CRPF ਪੰਜਾਬ ਦੇ ਪਹਿਲੇ ਸ਼ਹੀਦ, ਸ਼ਹੀਦ ਸਰਵਣ ਦਾਸ ਦਾ ਦੇਸ਼ ਦੇ ਲਈ ਵੱਡਾ ਯੋਗਦਾਨ, ਚੀਨੀਆਂ ਨਾਲ ਮੁਕਾਬਲਾ।

ਜਲੰਧਰ (ਸੁਲਿੰਦਰ ਕੰਢੀ) – ਸ਼ਹੀਦ ਸਰਵਣ ਦਾਸ ਪੰਜਾਬ ਦੇ ਪਹਿਲੇ ਸੀ.ਆਰ.ਪੀ.ਐਫ. ਦੇ ਸ਼ਹੀਦ ਸਨ। ਸ਼ਹੀਦ ਸਰਵਣ ਦਾਸ ਦਾ ਜਨਮ 29/06/1933 ਨੂੰ ਪਿੰਡ ਕਿੱਤਣਾ ਤਹਿਸੀਲ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਵਿਖੇ ਪਿਤਾ ਸ਼੍ਰੀ ਰਾਮ ਆਸਰੇ ਦੇ ਘਰ ਹੋਇਆ। ਸਰਵਣ ਦਾਸ ਦਾ ਪਰਿਵਾਰ ਇਕ ਸਾਧਾਰਣ ਪਰਿਵਾਰ ਸੀ। ਕਿੱਤਣਾ ਪਿੰਡ ਦੇ ਆਰਮੀ ਦੇ ਜਵਾਨ ਜਦੋਂ ਛੁੱਟੀ ਕੱਟਣ ਪਿੰਡ ਆਉਦੇ ਤਾਂ ਸਰਵਣ ਦਾਸ ਉਹਨਾਂ ਫੌਜੀ ਜਵਾਨਾਂ ਕੋਲੋਂ ਫੌਜ ਦੀ ਜਾਣਕਾਰੀ ਹਾਸਿਲ ਕਰਦੇ। ਸਰਵਣ ਦਾਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਕਿੱਤਣਾ ਤੋਂ ਹੀ ਕੀਤੀ। ਇਸ ਪਿੰਡ ਵਿੱਚ ਅਧਿਆਪਕਾਂ ਦੀ ਘਾਟ ਕਰਕੇ ਕਈ ਬੱਚੇ ਬਾਹਰਲੇ ਸਕੂਲਾਂ ਵਿੱਚ ਵੀ ਪੜੵਨ ਜਾਂਦੇ। ਸ਼ਹੀਦ ਸਰਵਣ ਦਾਸ ਦਾ ਸੁਪਨਾ ਸੀ ਕਿ ਮੈਂ ਆਪਣੇ ਪਿੰਡ ਦੇ ਸਕੂਲ ਨੂੰ ਇੱਕ ਦਿਨ ਹੋਰ ਵੱਡਾ ਬਣਾਵਾਂਗਾ। ਸਰਵਣ ਦਾਸ ਆਪਣੇ ਪਿੰਡ ਦੇ ਪੜੇ ਲਿਖੇ ਨੌਜਵਾਨਾਂ ਕੋਲ ਹਮੇਸ਼ਾ ਆਪਣੇ ਸਕੂਲ ਬਾਰੇ ਚਰਚਾ ਕਰਦੇ ਹੀ ਰਹਿੰਦੇ।

ਸ਼ਸ਼ਹੀਦ ਸਰਵਣ ਦਾਸ ਦੇ ਮਾਤਾ ਪਿਤਾ

ਇਕ ਦਿਨ ਸੀ.ਆਰ.ਪੀ.ਐਫ. ਦੀ ਖਬਰ ਰੇਡੀਓ ਤੇ ਆਈ ਕਿ ਸੀ.ਆਰ.ਪੀ.ਐਫ. ਵਿੱਚ ਭਰਤੀ ਹੋਣੀ ਹੈ। ਸਰਵਣ ਦਾਸ ਆਪਣੇ ਇਲਾਕੇ ਦੇ ਕੁਝ ਜਵਾਨਾਂ ਨਾਲ ਭਰਤੀ ਦੇਖਣ ਚੱਲੇ ਗਏ ਅਤੇ ਇਹ 3-4 ਦੋਸਤ 1955 ਨੂੰ  ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਏ। ਜਦੋਂ ਇਹ ਖਬਰ ਉਹਨਾਂ ਆਪਣੇ ਘਰ ਦੱਸੀ ਤਾਂ ਘਰਦੇ ਹੈਰਾਨ ਰਹਿ ਗਏ ਅਤੇ ਖੁਸ਼ੀ ਵੀ ਹੋਏ ਕਿ ਉਨ੍ਹਾਂ ਦਾ ਬੇਟਾ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਿਆ ਹੈ। ਕੁਝ ਹੀ ਦਿਨਾਂ ਵਿੱਚ ਉਹ ਟਰੇਨਿੰਗ ਸੈਟਰ ਨੀਮਚ ਵਿੱਚ ਟਰੇਨਿੰਗ ਕਰਨ ਚੱਲੇ ਗਏ।

