CRPF ਦਾ ਜਵਾਨ ਸ਼ਹੀਦ ਸੁਰੇਸ਼ ਕੁਮਾਰ ਅੱਜ ਵੀ ਯਾਦਗਾਰਾਂ ਨਾਲ ਪਿੰਡ ਵਿੱਚ ਹੈ ਬਰਕਰਾਰ

ਜਲੰਧਰ (ਸੁਲਿੰਦਰ ਕੰਢੀ) – ਸ਼ਹੀਦ ਸੁਰੇਸ਼ ਕੁਮਾਰ ਪੁੱਤਰ ਯੋਧਾ ਰਾਮ ਪਿੰਡ ਜਲਾਹੜ ਤਹਿਸੀਲ ਧਾਰਕਲਾਂ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹੋਣਹਾਰ ਜਵਾਨ ਸੀ। ਸੁਰੇਸ਼ ਕੁਮਾਰ ਨੇ ਆਪਣੀ ਮੁੱਢਲੀ ਪੜ੍ਹਾਈ ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ ਭੰਗੂਰੀ ਵਿਖੇ ਕੀਤੀ। ਪੜ੍ਹਾਈ ਦੇ ਨਾਲ ਨਾਲ ਸੁਰੇਸ਼ ਕੁਮਾਰ ਖੇਡਾਂ ਵਿੱਚ ਵੀ ਰੁਚੀ ਰੱਖਦੇ ਸਨ। ਖੇਡਾਂ ਵਿੱਚ ਹਿੱਸਾ ਲੈਂਦਾ ਰਹਿਣ ਕਰਕੇ ਸੁਰੇਸ਼ ਕੁਮਾਰ ਸਰੀਰਕ ਪੱਖੋਂ ਬਹੁਤ ਹੀ ਚੁਸਤ ਤੇ ਫੁਰਤੀਲਾ ਜਵਾਨ ਸੀ। ਉਸ ਨੂੰ ਸੀ.ਆਰ.ਪੀ.ਐਫ. ਵਿੱਚ ਭਰਤੀ ਹੋਣ ਦਾ ਬਹੁਤ ਸ਼ੌਂਕ ਸੀ। ਹਰ ਰੋਜ਼ ਆਪਣੇ ਪਿੰਡ ਵਿੱਚ ਦੌੜਦਾ ਅਤੇ ਹੋਰਨਾਂ ਸਟੰਟ ਕਰਦਾ ਹੀ ਰਹਿੰਦਾ। ਆਖਰ ਇਕ ਦਿਨ ਕੁਦਰਤ ਦੇ ਸਾਥ ਨਾਲ 15 ਜੁਲਾਈ 1989 ਨੂੰ ਸੀ.ਆਰ.ਪੀ.ਐਫ. ਦੀ 31 ਬਟਾਲੀਅਨ ਵਿੱਚ ਭਰਤੀ ਹੋ ਗਏ।

