ਸ਼ਹੀਦ ਫੂਲਪਤੀ ਦੇਸ਼ ਦੀ ਹਿਫਾਜ਼ਤ ਦਾ ਯੋਧਾ, ਸ਼੍ਰੀਨਗਰ ਚ ਅੱਤਵਾਦੀਆਂ ਦੇ ਨੱਕ ਵਿਚ ਦਮ ਕਰਨ ਵਾਲਾ ਨੌਜਵਾਨ

ਜਲੰਧਰ (ਸੁਲਿੰਦਰ ਕੰਢੀ):- ਸ਼ਹੀਦ ਫੂਲਪੱਤੀ ਪੁੱਤਰ ਨਜਰ ਮਾਸ ਪਿੰਡ ਡੋਵਾਲ ਜਿਲਾ ਗੁਰਦਾਸਪੁਰ ਦਾ ਜਨਮ 1 ਜਨਵਰੀ 1966 ਨੂੰ ਹੋਇਆ। ਫੂਲਪੱਤੀ 4 ਭੈਣਾਂ ਤੇ 3 ਭਰਾ ਸਨ। ਫੂਲਪਤੀ ਨੇ ਆਪਣੀ ਮੁੱਢਲੀ ਪੜ੍ਹਾਈ ਪੁਰਾਣਾ ਭੱਲਾ ਸੀਨੀਅਰ ਸੈਕੈਂਡਰੀ ਸਕੂਲ ਵਿੱਚੋਂ ਕੀਤੀ। ਇਕ ਦਿਨ ਫੂਲਪੱਤੀ ਦੇ ਦੋਸਤਾਂ ਨੇ ਦੱਸਿਆ ਕਿ ਸੀ ਸੀ.ਆਰ.ਪੀ.ਐਫ. ਵਿੱਚ ਭਰਤੀ ਹੋਣੀ ਹੈ। ਫੂਲਪੱਤੀ ਵੀ ਆਪਣੇ ਪਿਤਾ ਦੀ ਆਗਿਆ ਲੈ ਕੇ ਭਰਤੀ ਦੇਖਣ ਚਲੇ ਗਏ। ਭਰਤੀ ਗਰਾਉਂਡ ਪਹੁੰਚ ਕੇ ਫੂਲਪੱਤੀ ਨੇ ਆਪਣੇ ਦੋਸਤਾਂ ਸਮੇਤ ਟਰਾਇਲ ਦੇਣੇ ਸ਼ੁਰੂ ਕਰ ਦਿੱਤੇ ਤਾਂ ਫੂਲਪੱਤੀ ਸੀ.ਆਰ.ਪੀ.ਐਫ. ਦੇ ਸਾਰੇ ਟਰਾਇਲ ਪਾਸ ਕਰਕੇ ਅੰਮ੍ਰਿਤਸਰ ਭਰਤੀ ਹੋ ਗਏ। ਵਾਪਸ ਘਰ ਪਰਤਣ ਤੇ ਫੂਲਪੱਤੀ ਦਾ ਪਰਿਵਾਰ ਬਹੁਤ ਖੁਸ਼ ਹੋਇਆ। ਚਾਰ ਭੈਣਾਂ ਅਤੇ ਤਿੰਨ ਭਰਾਵਾਂ ਨੇ ਫੂਲਪੱਤੀ ਨੂੰ ਬੜੇ ਖੁਸ਼ ਅੰਦਾਜ ਵਿੱਚ ਵਧਾਈਆਂ ਦਿੱਤੀਆਂ।