ਸਰਵਣ ਦਾਸ ਪੜੇੇ ਲਿਖੇ ਹੋਣ ਕਰਕੇ ਇਹਨਾਂ ਨੂੰ ਦਫਤਰ ਦੇ ਕੰਮਾਂ ਵਿੱਚ ਵੀ ਲਗਾ ਦਿੰਦੇ ਸਨ। ਸਰਵਣ ਦਾਸ ਅਤੇ ਬਹੁਤ ਹੀ ਨੇਕ ਦਿਲ ਇਨਸਾਨ ਸੀ। ਇਹਨਾਂ ਨੇ ਬਹੁਤ ਦਿਲ ਲਗਾ ਕੇ ਟਰੇਨਿੰਗ ਕੀਤੀ ਅਤੇ ਉਸਤਾਦਾਂ ਕੋਲ ਟਰੇਨਿੰਗ ਦੀ ਵੱਧ ਤੋਂ ਵੱਧ ਜਾਣਕਾਰੀ ਹਾਸਿਲ ਕਰਦੇ ਰਹਿੰਦੇ। ਇਹ ਟਰੇਨਿੰਗ ਵਿੱਚ ਸਾਰੇ ਸੰਟਟ ਬਹੁਤ ਆਸਾਨੀ ਨਾਲ ਕਰ ਲੈਂਦੇ ਸਨ ਅਤੇ ਆਪਣੇ ਨਾਲ ਦੇ ਜਵਾਨਾਂ ਦੀ ਵੀ ਮੱਦਦ ਕਰ ਦਿੰਦੇ ਸਨ। ਟਰੇਨਿੰਗ ਪੂਰੀ ਹੋਣ ਤੇ ਇਹਨਾਂ ਦੀ ਬਟਾਲੀਅਨ ਜੰਗਲ ਕੈਪ ਲਈ ਚੱਲੀ ਗਈ। ਸੀਨੀਅਰ ਅਧਿਕਾਰੀਆਂ ਨੇ ਜੰਗਲ ਦੀ ਸਾਰੀ ਜਾਣਕਾਰੀ ਪੂਰੀ ਬਟਾਲੀਅਨ ਨੂੰ ਦਿੱਤੀ ਅਤੇ ਸਵੇਰੇ ਸੰਘਣੇ ਜੰਗਲਾਂ ਵਿੱਚ ਟਰੇਨਿੰਗ ਸ਼ੁਰੂ ਹੋ ਗਈ। ਜੰਗਲ ਦੇ ਵਿਚ ਪਾਣੀ ਦੀ ਘਾਟ ਹੋਣ ਕਰਕੇ ਜਵਾਨਾਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਸੀ। ਪਰ ਪਾਣੀ ਦੀ ਘਾਟ ਹੋਣ ਕਰਕੇ ਵੀ ਜਵਾਨ ਇਹਨਾਂ ਸੰਘਣੇ ਜੰਗਲਾਂ ਵਿੱਚ ਬਹੁਤ ਹੀ ਦਲੇਰੀ ਨਾਲ ਟਰੇਨਿੰਗ ਕਰਦੇ ਰਹੇ।