ਪੰਜਾਬ ਦੇ ਕੁਝ ਲੜਕੇ ਇਕੱਠੇ ਹੋ ਕੇ ਨੀਮਸ ਵਿਖੇ ਟਰੇਨਿੰਗ ਕਰਨ ਲਈ ਪਹੁੰਚ ਗਏ। ਟ੍ਰੇਨਿੰਗ ਸੈਂਟਰ ਵਿੱਚ ਪਹੁੰਚਣ ਤੇ ਇਹਨਾਂ ਸਾਰਿਆਂ ਜਵਾਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਟ੍ਰੇਨਿੰਗ ਵਿੱਚ ਹਰ ਰੋਜ਼ ਪੀਟੀ ਤੋਂ ਲੈ ਕੇ ਪਰੇਡ ਤੱਕ ਦੇ ਸਾਰੇ ਸਟੰਟ ਇਹਨਾਂ ਜਵਾਨਾਂ ਤੋਂ ਕਰਵਾਏ ਜਾਂਦੇ ਸਨ। ਸੁਰੇਸ਼ ਕੁਮਾਰ ਨੂੰ ਟਾਇਰ, ਰੱਸਾ, ਘੋੜਾ ਟੱਪਣਾ ਆਦਿ ਸਟੰਟ ਕਰਨੇ ਬਹੁਤ ਵਧੀਆ ਲੱਗਦੇ ਸਨ। ਸੁਰੇਸ਼ ਕੁਮਾਰ ਟਰੇਨਿੰਗ ਦੇ ਨਾਲ ਨਾਲ ਦਫਤਰ ਦਾ ਕੰਮ ਵੀ ਕਰਦੇ ਸਨ। ਸ਼ਾਮ ਨੂੰ ਖੇਡਾਂ ਵਿੱਚ ਵੀ ਕੁਝ ਸਮਾਂ ਬਤੀਤ ਕਰਦੇ ਸਨ। ਸੁਰੇਸ਼ ਕੁਮਾਰ ਦਾ ਸੁਭਾਅ ਸੀ ਕਿ ਆਪਣੀ ਪਰੇਡ ਲਈ ਆਪਣੀ ਵਰਦੀ ਨੂੰ ਕਲਫ ਲਗਾ ਕੇ ਵਰਦੀ ਪਾਉਣਾ ਅਤੇ ਕਈ ਵਾਰ ਸੁਰੇਸ਼ ਕੁਮਾਰ ਨੂੰ ਟਨ ਆਊਟ ਵਿੱਚ ਵੀ ਨਿਵਾਜਿਆ ਜਾਂਦਾ। ਸੁਰੇਸ਼ ਕੁਮਾਰ ਹਮੇਸ਼ਾ ਆਪਣੇ ਉਸਤਾਦਾਂ ਕੋਲੋਂ ਸੀ.ਆਰ.ਪੀ.ਐਫ. ਦੇ ਨਿਯਮਾਂ ਅਤੇ ਡਿਊਟੀਆਂ ਬਾਰੇ ਅਲੱਗ ਹੀ ਚਰਚਾ ਕਰਦੇ ਰਹਿੰਦੇ।

ਟ੍ਰੇਨਿੰਗ ਪੂਰੀ ਹੋਣ ਤੇ ਇਹਨਾਂ ਦੀ ਜੰਗਲ ਕੈਂਪ ਜਾਣ ਦੀ ਤਿਆਰੀ ਵੀ ਹੋ ਗਈ। ਜੰਗਲ ਪਹੁੰਚਣ ਤੇ ਉਸਤਾਦਾਂ ਨੇ ਜੰਗਲ ਦੀ ਸਾਰੀ ਜਾਣਕਾਰੀ ਸਾਰੇ ਜਵਾਨਾਂ ਨਾਲ ਸਾਂਝੀ ਕੀਤੀ। ਇਕ ਦਿਨ ਕਿਸੇ ਜਵਾਨ ਨੇ ਜੰਗਲ ਵਿੱਚੋਂ ਅਣਪਛਾਤੇ ਦਰਖਤਾਂ ਦੇ ਪੱਤੇ ਖਾ ਲਏ। ਪੱਤੇ ਖਾਣ ਨਾਲ ਇਹ ਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ। ਸੁਰੇਸ਼ ਕੁਮਾਰ ਨੇ ਤੁਰੰਤ ਇਹ ਖਬਰ ਸੀਨੀਅਰ ਅਫਸਰਾਂ ਨੂੰ ਦੱਸੀ ਅਤੇ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਕੁਝ ਘੰਟੇ ਬਾਅਦ ਇਹ ਜਵਾਨ ਹੋਸ਼ ਵਿੱਚ ਆਏ। ਬਾਅਦ ਵਿੱਚ ਸੀਨੀਅਰ ਅਫਸਰਾਂ ਨੇ ਵਾਰਨਿੰਗ ਦੇ ਦਿੱਤੀ ਕਿ ਕੋਈ ਵੀ ਜਵਾਨ ਜੰਗਲ ਵਿੱਚੋਂ ਕੋਈ ਵੀ ਚੀਜ਼ ਨਹੀਂ ਖਾਏਗਾ। ਜੰਗਲ ਟ੍ਰੇਨਿੰਗ ਪੂਰੀ ਹੋਣ ਤੇ ਸਾਰੀ ਯੂਨਿਟ ਆਪਣੇ ਹੈਡ ਕੁਆਰਟਰ ਵਾਪਸ ਪਹੁੰਚ ਗਈ।