ਕੁਝ ਦਿਨ ਬਾਅਦ ਫੂਲਪੱਤੀ ਟਰੇਨਿੰਗ ਸੈਂਟਰ ਅਬਾੜੀ ਵਿਖੇ ਚਲੇ ਗਏ। ਉੱਥੇ ਪਹੁੰਚਣ ਤੇ ਸੀ.ਆਰ.ਪੀ.ਐਫ.  ਦੇ ਸਬ ਇੰਸਪੈਕਟਰ ਰਾਜਕੁਮਾਰ ਮਿਲੇ। ਇੰਸਪੈਕਟਰ ਰਾਜਕੁਮਾਰ ਨੇ ਪਹੁੰਚੇ ਹੋਏ ਜਵਾਨਾਂ ਨੂੰ ਰਹਿਣ ਵਾਲੀ ਜਗ੍ਹਾ ਵੀ ਦਿੱਤੀ ਅਤੇ ਕੁਝ ਦੇਰ ਸੀ.ਆਰ.ਪੀ. ਐਫ.  ਦੀ ਚਰਚਾ ਵੀ ਕਰਦੇ ਰਹੇ। ਦੂਸਰੇ ਦਿਨ ਰਾਜ ਕੁਮਾਰ ਇਹਨਾਂ ਸਾਰਿਆਂ ਜਵਾਨਾਂ ਨੂੰ ਗਰੁੱਪ ਸੈਂਟਰ ਦੇ ਦਫਤਰ ਲੈ ਕੇ ਚਲੇ ਗਏ। ਜਿੱਥੇ ਇਹਨਾਂ ਨੂੰ ਕੁਝ ਸੀ.ਆਰ.ਪੀ.ਐਫ. ਦਾ ਸਮਾਨ ਦਿੱਤਾ ਗਿਆ ਅਤੇ ਬਟਾਲੀਅਨ ਦਾ ਨੰਬਰ ਵੀ ਦਿੱਤਾ ਗਿਆ। ਰਾਜ ਕੁਮਾਰ ਅਬਾੜੀ ਗਰੁੱਪ ਸੈਂਟਰ ਦੇ ਸੀਨੀਅਰ ਉਸਤਾਦਾਂ ਵਿੱਚ ਆਉਂਦੇ ਸੀ ਜੋ ਨਵੇਂ ਆਏ ਸਿਪਾਹੀਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੀ.ਆਰ.ਪੀ.ਐਫ.  ਦੇ ਹੁਕਮਾਂ ਬਾਰੇ ਦੱਸਦੇ ਸਨ।

ਤਿੰਨ ਚਾਰ ਦਿਨਾਂ ਬਾਅਦ ਇਹਨਾਂ ਨੌਜਵਾਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਫੂਲਪੱਤੀ ਬਹੁਤ ਹੀ ਫੁਰਤੀਲਾ ਨੌਜਵਾਨ ਸੀ। ਉਸਤਾਦ ਹਮੇਸ਼ਾ ਇਸ ਨੂੰ ਪਹਿਲੇ ਨੰਬਰ ਤੇ ਹੀ ਰੱਖਦੇ ਸੀ। ਪਰੇਡ ਤੋਂ ਬਾਅਦ ਫੂਲਪੱਤੀ ਦਫਤਰ ਦਾ ਕੰਮ ਵੀ ਕਰਦੇ ਸਨ। ਫੂਲਪੱਤੀ ਨੂੰ ਘੋੜਾ ਟੱਪਣਾ, ਰੱਸੇ ਤੇ ਚੜਨਾ ਅਤੇ ਰਸਤੇ ਤੇ ਚੱਲਣ ਦਾ ਬਹੁਤ ਹੀ ਸ਼ੌਂਕ ਸੀ। ਕਈ ਵਾਰ ਰੱਸੇ ਤੇ ਚੜਦਾ ਚੜਦਾ ਫਿਸਲ ਵੀ ਜਾਂਦਾ ਪਰ ਉਸਤਾਦ ਉਸਨੂੰ ਸੰਭਾਲ ਲੈਂਦੇ। ਫੂਲਪੱਤੀ ਦੌੜਾਂ ਅਤੇ ਖੇਡਾਂ ਨੂੰ ਜਿਆਦਾ ਹੀ ਪਸੰਦ ਕਰਦਾ ਸੀ। ਟਰੇਨਿੰਗ ਦੀ ਫਾਈਨਲ ਰਿਹਾਸਲ ਵਿੱਚ ਵੀ ਇੱਕ ਨੰਬਰ ਦਾ ਗਾਈਡ ਲਗਾਇਆ ਗਿਆ। ਫਾਈਨਲ ਰਿਹਾਸਲ ਤੋਂ ਬਾਅਦ 88 ਬਟਾਲੀਅਨ ਨੂੰ ਨੇੜਲੇ ਜੰਗਲਾਂ ਵਿੱਚ ਲੈ ਗਏ, ਜਿੱਥੇ ਰਾਜਕੁਮਾਰ ਅਤੇ ਸੀਨੀਅਰ ਉਸਤਾਦਾਂ ਨੇ 88 ਬਟਾਲੀਅਨ ਦੇ ਜਵਾਨ ਅਤੇ ਮਹਿਲਾਵਾਂ ਨੂੰ ਜੰਗਲ ਦੇ ਬਾਰੇ ਦੱਸਿਆ। ਮਹਿਲਾਵਾਂ ਦਾ ਇੱਕ ਵੱਖਰਾ ਕੈਂਪ ਸੀ ਅਤੇ ਨੌਜਵਾਨਾਂ ਦਾ ਇੱਕ ਵੱਖਰਾ ਕੈਂਪ ਸੀ।