ਵੱਡੇ ਜੰਗਲ ਹੋਣ ਕਰਕੇ ਕਦੇ ਕਦਾਈ ਕੁਝ ਜਵਾਨ ਗੁੰਮ ਵੀ ਹੋ ਜਾਂਦੇ ਤੇ ਫਿਰ ਜਵਾਨ ਦੱਸੇ ਹੋਏ ਅਧਿਕਾਰੀਆਂ ਦੇ ਤਰੀਕਿਆਂ ਨਾਲ ਆਪਣੇ-ਆਪਣੇ ਕੈਂਪ ਵਿੱਚ ਪਹੁੰਚ ਜਾਂਦੇ। ਜੰਗਲ ਦੀ ਟ੍ਰੇਨਿੰਗ ਪੂਰੀ ਹੋਣ ਤੇ ਸਾਰੀ ਬਟਾਲੀਅਨ ਆਪਣੇ ਹੈਡ ਕੁਆਰਟਰ ਨੀਮਚ ਵਿੱਚ ਪਹੁੰਚ ਜਾਂਦੀ। ਕੁਝ ਦਿਨਾਂ ਬਾਅਦ ਸਾਰੇ ਜਵਾਨਾਂ ਦੀ ਕਸਮ ਪਰੇਡ ਹੋਈ। ਕਸਮ ਪਰੇਡ ਤੋਂ ਬਾਅਦ ਸਾਰਿਆਂ ਜਵਾਨਾਂ ਨੂੰ 15-15 ਦਿਨਾਂ ਦੀ ਛੁੱਟੀ ਦਿੱਤੀ ਗਈ।

ਜਨਮ ਭੂਮੀ ਤੇ ਬਣੀ ਸਮਾਰਕ(ਸਮਾਧ)

ਸਰਵਣ ਦਾਸ ਜਦੋਂ ਛੁੱਟੀ ਕੱਟਣ ਆਪਣੇ ਪਿੰਡ ਆਉਂਦੇ ਤਾਂ ਸਾਰਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਨਾਲ ਮਿਲਦੇ ਅਤੇ ਸਾਰੇ ਪਰਿਵਾਰ, ਦੋਸਤਾ ਮਿਤਰਾਂ ਨਾਲ ਟਰੇਨਿੰਗ ਬਾਰੇ ਚਰਚਾ ਵੀ ਕਰਦੇ। ਸਰਵਣ ਦਾਸ ਆਪਣੇ ਪਿੰਡ ਦੇ ਬੱਚਿਆਂ ਨੂੰ ਪੜੵਾਈ ਨਾਲ ਜੋੜਦੇ ਅਤੇ ਸਕੂਲ ਅਧਿਆਪਕਾਂ ਨਾਲ ਵੀ ਗੱਲ ਬਾਤ ਕਰਦੇ ਰਹਿੰਦੇ। ਛੁੱਟੀ ਖਤਮ ਹੋਣ ਤੇ ਸਰਵਣ ਦਾਸ ਵਾਪਸ ਆਪਣੀ ਬਟਾਲੀਅਨ ਵਿੱਚ ਚਲੇ ਜਾਂਦੇ।

ਸੀ.ਆਰ.ਪੀ.ਐਫ.ਦੇ ਜਵਾਨ ਸਿਵਲ ਲੋਕਾਂ ਨਾਲ ਬਹੁਤ ਵਧੀਆ ਤਾਲਮੇਲ ਰੱਖਦੇ ਸਨ। ਉਸ ਜਗ੍ਹਾ ਤੇ ਸੀ.ਆਰ.ਪੀ.ਐਫ. ਦੇ ਜਵਾਨ ਰੁਟੀਨ ਵਿੱਚ ਡਿਊਟੀ ਕਰਕੇ ਵਾਪਸ ਆਪਣੇ ਕੈਂਪ ਚਲੇ ਜਾਂਦੇ। ਉਧਰ ਸਰਵਣ ਦਾਸ ਦੇ ਘਰਦਿਆਂ ਨੇ ਵਿਆਹ ਦਾ ਦਿਨ ਰੱਖ ਲਿਆ ਅਤੇ ਸਰਵਣ ਦਾਸ ਨੂੰ ਘਰ ਆਉਣ ਲਈ ਚਿੱਠੀ ਲਿਖ ਦਿੱਤੀ। ਸਰਵਣ ਦਾਸ ਛੁੱਟੀ ਲੈ ਕੇ ਆਪਣੇ ਪਿੰਡ ਆ ਗਏ। 1957 ਵਿੱਚ ਸਰਵਣ ਦਾਸ ਦਾ ਵਿਆਹ ਨਸੀਬ ਕੌਰ ਪਿੰਡ ਮੋਲਾ ਕਲਾਂ ਤਹਿਸੀਲ ਗੜਸੰਕਰ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਹੋਇਆ। ਨਸੀਬ ਕੌਰ ਇੱਕ ਬਹੁਤ ਹੀ ਭੋਲੀ ਭਾਲੀ ਤੇ ਬੜੀ ਨੇਕ ਔਰਤ ਹੈ। ਜਿਸ ਨੇ ਆਪਣਾ  ਜੀਵਨ ਸਰਵਣ ਦਾਸ ਨਾਲ ਬਹੁਤ ਵਧੀਆ ਬਤੀਤ ਕੀਤਾ। ਵਿਆਹ ਤੋਂ ਬਾਅਦ ਘਰ ਵਿੱਚ ਖੁਸ਼ੀਆਂ ਦਾ ਬਹੁਤ ਵਧੀਆ ਮਾਹੌਲ ਸੀ। ਸਰਵਣ ਦਾਸ ਨੂੰ ਸੀ.ਆਰ.ਪੀ.ਐਫ. ਨੇ ਛੁੱਟੀ ਵਿੱਚੋਂ ਵੀ ਵਾਪਸ ਬੁਲਾ ਲਿਆ।