ਕਸਮ ਪਰੇਡ ਹੋਣ ਤੋਂ ਬਾਅਦ ਸਾਰਿਆਂ ਜਵਾਨਾਂ ਨੂੰ 15 ਦਿਨ ਦੀ ਛੁੱਟੀ ਦਿੱਤੀ ਗਈ। ਸੁਰੇਸ਼ ਕੁਮਾਰ ਟਰੇਨਿੰਗ ਕਰਕੇ ਜਦੋਂ ਪਿੰਡ ਪਹੁੰਚਿਆ ਤਾਂ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਉਸਦਾ ਬਹੁਤ ਵਧੀਆ ਸੁਆਗਤ ਕੀਤਾ। ਸੁਰੇਸ਼ ਕੁਮਾਰ ਨੇ ਆਪਣੀ ਟ੍ਰੇਨਿੰਗ ਦੀ ਸਾਰੀ ਚਰਚਾ ਆਪਣੇ ਘਰੇ ਸਾਂਝੀ ਕੀਤੀ। ਛੁੱਟੀ ਖਤਮ ਹੋਣ ਤੇ ਇਹ ਵਾਪਸ ਆਪਣੀ 31 ਬਟਾਲੀਅਨ ਦੇ ਹੈਡ ਕੁਆਰਟਰ ਪਹੁੰਚ ਗਏ। ਉਥੇ ਉਹਨਾਂ ਨੇ ਰੁਟੀਨ ਵਿੱਚ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ। ਉਸ ਸਮੇਂ 31 ਬਟਾਲੀਅਨ ਅਸਾਮ ਵਿਖੇ ਡਿਊਟੀ ਕਰ ਰਹੀ ਸੀ। ਕੁਝ ਦੇਰ ਬਾਅਦ ਇਹ ਬਟਾਲੀਅਨ ਮਨੀਪੁਰ ਚਲੀ ਗਈ। ਮਨੀਪੁਰ ਤੋਂ ਬਾਅਦ ਡਿਊਟੀ ਖਤਮ ਹੋਣ ਤੇ 31 ਬਟਾਲੀਅਨ ਸ੍ਰੀਨਗਰ ਮੂਵ ਹੋ ਗਈ।

ਉਧਰੋਂ ਉਹਨਾਂ ਦੇ ਪਿਤਾ ਯੋਧਾ ਰਾਮ ਨੇ ਆਪਣੇ ਬੇਟੇ ਨਾਲ ਵਿਆਹ ਬਾਰੇ ਚਰਚਾ ਕੀਤੀ। ਸੁਰੇਸ਼ ਕੁਮਾਰ ਦੋ ਮਹੀਨੇ ਦੀ ਛੁੱਟੀ ਲੈ ਕੇ ਆਪਣੇ ਪਿੰਡ ਆ ਗਏ। ਪਰਿਵਾਰ ਨੇ 21 ਅਪ੍ਰੈਲ 1994 ਨੂੰ ਸੁਰੇਸ਼ ਕੁਮਾਰ ਦਾ ਵਿਆਹ ਰੀਟਾ ਦੇਵੀ ਨਾਲ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਛੁੱਟੀ ਖਤਮ ਹੋਣ ਤੇ ਵਾਪਸ ਆਪਣੀ ਯੂਨਿਟ ਵਿੱਚ ਚਲੇ ਗਏ। ਵਿਆਹ ਤੋਂ ਬਾਅਦ 28 ਫਰਵਰੀ 1996 ਨੂੰ ਵੱਡੀ ਬੇਟੀ, 28 ਅਗਸਤ 1997 ਨੂੰ ਬੇਟੇ ਅਤੇ ਫਿਰ ਛੋਟੀ ਬੇਟੀ ਨੇ 08 ਸਤੰਬਰ 1999 ਉਨ੍ਹਾਂ ਦੇ ਘਰੇ ਜਨਮ ਲਿਆ। ਸੁਰੇਸ਼ ਕੁਮਾਰ ਬੱਚਿਆਂ ਨਾਲ ਬਿਤਾਏ ਪਲ ਆਪਣੇ ਦੋਸਤਾਂ ਨਾਲ ਸਾਂਝੇ ਕਰਦੇ। ਜਦੋਂ ਵੀ ਛੁੱਟੀ ਆਉਂਦੇ ਆਪਣੇ ਮਾਂ ਪਿਓ ਤੇ ਬੱਚਿਆਂ ਲਈ ਕੁਝ ਨਾ ਕੁਝ ਗਿਫਟ ਜਰੂਰ ਲੈ ਕੇ ਆਉਂਦੇ।