ਸੀਨੀਅਰ ਅਧਿਕਾਰੀ ਮਹਿਲਾਵਾਂ ਨੂੰ ਵੀ ਦੁਸ਼ਮਣਾਂ ਨਾਲ ਲੜਨ ਦੀ ਪੂਰੀ ਤਿਆਰੀ ਕਰਵਾ ਰਹੇ ਸਨ। ਕੁਝ ਮਨੀਪੁਰ ਦੀਆਂ ਮਹਿਲਾਵਾਂ ਜੰਗਲਾਂ ਦੀ ਕਾਫੀ ਜਾਣਕਾਰੀ ਰੱਖਦੀਆਂ ਸਨ। ਉਹ ਆਪਣੇ ਟ੍ਰੇਨਿੰਗ ਦੇ ਨਾਲ ਨਾਲ ਜੰਗਲ ਦੇ ਜਾਨਵਰਾਂ ਦੇ ਨਾਲ ਖੂਬੀਆਂ ਜਾਣਕਾਰੀਆਂ ਵੀ ਰੱਖਦੀਆਂ ਸਨ। ਜੰਗਲ ਵਿੱਚ ਉਸਤਾਦ ਹਰ ਜਵਾਨ ਨੂੰ ਜੰਗਲ ਵਿੱਚੋਂ ਕੁਝ ਵੀ ਪੱਤੇ ਖਾਣ ਤੋਂ ਮਨਾ ਕਰਦੇ ਸਨ। ਜੰਗਲ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਆਖਿਰ ਦੇ ਦਿਨ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਜਿਸ ਵਿੱਚ ਫੂਲਪੱਤੀ ਨੇ ਹਿੱਸਾ ਵੀ ਲਿਆ। ਦੂਸਰੇ ਦਿਨ ਹੀ ਸਾਰੀ ਬਟਾਲੀਅਨ ਆਪਣੇ ਹੈਡ ਕੁਆਰਟਰ ਵਿਖੇ ਵਾਪਸ ਆ ਗਏ।

ਆਪਣੀ ਕਸਮ ਪਰੇਡ ਦੀ ਤਿਆਰੀ ਸ਼ੁਰੂ ਕਰ ਦਿੱਤੀ ਕਸਮ ਪਰੇਡ ਤੇ ਸੀ.ਆਰ.ਪੀ.ਐਫ ਹੈਡ ਕੁਆਰਟਰ ਨਵੀਂ ਦਿੱਲੀ ਦੀਆਂ ਸੀਨੀਅਰ ਅਫਸਰ ਮਹਿਲਾਵਾਂ ਅਤੇ ਸੀ.ਆਰ.ਪੀ.ਐਫ. ਦੇ ਡੀਆਈਜੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਪਹੁੰਚੇ। ਕਸਮ ਪਰੇਡ ਤੇ ਫੂਲਪੱਤੀ ਅਤੇ ਹੋਰ ਜਵਾਨਾਂ ਨੂੰ ਅਵਾਰਡ ਵੀ ਦਿੱਤੇ ਗਏ ਅਤੇ ਮਹਿਲਾ ਜਵਾਨਾਂ ਨੂੰ ਵੀ ਟਰੋਫੀਆਂ ਵੀ ਦਿੱਤੀਆਂ ਗਈਆਂ।