ਸ਼ਾਮ ਨੂੰ ਰੋਲਕਾਲ ਦੇ ਸਮੇਂ ਸੀਨੀਅਰ ਅਧਿਕਾਰੀਆਂ ਨੇ ਕੁਝ ਜਵਾਨਾਂ ਨੂੰ ਬਾਡਰ ਤੇ ਜਾਣ ਲਈ ਵਲੰਟੀਅਰ ਦੀ ਚੋਣ ਕੀਤੀ। ਜਿਸ ਵਿੱਚ ਸਰਵਣ ਦਾਸ, ਬਲਜੀਤ ਸਿੰਘ ਅਤੇ ਕੁਝ ਹੋਰ ਜਵਾਨ ਬਾਰਡਰ ਦੀ ਸਖਤ ਡਿਊਟੀ ਕਰਨ ਲਈ ਤਿਆਰ ਹੋ ਗਏ। ਕੁਝ ਜਵਾਨਾਂ ਦੀ ਪਲਟੂਨ ਚਾਈਨਾ ਦੇ ਬਾਰਡਰ ਤੇ ਜਾਣ ਨੂੰ ਤਿਆਰ ਹੋ ਗਈ। ਇਹ ਚੁਣੇ ਹੋਏ ਜਵਾਨ ਹੋਟ ਸਪਰਿੰਗ ਲਦਾਖ ਦੀਆਂ ਪਹਾੜੀਆਂ ਤੇ ਪਹੁੰਚ ਗਏ। ਆਪਣੇ ਸੀ.ਆਰ ਪੀ.ਐਫ. ਦੇ ਜਵਾਨ ਬਾਰਡਰਾਂ ਤੇ ਆਪਣੇ ਦੇਸ਼ ਦੀ ਸੁਰੱਖਿਆ ਕਰਦੇ। ਲਦਾਖ ਵਿੱਚ ਉਸ ਸਮੇਂ ਬਹੁਤ ਹੀ ਜਬਰਦਸਤ ਬਰਫ ਪੈਂਦੀ ਸੀ।

ਬਾਰਡਰ ਤੇ ਡਿਊਟੀ ਕਰਨੀ ਬਹੁਤ ਹੀ ਸਖਤ ਸੀ। ਹਰ ਰੋਜ਼ ਸੀ.ਆਰ.ਪੀ.ਐਫ. ਦੇ ਜਵਾਨ ਆਪਣੇ ਹਥਿਆਰਾਂ ਸਮੇਤ ਦੁਸ਼ਮਣਾਂ ਤੇ ਨਜ਼ਰ ਰੱਖਦੇ। ਇੱਕ ਦਿਨ ਅਚਾਨਕ ਡਿਊਟੀ ਕਰਦੇ ਸਮੇਂ ਚੀਨੀ ਸੈਨਿਕਾਂ ਦਾ ਸੀ.ਆਰ.ਪੀ.ਐਫ. ਦੀ ਫੌਜ ਨਾਲ ਮੁਕਾਬਲਾ ਚੱਲ ਪਿਆ। ਚੀਨੀ ਸੈਨਿਕਾਂ ਦੀ ਗਿਣਤੀ ਬਹੁਤ ਜਿਆਦਾ ਸੀ ਅਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਦੀ ਗਿਣਤੀ ਬਹੁਤ ਘੱਟ ਸੀ। ਇਹ ਲੜਾਈ ਕਈ ਦਿਨ ਚਲਦੀ ਰਹੀ। ਚੀਨੀ ਸੈਨਿਕਾਂ ਦੀ ਫੌਜ ਜਿਆਦਾ ਹੋਣ ਕਰਕੇ ਉਹਨਾਂ ਨੇ ਸੀ.ਆਰ.ਪੀ.ਐਫ. ਦੇ ਇੰਡੀਅਨ ਸੈਨਿਕਾਂ ਨੂੰ ਗਿਰਫਤਾਰ ਕਰ ਲਿਆ।