2007 ਵਿੱਚ 31 ਬਟਾਲੀਅਨ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਥਾਣਾ ਬੀਜਾਪੁਰ ਵਿਖੇ ਡਿਊਟੀ ਕਰਨ ਲਈ ਪਹੁੰਚ ਗਈ। ਉਸ ਸਮੇਂ ਉਹਨਾਂ ਜੰਗਲਾਂ ਵਿੱਚ ਹੋਰ ਵੀ ਸੀ.ਆਰ.ਪੀ.ਐਫ. ਡਿਊਟੀ ਕਰ ਰਹੀ ਸੀ। ਹਰ ਰੋਜ਼ ਜੰਗਲਾਂ ਦੇ ਵਿੱਚ ਫੋਰਸਾਂ ਦੇ ਨਾਲ ਗੋਲਾਬਾਰੀ ਚਲਦੀ ਹੀ ਰਹਿੰਦੀ ਸੀ। 31 ਬਟਾਲੀਅਨ ਦੇ ਜਵਾਨਾਂ ਨੇ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਬਹੁਤ ਸਾਰੇ ਅੱਤਵਾਦੀਆਂ ਨੂੰ ਜੰਗਲਾਂ ਵਿੱਚੋਂ ਭਜਾ ਦਿੱਤਾ ਸੀ। ਇਕ ਦਿਨ 31 ਬਟਾਲੀਅਨ ਦੇ ਜਵਾਨ ਪੈਦਲ ਹੀ ਜੰਗਲ ਵਿੱਚ ਸਰਚ ਕਰ ਰਹੇ ਸਨ ਤਾਂ ਇੱਕ ਅੱਤਵਾਦੀਆਂ ਦੇ ਗਰੁੱਪ ਨੇ ਜੰਗਲ ਵਿੱਚ ਬਹੁਤ ਸਾਰੇ ਬੰਬ, ਗਰਨੇਟ ਅਤੇ ਬਰੂਦ ਵਿਛਾਇਆ ਹੋਇਆ ਸੀ। ਸੀ.ਆਰ.ਪੀ.ਐਫ. ਦੇ ਜਵਾਨ ਇਸ ਰਾਸਤੇ ਤੋਂ ਅਣਜਾਣ ਸੀ। ਜਦੋਂ ਇਸ ਰਾਸਤੇ ਨੂੰ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਕਰੋਸ ਕੀਤਾ ਤਾਂ ਅਚਾਨਕ ਅੱਤਵਾਦੀਆਂ ਨੇ ਫਾਇਰ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਵਿਛਾਇਆ ਹੋਇਆ ਬਰੂਦ ਵੀ ਚਲਾ ਦਿੱਤਾ। ਬਹੁਤ ਸਾਰੇ ਸੀ.ਆਰ.ਪੀ.ਐਫ. ਦੇ ਜਵਾਨ ਜ਼ਖਮੀ ਹੋ ਗਏ ਅਤੇ ਕੁਝ ਜਵਾਨ ਸ਼ਹੀਦ ਹੋ ਗਏ।