ਟ੍ਰੇਨਿੰਗ ਤੋਂ ਬਾਅਦ ਇਹਨਾਂ ਨੌਜਵਾਨਾਂ ਨੂੰ 15-15 ਦਿਨ ਦੀ ਛੁੱਟੀ ਦਿੱਤੀ ਗਈ। ਫੂਲਪੱਤੀ ਘਰ ਪਹੁੰਚਣ ਤੇ ਇਹਨਾਂ ਦੇ ਪਿਤਾ ਅਤੇ ਮਹੱਲੇ ਵਾਲਿਆਂ ਨੇ ਇਹਨਾਂ ਦੇ ਪਹੁੰਚਣ ਦਾ ਬਹੁਤ ਵਧੀਆ ਸਵਾਗਤ ਕੀਤਾ। ਫੂਲਪੱਤੀ ਦੇ ਪਿੰਡ ਦੇ ਨੌਜਵਾਨ ਟ੍ਰੇਨਿੰਗ ਬਾਰੇ ਚਰਚਾ ਕਰਦੇ ਅਤੇ ਸੀ.ਆਰ.ਪੀ.ਐਫ.  ਦੀ ਜਾਣਕਾਰੀ ਵੀ ਹਾਸਿਲ ਕਰਦੇ। ਘਰ ਪਹੁੰਚਣ ਤੇ ਪਿਤਾ ਨੇ ਵਿਆਹ ਦੀ ਚਰਚਾ ਸ਼ੁਰੂ ਕਰ ਦਿੱਤੀ। ਫੂਲਪੱਤੀ ਛੁੱਟੀ ਕੱਟ ਕੇ ਵਾਪਸ ਆਪਣੀ 88 ਬਟਾਲੀਅਨ ਨਵੀਂ ਦਿੱਲੀ ਚਲੇ ਗਏ।

ਕੁਝ ਦਿਨ ਡਿਊਟੀ ਕਰਨ ਤੋਂ ਬਾਅਦ ਫੂਲਪੱਤੀ ਦੀ ਪੋਸਟਿੰਗ ਸ੍ਰੀਨਗਰ ਹੋ ਗਈ। ਫੂਲਪੱਤੀ ਦੇ ਪਿਤਾ ਨੇ ਉਹਨਾਂ ਦਾ ਵਿਆਹ ਰੱਖ ਦਿੱਤਾ। ਕੁਝ ਦਿਨ ਡਿਊਟੀ ਕਰਨ ਤੋਂ ਬਾਅਦ ਫੂਲਪੱਤੀ ਵਿਆਹ ਕਰਵਾਉਣ ਵਾਪਸ ਆਪਣੇ ਪਿੰਡ ਆਏ । 1993 ਵਿੱਚ ਪਰਿਵਾਰ ਵੱਲੋਂ ਫੂਲਪੱਤੀ ਦਾ ਵਿਆਹ ਆਸ਼ਾ ਕੁਮਾਰੀ ਪਿੰਡ ਕਠਾਣਾ ਨਾਲ ਕਰ ਦਿੱਤਾ ਗਿਆ। ਆਸ਼ਾ ਕੁਮਾਰੀ ਫੌਜੀ ਸੀ.ਆਰ.ਪੀ.ਐਫ. ਜਵਾਨ ਨਾਲ ਵਿਆਹ ਕਰਵਾ ਕੇ ਬਹੁਤ ਖੁਸ਼ ਹੋ ਰਹੀ ਸੀ।ਆਸ਼ਾ ਕੁਮਾਰੀ ਕਿਰਤ ਕਰਨ ਵਾਲੇ ਇੱਕ ਸਾਧਾਰਨ ਪਰਿਵਾਰ ਦੀ ਕੁੜੀ ਸੀ। ਉਹ ਦਿਨ ਰਾਤ ਪਰਿਵਾਰ ਦੀ ਸੇਵਾ ਕਰਨ ਵਿੱਚ ਲੱਗੀ ਰਹਿੰਦੀ। ਫੂਲਪੱਤੀ ਵਾਪਸ ਆਪਣੀ ਬਟਾਲੀਅਨ ਸ਼੍ਰੀਨਗਰ ਪਹੁੰਚ ਗਏ।

ਇਸੇ ਤਰ੍ਹਾਂ ਡਿਊਟੀ ਤੋਂ ਘਰ ਅਤੇ ਘਰ ਤੋਂ ਡਿਊਟੀ ਆਉਂਦੇ ਜਾਂਦੇ ਰਹਿੰਦੇ। ਆਸ਼ਾ ਕੁਮਾਰੀ ਨੇ ਫੂਲਪੱਤੀ ਦੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਫੂਲਪੱਤੀ ਜਦੋਂ ਵੀ ਛੁੱਟੀ ਆਉਂਦੇ ਤਾਂ ਸ਼੍ਰੀਨਗਰ ਤੋਂ ਆਪਣੇ ਬੱਚਿਆਂ ਲਈ ਕਈ ਤਰ੍ਹਾਂ ਦੇ ਗਿਫ਼ਟ ਵੀ ਲੈ ਕੇ ਆਉਂਦੇ। ਬੱਚੇ ਹਮੇਸ਼ਾ ਆਪਣੇ ਪਿਤਾ ਦਾ ਇੰਤਜ਼ਾਰ ਕਰਦੇ ਰਹਿੰਦੇ। ਇਸੇ ਤਰ੍ਹਾਂ ਹੀ ਫੂਲਪੱਤੀ ਆਪਣੇ ਬੱਚਿਆਂ ਨਾਲ ਹੱਸਦੇ ਖੇਡਦੇ ਵਾਪਸ ਆਪਣੀ ਡਿਊਟੀ ਤੇ ਚਲੇ ਜਾਂਦੇ।

