ਨੂਰਪੁਰ ਬੇਦੀ:- 24 ਸਾਲਾ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਦੀ ਸ਼ੱਕੀ ਹਾਲਾਤ ਅਧੀਨ ਲੇਹ ਲੱਦਾਖ ਵਿਖੇ 24 ਮਾਰਚ ਦੀ ਰਾਤ ਨੂੰ ਮੌਤ ਹੋ ਗਈ। ਫ਼ੌਜ ਵੱਲੋਂ ਨੌਜਵਾਨ ਦੀ ਮੌਤ ਦਾ ਕਾਰਨ ਖ਼ੁਦਕਸ਼ੀ ਦੱਸਿਆ ਜਾ ਰਿਹਾ ਹੈ, ਜਦੋਂ ਕਿ ਪਰਿਵਾਰਕ ਮੈਂਬਰ ਅਤੇ ਇਲਾਕਾ ਵਾਸੀ ਨੌਜਵਾਨ ਦੇ ਖ਼ੁਦਕਸ਼ੀ ਕਰਨ ਦੀ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਨ। ਬੀਤੇ ਦਿਨ ਜਦੋਂ ਫ਼ੌਜ ਦੇ ਜਵਾਨ ਮ੍ਰਿਤਕ ਦੀ ਦੇਹ ਲੈ ਕੇ ਫ਼ੌਜੀ ਜਵਾਨ ਦੇ ਜੱਦੀ ਪਿੰਡ ਹੀਰਪੁਰ (ਨੇੜੇ ਨੂਰਪੁਰ ਬੇਦੀ) ਪੁੱਜੇ ਤਾਂ ਲੋਕਾਂ ਨੇ ਸੜਕ ‘ਤੇ ਜਾਮ ਲਗਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ,ਕਿ ਮ੍ਰਿਤਕ ਸੁਖਵਿੰਦਰ ਸਿੰਘ ਦੀ ਮੌਤ ਦੇ ਅਸਲ ਕਾਰਨ ਮੌਕੇ ਦੀਆਂ ਫੋਟੋਆਂ ਅਤੇ ਵੀਡੀਓ ਆਦਿ ਜਿਹੇ ਪੁਖਤਾ ਸਬੂਤਾਂ ਸਮੇਤ ਜੱਗ ਜ਼ਾਹਰ ਕੀਤੇ ਜਾਣ, ਧਾਰਾ 174 ਦੀ ਬਜਾਏ ਤਹਿਕੀਕਾਤ ਉਪਰੰਤ ਬਣਦੀ ਧਾਰਾ ਲਗਾਈ ਜਾਵੇ, ਮ੍ਰਿਤਕ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇ ਅਤੇ ਉਸ ਦੇ ਬਣਦੇ ਸਾਰੇ ਮਾਣ ਭੱਤੇ ਅਤੇ ਸਨਮਾਨ ਪਰਿਵਾਰ ਨੂੰ ਦਿੱਤੇ ਜਾਣ। ਇਲਾਕਾ ਵਾਸੀਆਂ ਵੱਲੋਂ ਇਹ ਮੰਗ ਪੱਤਰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਆਏ ਆਰ. ਟੀ. ਓ. ਗੁਰਵਿੰਦਰ ਸਿੰਘ ਜੌਹਲ ਨੇ ਮੰਗ ਪੱਤਰ ਪ੍ਰਾਪਤ ਕਰਦਿਆਂ ਇਨਸਾਫ਼ ਦਾ ਭਰੋਸਾ ਦਿਵਾਇਆ।

















