ਆਪਣੇ ਦੇਸ਼ ਵਿੱਚ ਇਹਨਾਂ ਬਹਾਦਰ ਜਵਾਨਾਂ ਨੂੰ ਬਹੁਤ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਚੀਨੀ ਸੈਨਿਕਾਂ ਨੇ ਇੰਡੀਅਨ ਸੈਨਿਕਾਂ ਨੂੰ ਬਰਫ ਦੇ ਠੰਡੇ ਪਾਣੀ ਵਿੱਚ ਸਖਤ ਤਸੀਹੇ ਦਿੱਤੇ ਅਤੇ ਇੰਡੀਆ ਆਰਮੀ ਦੀਆਂ ਖੂਬੀਆਂ ਜਾਣਕਾਰੀਆਂ ਮੰਗਦੇ ਰਹੇ। ਪਰ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਆਪਣੀ ਸ਼ਹੀਦੀ ਦੇ ਦਿੱਤੀ ਪਰ ਆਪਣੇ ਦੇਸ਼ ਦੀ ਕੋਈ ਵੀ ਜਾਣਕਾਰੀ ਚੀਨੀ ਸੈਨਿਕਾਂ ਨੂੰ ਨਹੀਂ ਦਿੱਤੀ। ਸਾਡੇ ਇੰਡੀਆ ਦੇ 10 ਸੀ.ਆਰ.ਪੀ.ਐਫ. ਦੇ ਕਮਾਂਡੋ ਜਵਾਨ ਸ਼ਹੀਦ ਹੋ ਗਏ। ਕੁਝ ਜਵਾਨਾਂ ਦੀ ਜਾਣਕਾਰੀ ਹਾਸਲ ਨਾ ਹੋ ਸਕੀ। ਇਹਨਾਂ 10 ਸ਼ਹੀਦਾਂ ਵਿੱਚੋਂ ਸ਼ਹੀਦ ਸਰਵਣ ਦਾਸ ਵੀ ਸ਼ਾਮਲ ਸਨ। ਸ਼ਹੀਦ ਸਰਵਣ ਦਾਸ 21 ਅਕਤੂਬਰ 1959 ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਕੁਝ ਦਿਨਾਂ ਵਿੱਚ ਇਹਨਾਂ ਦੋਵਾਂ ਦੇਸ਼ਾਂ ਦੀ ਸਹਿਮਤੀ ਹੋਣ ਨਾਲ ਸ਼ਹੀਦ ਜਵਾਨਾਂ ਦੇ ਮ੍ਰਿਤਕ ਸਰੀਰ ਅਤੇ ਕੁਝ ਜਿਉਂਦੇ ਜਵਾਨ ਇੰਡੀਆ ਦੇ ਹਵਾਲੇ ਕੀਤੇ ਗਏ। ਇਹਨਾਂ ਸ਼ਹੀਦਾਂ ਦਾ ਸੰਸਕਾਰ ਵੀ ਹੋਟ ਸਪਰਿੰਗ ਲੱਦਾਖ ਵਿਖੇ ਹੀ ਕੀਤਾ ਗਿਆ। ਉਹਨਾਂ ਦੇ ਵਿੱਚ ਇੱਕ ਜਿਉਂਦਾ ਸ਼ਹੀਦ ਮੋਹਾਲੀ ਦਾ ਰਹਿਣ ਵਾਲਾ ਬਲਜੀਤ ਸਿੰਘ ਵੀ ਸੀ। ਇੰਡੀਆ ਆਉਣ ਤੇ ਬਾਅਦ ਵੀ ਬਲਜੀਤ ਸਿੰਘ ਦੇ ਘਰਦਿਆਂ ਨੂੰ ਕਾਫੀ ਦੇਰ ਬਾਅਦ ਉਹਨਾਂ ਦੇ ਜਿਉਂਦੇ ਹੋਣ ਦੀ ਖਬਰ ਮਿਲੀ ਤਾਂ ਉਹਨਾਂ ਦੀ ਧਰਮ ਪਤਨੀ ਦਿੱਲੀ ਜੜੋਦਾ ਕਲਾਂ ਹਸਪਤਾਲ ਵਿਖੇ ਪਹੁੰਚ ਕੇ ਜਦੋਂ ਉਹਨਾਂ ਬਲਜੀਤ ਸਿੰਘ ਨੂੰ ਦੇਖਿਆ ਤਾਂ ਉਹ ਉਸ ਨੂੰ ਪਹਿਚਾਣ ਨਾ ਸਕੇ। ਬਲਜੀਤ ਸਿੰਘ ਜਿਆਦਾ ਬੋਲ ਵੀ ਨਹੀਂ ਸਕਦਾ ਸੀ ਪਰ ਕੁਝ ਗੱਲਾਂ ਦੱਸਣ ਤੇ ਉਹਨਾਂ ਦੀ ਪਤਨੀ ਨੂੰ ਪਤਾ ਲੱਗ ਗਿਆ ਕਿ ਇਹ ਮੇਰਾ ਹੀ ਪਤੀ ਬਲਜੀਤ ਸਿੰਘ ਹੈ ਅਤੇ ਜੜੋਦਾ ਕਲਾਂ ਹਸਪਤਾਲ ਉਸ ਦਾ ਕਾਫੀ ਲੰਮਾ ਇਲਾਜ ਚੱਲਿਆ।