ਸ੍ਰੀਨਗਰ ਅੱਤਵਾਦ ਦਾ ਉਸ ਸਮੇਂ ਬਹੁਤ ਹੀ ਜ਼ੋਰ ਸੀ। ਹਰ ਰੋਜ਼ ਕਿਤੇ ਨਾ ਕਿਤੇ ਅੱਤਵਾਦੀਆਂ ਦੀ ਸੀ.ਆਰ.ਪੀ.ਐਫ.  ਨਾਲ ਮੁੱਠਭੇੜ ਹੁੰਦੀ ਹੀ ਰਹਿੰਦੀ। ਸੀ.ਆਰ.ਪੀ.ਐਫ. ਨੇ ਸ਼੍ਰੀਨਗਰ ਵਿੱਚ ਸਿਵਲ ਲੋਕਾਂ ਦੀ ਬਹੁਤ ਵਧੀਆ ਤਰੀਕੇ ਨਾਲ ਹਿਫਾਜ਼ਤ ਕਰ ਰਹੇ ਸਨ। ਕੁਝ ਅੱਤਵਾਦੀਆਂ ਫੋਰਸਾਂ ਤੋਂ ਡਰਦੇ ਵਾਪਸ ਜੰਗਲਾਂ ਵਿੱਚ ਚਲੇ ਜਾਂਦੇ। ਸ੍ਰੀਨਗਰ ਵਿੱਚ ਫੋਰਸਾਂ ਬਹੁਤ ਹੀ ਹੁਸ਼ਿਆਰੀ ਨਾਲ ਡਿਊਟੀ ਕਰਦੀਆਂ ਸਨ। ਇੱਕ ਦਿਨ ਜੰਗਲਾਂ ਤੋਂ ਕੁਝ ਅੱਤਵਾਦੀ ਸ੍ਰੀਨਗਰ ਸਿਟੀ ਵਿੱਚ ਇੱਕ ਵੱਡਾ ਗਰੁੱਪ ਆ ਗਿਆ। ਸੀ.ਆਰ.ਪੀ.ਐਫ.  ਨੇ ਉਹਨਾਂ ਨੂੰ ਲਾਲ ਚੌਂਕ ਵਿੱਚ ਘੇਰ ਲਿਆ। ਸੀ.ਆਰ.ਪੀ.ਐਫ. ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਅਚਾਨਕ ਇੱਕ ਗੋਲੀ ਸੀ.ਆਰ.ਪੀ.ਐਫ. ਦੇ ਜਵਾਨ ਫੂਲਪਤੀ ਦੇ ਲੱਗੀ। ਫੂਲਪੱਤੀ ਨੇ ਗੋਲੀ ਲੱਗਣ ਦੀ ਪਰਵਾਹ ਨਾ ਕੀਤੀ ਅਤੇ ਦੁਸ਼ਮਣਾਂ ਵੱਲ ਅੱਗੇ ਵਧਦੇ ਰਹੇ ਅਤੇ ਨੇੜਲੇ ਅੱਤਵਾਦੀਆਂ ਨੂੰ  ਨੇ ਮਾਰ ਮੁਕਾਇਆ।