ਸੀ.ਆਰ.ਪੀ.ਐਫ. ਦੀ ਬਾਕੀ ਫੋਰਸ ਨੇ ਵੀ ਜਦੋਂ ਫਾਇਰ ਸ਼ੁਰੂ ਕੀਤੇ ਤਾਂ ਅੱਤਵਾਦੀਆਂ ਦਾ ਗਰੁੱਪ ਵੱਡਾ ਹੋਣ ਕਰਕੇ ਮੁਕਾਬਲਾ ਕਾਫੀ ਫਸ ਗਿਆ।  ਛਾਣਬੀਣ ਕਰਦੇ ਹੋਏ ਪਤਾ ਲੱਗਿਆ ਕਿ ਸੀ.ਆਰ.ਪੀ.ਐਫ. ਦੇ ਛੇ ਜਵਾਨ ਸ਼ਹੀਦ ਹੋ ਚੁੱਕੇ ਹਨ। ਜਿਨਾਂ ਵਿੱਚ ਸੁਰੇਸ਼ ਕੁਮਾਰ ਵੀ ਮੌਜੂਦ ਸੀ। 18/02/2008 ਨੂੰ ਦੇਸ਼ ਨੂੰ ਅਲਵਿਦਾ ਕਰ ਗਏ। ਇਹ ਖਬਰ ਸੀ.ਆਰ.ਪੀ.ਐਫ. ਦੇ ਸੀਨੀਅਰ ਅਫਸਰਾਂ ਨੇ ਉਹਨਾਂ ਦੇ ਪਿੰਡ ਪਹੁੰਚਾਈ ਤਾਂ ਪਿੰਡ ਵਿੱਚ ਸੋਗ ਛਾ ਗਿਆ ਅਤੇ ਪਰਿਵਾਰ ਵਿੱਚ ਰੋਣ ਢੋਣ ਸ਼ੁਰੂ ਹੋ ਗਿਆ। ਉਨਾਂ ਦੀ ਧਰਮ ਪਤਨੀ ਰੀਟਾ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਜਗ਼੍ਹਾ ਬੈਠ ਕੇ ਰੋਣ ਲੱਗ ਗਈ। ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਅੱਗੇ ਕਿਸ ਤਰ੍ਹਾਂ ਗੁਜ਼ਾਰਾ ਕਰੇਗੀ।

ਠੀਕ ਚਾਰ ਦਿਨ ਬਾਅਦ ਸ਼ਹੀਦ ਸੁਰੇਸ਼ ਕੁਮਾਰ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਪੇਟੀ ਹੋਈ ਉਹਨਾਂ ਦੇ ਪਿੰਡ ਪਹੁੰਚੀ। ਇਲਾਕੇ ਦੇ ਲੋਕ, ਲੋਕਲ ਪ੍ਰਸ਼ਾਸਨ ਅਤੇ ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀ ਵੀ ਉਹਨਾਂ ਦੇ ਪਿੰਡ ਪਹੁੰਚ ਗਏ। ਪਿੰਡ ਦੇ ਲੋਕਾਂ ਨੇ ਅਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਸ਼ਹੀਦ ਸੁਰੇਸ਼ ਕੁਮਾਰ ਜਿੰਦਾਬਾਦ………..ਸ਼ਹੀਦ ਸੁਰੇਸ਼ ਕੁਮਾਰ ਅਮਰ ਰਹੇ………..ਭਾਰਤ ਮਾਤਾ ਦੀ ਜੈ……… ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਗਈਆਂ। ਸੀ.ਆਰ.ਪੀ.ਐਫ. ਦੇ ਉੱਚ ਅਧਿਕਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਫਾਇਰ ਕਰਕੇ ਸਲੂਟ ਕਰਕੇ ਸ਼ਹੀਦ ਸੁਰੇਸ਼ ਕੁਮਾਰ ਨੂੰ ਅਗਨੀ ਭੇਟ ਕਰ ਦਿੱਤਾ ਗਿਆ।

ਸ਼੍ਰੀਮਤੀ ਰੀਟਾ ਦੇਵੀ ਨੂੰ ਕੁਝ  ਦਿਨਾਂ ਬਾਅਦ ਗਰੁੱਪ ਸੈਟਰ ਬੁਲਾ ਕੇ ਸ਼ਹੀਦ ਸੁਰੇਸ਼ ਕੁਮਾਰ ਦੀ ਸ਼ਹੀਦੀ ਅਤੇ ਦਲੇਰੀ ਲਈ ਨੂੰ ਮਾਨਤਾ ਦਿੰਦੇ ਹੋਏ ਮੈਡਲ ਵੀ ਦਿੱਤਾ ਗਿਆ।