ਸ਼ਹੀਦ ਸਰਵਣ ਦਾਸ ਦੀ ਸ਼ਹੀਦੀ ਦੀ ਖਬਰ ਜਦੋਂ ਉਹਨਾਂ ਦੇ ਪਿੰਡ ਕਿੱਤਣਾ ਵਿਖੇ ਪਹੁੰਚੀ ਤਾਂ ਉਹਨਾਂ ਦਾ ਪਿਤਾ ਰਾਮ ਆਸਰਾ, ਮਾਤਾ ਅਤੇ ਪਤਨੀ ਨਸੀਬ ਕੌਰ ਨੇ ਰੋਣਾ ਕੁਰਲਾਉਣਾ ਸ਼ੁਰੂ ਕਰ ਦਿੱਤਾ। ਛੋਟੇ ਭੈਣ ਭਰਾ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਸਾਰੇ ਆਪਣੇ ਮਾਤਾ ਪਿਤਾ ਦੇ ਗਲੇ ਲੱਗ ਕੇ ਰੋ ਰਹੇ ਸਨ। ਸ਼ਹੀਦ ਸਰਵਣ ਦਾਸ ਦੀ ਪਤਨੀ ਨਸੀਬ ਕੋਰ ਵਾਰ ਵਾਰ ਰੋਦੀ ਕੁਰਲਾਉਂਦੀ ਧਰਤੀ ਤੇ ਡਿੱਗ ਜਾਂਦੀ ਤੇ ਪਰਿਵਾਰ ਉਸਨੂੰ ਸੰਭਾਲਦਾ। ਪਰ ਨਸੀਬ ਕੌਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਕੁਦਰਤ ਨੇ ਮੇਰੇ ਨਾਲ ਇਹ ਕੀ ਕੀਤਾ। ਸ਼ਹੀਦ ਸਰਵਣ ਦਾਸ ਦੇ ਮਾਤਾ ਪਿਤਾ ਰੋ ਰੋ ਕੇ ਆਪਣਾ ਮਾਨਸਿਕ ਸੰਤੁਲਨ ਖੋ ਬੈਠੇ। ਸਾਰਾ ਦਿਨ ਮਾਤਾ ਆਪਣੇ ਪੁੱਤਰ ਨੂੰ ਯਾਦ ਕਰ ਕਰਕੇ ਰੋਂਦੀ ਕੁਰਲਾਉਂਦੀ ਰਹਿੰਦੀ। ਨਸੀਬ ਕੌਰ ਦੀ ਉਮਰ ਘੱਟ ਹੋਣ ਕਰਕੇ ਸਾਰੇ ਉਸਨੂੰ ਬੱਚਿਆਂ ਵਾਂਗ ਸੰਭਾਲਦੇ। ਨਸੀਬ ਕੌਰ ਹਮੇਸ਼ਾ ਸਰਵਣ ਦਾਸ ਦੇ ਆਉਣ ਦਾ ਰਾਹ ਤੱਕਦੀ ਰਹਿੰਦੀ ਪਰ ਸਰਵਣ ਦਾਸ ਉੱਥੇ ਚਲਾ ਗਿਆ ਸੀ ਜਿੱਥੋਂ ਕੋਈ ਵੀ ਵਾਪਸ ਨਹੀਂ ਆ ਸਕਦਾ ਸੀ।