ਕੁਝ ਛੁਪੇ ਹੋਏ ਅੱਤਵਾਦੀਆਂ ਨੇ ਫੂਲਪੱਤੀ ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ। ਫੂਲਪੱਤੀ ਗਰਨੇਟਾਂ ਦੀ ਗੋਲੇਬਾਰੀ ਕਰਕੇ ਧਰਤੀ ਤੇ ਡਿੱਗ ਗਿਆ। ਦੇਸ਼ ਨੂੰ ਅਲਵਿਦਾ ਕਰਦੇ ਹੋਏ ਲਾਲ ਚੌਂਕ ਸ੍ਰੀਨਗਰ ਵਿੱਚ 26 ਮਾਰਚ 2001 ਨੂੰ ਸ਼ਹੀਦੀ ਦੇ ਗਏ। ਸੀ.ਆਰ.ਪੀ.ਐਫ.  ਦੇ ਜਵਾਨਾਂ ਨੇ ਬਚੇ ਹੋਏ ਅੱਤਵਾਦੀਆਂ ਨੂੰ ਘੇਰ ਲਿਆ ਅਤੇ ਲਾਲ ਚੌਂਕ ਸ੍ਰੀਨਗਰ ਵਿੱਚ ਹੀ ਮਾਰ ਮੁਕਾਇਆ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਫੂਲਪੱਤੀ ਅਮਰ ਰਹੇ ਦੇ ਨਾਅਰੇ ਵੀ ਲਗਾਏ। ਸੀਨੀਅਰ ਅਧਿਕਾਰੀਆਂ ਨੇ ਫੂਲਪੱਤੀ ਨੂੰ ਅਤੇ ਬਾਕੀ ਦੇ ਸਾਥੀਆਂ ਨੂੰ ਬਟਾਲੀਅਨ ਹੈਡ ਕੁਆਰਟਰ ਲੈ ਆਏ। ਫੂਲਪੱਤੀ ਦੇ ਨਾਲ ਦੇ ਦੋਸਤਾਂ ਨੇ ਸ਼ਹੀਦੀ ਤੇ ਕਾਫੀ ਅਫਸੋਸ ਜ਼ਾਹਿਰ ਕੀਤਾ।

ਸੀਨੀਅਰ ਅਧਿਕਾਰੀਆਂ ਨੇ ਫੂਲਪੱਤੀ ਦੀ ਸ਼ਹੀਦੀ ਦੀ ਖਬਰ ਗਰੁੱਪ ਸੈਂਟਰ ਜਲੰਧਰ ਨੂੰ ਦਿੱਤੀ। ਜਲੰਧਰ ਗਰੁੱਪ ਸੈਂਟਰ ਦੇ ਡੀਆਈਜੀ ਨੇ ਇਹ ਖਬਰ ਉਹਨਾਂ ਦੇ ਘਰ ਪਹੁੰਚਾਈ। ਸੀ.ਆਰ.ਪੀ.ਐਫ.  ਦੀ ਟੁਕੜੀ ਜਦੋਂ ਫੂਲਪਤੀ ਦੇ ਘਰ ਪਹੁੰਚੀ ਤਾਂ ਉਹਨਾਂ ਦਾ ਪਰਿਵਾਰ ਹੈਰਾਨ ਹੋ ਗਿਆ। ਸ਼ਹੀਦੀ ਦੀ ਖਬਰ ਉਹਨਾਂ ਦੇ ਪਿਤਾ ਨੂੰ ਦੱਸੀ ਅਤੇ ਪਿਤਾ ਇਹ ਖਬਰ ਸੁਣ ਕੇ ਆਪਣੇ ਬੱਚਿਆਂ ਦੇ ਗਲ ਲੱਗ ਕੇ ਰੋਣ ਲੱਗਾ।

ਆਸ਼ਾ ਕੁਮਾਰੀ ਇਹ ਸਭ ਕੁਝ ਦੇਖ ਕੇ ਘਬਰਾ ਗਈ ਅਤੇ ਆਪਣੇ ਪਿਤਾ ਨੂੰ ਪੁੱਛਿਆ ਤਾਂ ਪਿਤਾ ਨੇ ਰੋਂਦੇ ਕੁਰਲਾਉਂਦੇ ਸ਼ਹੀਦੀ ਦੀ ਖਬਰ ਦੱਸੀ ਤਾਂ ਆਸ਼ਾ ਕੁਮਾਰੀ ਇਹ ਸੁਣਦੇ ਹੀ ਰੋਂਦੀ ਕੁਰਲਾਉਂਦੀ ਹੋਈ ਬੱਚਿਆਂ ਨੂੰ ਗਲਵੱਕੜੀ ਵਿੱਚ ਲੈ ਕੇ ਬੈਠ ਗਈ। ਸੀ.ਆਰ.ਪੀ.ਐਫ. ਦੇ ਆਏ ਹੋਏ ਅਧਿਕਾਰੀਆਂ ਨੇ ਸਾਰੇ ਪਰਿਵਾਰ ਨੂੰ ਦਿਲਾਸਾ ਦਿੱਤਾ। ਦੂਸਰੇ ਦਿਨ ਕੁਝ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਫੂਲਪੱਤੀ ਦਾ ਮ੍ਰਿਤਕ ਸਰੀਰ ਲੈ ਕੇ ਉਹਨਾਂ ਦੇ ਪਿੰਡ ਡੋਵਾਲ ਪਹੁੰਚ ਗਈਆਂ।