ਸੰਸਕਾਰ ਹੋਣ ਤੋਂ ਕੁਝ ਮਹੀਨਿਆਂ ਬਾਅਦ ਇਲਾਕੇ ਦੇ ਲੋਕ, ਪ੍ਰਸ਼ਾਸਨ ਅਤੇ ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਅਧਿਕਾਰੀਆਂ ਨੂੰ ਮਿਲੇ ਅਤੇ ਸ਼ਹੀਦ ਸ਼ਰੇਸ ਕੁਮਾਰ ਦੀ ਯਾਦਗਾਰ ਬਣਾਉਣ ਲਈ ਬੇਨਤੀ ਪੱਤਰ ਦਿੱਤਾ। ਇਹ ਬੇਨਤੀ ਇਲਾਕੇ ਦੇ ਐਮਐਲਏ ਦਿਨੇਸ਼ ਸਿੰਘ ਬੱਬੂ ਨੂੰ ਕੀਤੀ। ਐਮਐਲਏ ਦਿਨੇਸ਼ ਬੱਬੂ ਨੇ ਇਹ ਬੇਨਤੀ ਸਵੀਕਾਰ ਕਰਕੇ ਸ਼ਹੀਦ ਸ਼ਰੇਸ ਕੁਮਾਰ ਦੀ ਯਾਦਗਾਰ ਬਣਾਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ।

ਉਸ ਸਮੇਂ ਦੇ ਡੀਆਈਜੀ ਸੁਨੀਲ ਥੋਰਪੇ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਦੇ ਉਪਰਾਲੇ ਨਾਲ ਗੇਟ ਦੀ ਉਸਾਰੀ ਸ਼ੁਰੂ ਕਰ ਦਿੱਤੀ ਅਤੇ ਗੇਟ ਬਣ ਗਿਆ। ਗੇਟ ਮੁਕੰਮਲ ਹੋਣ ਤੋਂ ਬਾਅਦ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਇੱਕ ਹੋਰ ਯਾਦਗਾਰ ਉਹਨਾਂ ਦੇ ਪਿੰਡ ਦੀ ਸੱਥ ਵਿੱਚ 15/02/2013 ਵਿੱਚ ਬਣਾਈ ਗਈ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਸਰਕਾਰ ਅਤੇ ਐਮਐਲਏ ਦਾ ਧੰਨਵਾਦ ਕਰਦੀ ਹੈ ਜਿਨਾਂ ਨੇ ਇਸ ਸ਼ਹੀਦ ਦੀ ਕੁਰਬਾਨੀ ਅਤੇ ਯਾਦਾਂ ਨੂੰ ਤਾਜ਼ਾ ਰੱਖਿਆ।

🇮🇳🇮🇳 ਸਾਰੇ ਰਿਸ਼ਤੇੇ ਨਾਤੇ ਛੱਡ ਕੇ ਰਾਖੀ ਦੇਸ਼ ਦੀ ਕਰਦਾ ਹੈ….

ਬਿਨਾਂ ਸੋਚੇ ਸਮਝੇ ਉਹ ਆਪਣੇ ਦੇਸ਼ ਲਈ ਮਰਦਾ ਹੈ…..

ਫੌਜੀ ਇਸ ਦੁਨੀਆਂ ਦਾ ਬਹੁਤ ਉੱਚਾ ਕਿਰਦਾਰ ਹੈ…….

ਕਿਸੇ ਦੁਸ਼ਮਣ ਤੋਂ ਨਾ ਟੁੱਟੇ ਐਸੀ ਮਜ਼ਬੂਤ ਦੀਵਾਰ ਹੈ…….

ਜੈ ਹਿੰਦ 🫡🫡🙏

Leave a Comment

Your email address will not be published. Required fields are marked *

Scroll to Top