮੇਨਜ਼ ਦੀ ਲਿਖਤ ਪ੍ਰੀਖਿਆ ਦੀ ਤਿਆਰੀ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਉਮੀਦਵਾਰਾਂ ਵੱਲੋਂ ਪੁੱਛੇ ਵੱਖ-ਵੱਖ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ।
ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਅਤੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਅਫ਼ਸਰ ਨਰੇਸ਼ ਕੁਮਾਰ ਆਦਿ ਵੀ ਮੌਜੂਦ ਸਨ।