ਇਹ ਗੱਡੀਆਂ ਦੇਖ ਕੇ ਪਿੰਡ ਵਿੱਚ ਹਾਹਾਕਾਰ ਮੱਚ ਗਈ। ਪਰਿਵਾਰ ਅਤੇ ਪਿੰਡ ਵਾਸੀ ਫੂਲਪੱਤੀ ਦੇ ਦਰਸ਼ਨ ਕਰਕੇ ਰੌਣ ਲੱਗੇ। ਆਸ਼ਾ ਕੁਮਾਰੀ ਆਪਣੇ ਬੱਚਿਆਂ ਸਮੇਤ ਪਤੀ ਦੇ ਦਰਸ਼ਨ ਕੀਤੇ ਅਤੇ ਨਾਲ ਹੀ ਬਹੁਤ ਰੋ ਰਹੀ ਸੀ। ਉਸ ਤੋਂ ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ ਸੀ। ਸੀ.ਆਰ.ਪੀ.ਐਫ.  ਦੇ ਜਵਾਨ ਅਤੇ ਪਰਿਵਾਰ ਨੇ ਫੂਲਪੱਤੀ ਦੇ ਪਰਿਵਾਰ ਨੂੰ ਸੰਭਾਲਿਆ ਅਤੇ ਹੌਸਲਾ ਦਿੱਤਾ।

ਸੀਨੀਅਰ ਅਧਿਕਾਰੀ ਇਹਨਾਂ ਗੱਡੀਆਂ ਨੂੰ ਲੈ ਕੇ ਸਿਵਿਆਂ ਨੂੰ ਚੱਲ ਪਏ। ਰਸਤੇ ਵਿੱਚ ਪਿੰਡ ਦਾ ਭਾਈਚਾਰਾ ਸ਼ਹੀਦ ਫੂਡਪੱਤੀ ਅਮਰ ਰਹੇ ਫੂਲਪੱਤੀ ਜਿੰਦਾਬਾਦ ਅਤੇ ਇੰਡੀਆ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਫੂਲਪੱਤੀ ਨੂੰ ਦੇਖ ਦੇਖ ਕੇ ਹਰ ਇੱਕ ਦੀਆਂ ਅੱਖਾਂ ਨਮ ਹੁੰਦੀਆਂ ਸਨ। ਫੂਲਪੱਤੀ ਦੀ ਸ਼ਹੀਦੀ ਅਤੇ ਦਲੇਰੀ ਦਾ ਸਾਰਾ ਸਮਾਚਾਰ ਸੀ.ਆਰ. ਪੀ.ਐਫ.  ਦੇ ਜਵਾਨਾਂ ਨੇ ਜਦੋਂ ਪਿੰਡ ਵਾਸੀਆਂ ਨੂੰ ਦੱਸਿਆ ਤਾਂ ਸਭ ਹੈਰਾਨ ਰਹਿ ਗਏ। ਸਿਵਿਆਂ ਤੇ ਪਹੁੰਚਣ ਤੇ ਆਸ਼ਾ ਕੁਮਾਰੀ ਅਤੇ ਉਸਦੇ ਬੱਚਿਆਂ ਨੂੰ ਦੁਬਾਰਾ ਫੂਲਪਤੀ ਦੇ ਦਰਸ਼ਨ ਕਰਵਾਏ। ਉਹਨਾਂ ਦੇ ਪਿਤਾ ਵੱਲੋਂ ਸਾਰੀਆਂ ਰਸਮਾਂ ਅਨੁਸਾਰ ਫੂਲਪੱਤੀ ਨੂੰ ਦਫ਼ਨਾਉਣ ਦੀ ਤਿਆਰੀ ਕਰ ਲਈ ਗਈ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਫਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਆਏ ਹੋਏ ਲੋਕਲ ਪ੍ਰਸ਼ਾਸਨ ਨੇ ਵੀ ਸਲੂਟ ਦੇ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਹੀਦ ਫੂਲਪਤੀ ਦੇ ਪਿਤਾ ਵੱਲੋਂ ਉਹਨਾਂ ਨੂੰ ਦਫਨਾਉਣ ਦੀ ਰਸਮ ਪੂਰੀ ਕੀਤੀ ਗਈ। ਜਵਾਨਾਂ ਨੇ ਆਸ਼ਾ ਕੁਮਾਰੀ ਕੋਲੋਂ ਕੁਝ ਸੀਆਰਪੀਐਫ ਦੀਆਂ ਫਾਰਮੈਲਟੀਆਂ ਪੂਰੀਆਂ ਕਰਵਾਈਆ ਅਤੇ ਦਿਲਾਸਾ ਦਿੱਤਾ।