ਹੁਣ ਇਹਨਾਂ ਦਾ ਪਰਿਵਾਰ 21 ਅਕਤੂਬਰ ਵਾਲੇ ਦਿਨ ਹਰ ਸਾਲ ਇਹਨਾਂ ਦਾ ਸ਼ਹੀਦੀ ਦਿਨ ਮਨਾਉਂਦਾ ਹੈ। ਜਲੰਧਰ ਗਰੁੱਪ ਸੈਂਟਰ ਦੇ ਮੌਕੇ ਦੇ ਡੀਆਈ ਜੀ ਪਿੰਡ ਕਿੱਤਣਾ ਪਹੁੰਚ ਕੇ ਸ਼ਹੀਦ ਸਰਵਣ ਦਾਸ ਦੇ ਬੁੱਤ ਨੂੰ ਸਲੂਟ ਕਰਦੇ ਹਨ। ਗਰੁੱਪ ਸੈਂਟਰ ਵਿੱਚੋਂ ਗਾਰਡ ਜਾ ਕੇ ਸਲਾਮੀ ਵੀ ਕਰਦੀ ਹੈ। ਸੀ.ਆਰ.ਪੀ.ਐਫ. ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਤੇ ਹੋਰ ਅਹੁਦੇਦਾਰ ਕਿੱਤਣਾ ਪਿੰਡ ਪਹੁੰਚ ਕੇ ਸਲੂਟ ਕਰਕੇ ਸ਼ਹੀਦ ਸਰਵਣ ਦਾਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਪਰਿਵਾਰ, ਪਿੰਡ ਅਤੇ ਇਲਾਕੇ ਦੇ ਲੋਕ ਸ਼ਹੀਦ ਸਰਵਣ ਦਾਸ ਨੂੰ ਫੁੱਲਾਂ ਦੀਆਂ ਮਾਲਾਵਾਂ ਭੇਟ ਕਰਕੇ ਫੁੱਲਾ ਦੀ ਵਰਖਾ ਕਰਦੇ ਹਨ ਅਤੇ ਸਲੂਟ ਵੀ ਕਰਦੇ ਹਨ।

ਸ਼ਹੀਦ ਸਰਵਣ ਦਾਸ ਦਾ ਇੱਕ ਭਰਾ ਪ੍ਰਗਟ ਸਿੰਘ ਜੋ ਹੁਣ ਅਮਰੀਕਾ ਵਿੱਚ ਰਹਿੰਦਾ ਹੈ। ਉਹ ਵੀ 21 ਅਕਤੂਬਰ ਨੂੰ ਆਪਣੇ ਪਿੰਡ ਆ ਕੇ ਆਪਣੇ ਭਰਾ ਦੀ ਯਾਦ ਨੂੰ ਤਾਜ਼ਾ ਕਰਦੇ ਹਨ। ਸ਼ਹੀਦ ਸਰਵਣ ਦਾਸ ਦਾ ਭਤੀਜਾ ਅਮਰਜੀਤ ਸਿੰਘ ਨੇ ਪਰਿਵਾਰ ਦੇ ਸਹਿਯੋਗ ਨਾਲ ਸ਼ਹੀਦ ਸਰਵਣ ਦਾਸ ਦੀ ਜਨਮ ਭੂਮੀ ਤੇ ਹੋਟ ਸਪਰਿੰਗ ਦੀ ਨਕਲ ਤੇ ਸਮਾਰਕ (ਸਮਾਧ) ਵੀ ਬਣਾਈ ਹੈ ਅਤੇ ਅਜਾਇਬ ਘਰ ਵਿੱਚ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਵੀ ਲਗਾਈਆਂ ਹੋਈਆਂ ਹਨ। ਗਰੁੱਪ ਸੈਂਟਰ ਦੇ ਮੌਕੇ ਦੇ ਡੀਆਈਜੀ ਅਤੇ ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਅਤੇ ਹੋਰ ਅਹੁਦੇਦਾਰ ਇਸ ਜਗ੍ਹਾ ਤੇ ਜਾ ਕੇ ਸਲੂਟ ਵੀ ਕਰਦੇ ਹਨ ਤੇ ਇਹਨਾਂ ਸ਼ਹੀਦਾਂ ਦੇ ਦਰਸ਼ਨ ਵੀ ਕਰਦੇ ਹਨ।