ਮੌਕੇ ਦੇ ਗਰੁੱਪ ਸੈਂਟਰ ਦੇ ਡੀਆਈਜੀ ਨੇ ਆਸ਼ਾ ਕੁਮਾਰੀ ਨੂੰ ਗਰੁੱਪ ਸੈਂਟਰ ਜਲੰਧਰ ਬੁਲਾਇਆ ਅਤੇ ਉਹਨਾਂ ਨੂੰ ਨੌਕਰੀ ਦਾ ਪ੍ਰਮਾਣ ਵੀ ਦਿੱਤਾ ਅਤੇ ਮੈਡਲ ਵੀ ਦਿੱਤਾ। ਆਸ਼ਾ ਕੁਮਾਰੀ ਆਪਣੇ ਪਤੀ ਸ਼ਹੀਦ ਫੂਲਪਤੀ ਨੂੰ ਯਾਦ ਕਰ ਕਰਕੇ ਵਾਰ ਵਾਰ ਰੋ ਰਹੀ ਸੀ। ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆ ਨੇ ਆਸ਼ਾ ਕੁਮਾਰੀ ਨੂੰ ਸਮਝਾਇਆ ਅਤੇ ਬਾਕੀ ਦੇ ਕਾਗਜ ਪੱਤਰ ਵੀ ਦੇ ਦਿੱਤੇ।

2014 ਵਿੱਚ ਗਰੁੱਪ ਸੈਂਟਰ ਦੇ ਡੀਆਈ ਜੀ ਸੁਨੀਲ ਥੌਰਪੇ ਨੇ ਆਸ਼ਾ ਕੁਮਾਰੀ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਮਿਲਾਇਆ ਅਤੇ ਹੋਰ ਅਹੁਦੇਦਾਰਾਂ ਨੇ ਆਸ਼ਾ ਕੁਮਾਰੀ ਦਾ ਸਨਮਾਨ ਵੀ ਕੀਤਾ ਅਤੇ ਭਰੋਸਾ ਦਿੱਤਾ ਕਿ ਬਾਕੀ ਸ਼ਹੀਦਾਂ ਦੀ ਤਰ੍ਹਾਂ ਤੁਹਾਨੂੰ ਵੀ ਹਰ ਸਾਲ ਸਨਮਾਨਿਤ ਕੀਤਾ ਜਾਵੇਗਾ। ਸਰਕਾਰ ਵੱਲੋਂ ਆ ਰਹੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਹੁਣ ਆਸ਼ਾ ਕੁਮਾਰੀ ਸੀ.ਆਰ.ਪੀ. ਐਫ. ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਹਰ ਮਹੀਨਾਵਾਰ ਮੀਟਿੰਗ ਵਿੱਚ ਹਾਜ਼ਰ ਹੁੰਦੇ ਹਨ ਅਤੇ ਨਵੀਆਂ ਆਈਆਂ ਸਹੂਲਤਾਂ ਬਾਰੇ ਜਾਣਕਾਰੀ ਵੀ ਹਾਸਲ ਕਰਦੇ ਹਨ। ਸੀ.ਆਰ.ਪੀ.ਐਫ. ਐਸੋਸੀਏਸ਼ਨ ਪੰਜਾਬ ਇਹਨਾਂ ਸ਼ਹੀਦਾਂ ਦਾ ਸਤਿਕਾਰ ਕਰਦੀ ਹੈ ਅਤੇ ਬਚਨ ਦਿੰਦੀ ਹੈ ਕਿ ਹਰ ਸਾਲ ਅਸੀਂ ਇਹਨਾਂ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਰਹਾਂਗੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top