ਸਕੂਲ ਦਾ ਨਾਮ

ਲੰਬੜਦਾਰ ਅਮਰਜੀਤ ਸਿੰਘ ਕਿੱਤਣਾ ਨੇ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦ ਸਰਵਣ ਦਾਸ ਦੇ ਨਾਮ ਤੇ ਇੱਕ ਪਾਰਕ ਵੀ ਬਣਾਈ ਹੈ ਅਤੇ ਇੱਕ ਬੁੱਤ ਵੀ ਲਗਾਇਆ ਹੈ। ਲੰਬੜਦਾਰ ਅਮਰਜੀਤ ਸਿੰਘ ਕਿੱਤਣਾ ਅਤੇ ਐਸ਼ੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਦੇ ਉਪਰਾਲਿਆਂ ਨਾਲ ਇਸ ਪਿੰਡ ਦੇ ਸਕੂਲ ਦਾ ਨਾਮ ਵੀ ਸ਼ਹੀਦ ਸਰਵਣ ਦਾਸ ਦੇ ਨਾਮ ਨਾਲ ਗਿਆ ਰੱਖਿਆ ਹੈ। ਲੰਬੜਦਾਰ ਅਮਰਜੀਤ ਸਿੰਘ ਕਿੱਤਣਾ ਅਤੇ ਉਨਾਂ ਦਾ ਪਰਿਵਾਰ ਹਰ ਸਾਲ 21 ਅਕਤੂਬਰ ਨੂੰ ਉਸ ਸਕੂਲ ਵਿੱਚ ਗਰੀਬ ਬੱਚਿਆਂ ਨੂੰ ਕਿਤਾਬਾਂ, ਬੂਟ ਅਤੇ ਵਰਦੀਆਂ ਆਦਿ ਵੀ ਦਿੰਦੇ ਹਨ। ਸਕੂਲ ਦੇ ਪ੍ਰਿੰਸੀਪਲ ਅਤੇ ਉਹਨਾਂ ਦੀ ਟੀਮ ਇਸ ਦਿਨ ਸਕੂਲ ਵਿੱਚ ਸ਼ਹੀਦ ਸਰਵਣ ਦਾਸ ਦੇ ਨਾਮ ਤੇ ਝੰਡਾ ਵੀ ਲਹਿਰਾਉਂਦੇ ਹਨ ਅਤੇ ਰੰਗਾ ਰੰਗ ਪ੍ਰੋਗਰਾਮ ਵੀ ਕਰਦੇ ਹਨ। ਸ਼ਹੀਦ ਸਰਵਣ ਦਾਸ ਦੀਆਂ ਯਾਦਾ ਨੂੰ ਰਾਸ਼ਟਰੀ ਗੀਤ ਗਾ ਕੇ ਤਾਜਾ ਕਰਦੇ ਹਨ। ਆਏ ਹੋਏ ਸੀ.ਆਰ.ਪੀ.ਐਫ. ਦੇ ਜਵਾਨ ਅਤੇ ਐਸੋਸੀਏਸ਼ਨ ਦੇ ਅਹੁਦੇਦਾਰ ਸਾਰਾ ਦਿਨ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹਨ ਅਤੇ ਤਿਰੰਗੇ ਨੂੰ ਸਲੂਟ ਕਰਦੇ ਹਨ।

ਸੀ.ਆਰ.ਪੀ.ਐਫ.  ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਇਸੇ ਤਰ੍ਹਾਂ ਹਰ ਸ਼ਹੀਦ ਦੀ ਬਰਸੀ ਵਾਲੇ ਦਿਨ ਉਹਨਾਂ ਦੇ ਪਿੰਡ ਪਹੁੰਚ ਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਨ। ਉਹਨਾਂ ਦੀ ਸਾਰੀ ਜਾਣਕਾਰੀ ਹਾਸਿਲ ਕਰਕੇ ਉਹਨਾਂ ਦੀ ਯਾਦ ਵਿੱਚ ਕੁਝ ਲੇਖ ਵੀ ਲਿਖਦੇ ਹਨ। ਸ਼ਹੀਦ ਸਰਵਣ ਦਾਸ ਦੀ ਸਭ ਤੋਂ ਪਹਿਲੀ ਬਰਸੀ ਜਲੰਧਰ ਗਰੁੱਪ ਸੈਂਟਰ ਦੇ ਡੀਆਈਜੀ ਸੁਨੀਲ ਥੋਰਪੇ ਅਤੇ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਸ਼ੁਰੂ ਕੀਤੀ ਸੀ।

🇨🇮 ਲਹਿਰਾਏਗਾ ਤਿਰੰਗਾ, ਹਰ ਕਿਸੇ ਦੀ ਜ਼ੁਬਾਨ ‘ਤੇ ਹੋਵੇਗਾ ਭਾਰਤ ਦਾ ਨਾਮ,

ਜੋ ਵੀ ਭਾਰਤ ‘ਤੇ ਨਜ਼ਰ ਉਠਾਏਗਾ, ਉਹ ਆਪਣੀ ਜਾਨ ਖਤਰੇ ‘ਚ ਪਾਵੇਗਾ।

ਜੈ ਹਿੰਦ🫡

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top