Crpf ਦੇ ਜਵਾਨ ਸ਼ਹੀਦ ਮਨੋਹਰ ਲਾਲ ਨੇ ਸੱਟਾਂ ਲੱਗਣ ਦੇ ਬਾਵਜੂਦ ਵੀ ਵਿਦਰੋਹੀਆਂ ‘ਤੇ ਜਾਰੀ ਰੱਖਿਆ ਹਮਲਾ

ਜਲੰਧਰ (ਸੁਲਿੰਦਰ ਕੰਢੀ) – ਸ਼ਹੀਦ ਮਨੋਹਰ ਲਾਲ ਪੁੱਤਰ ਸ੍ਰੀ ਸਵਰਨ ਦਾਸ ਪਿੰਡ ਬਹਿਰਾਮਪੁਰ ਦਾ ਜਨਮ 13 ਜਨਵਰੀ 1961 ਨੂੰ ਹੋਇਆ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵੀ. ਡੀ. ਧੂਰੀ ਸਰਕਾਰੀ ਸਕੂਲ ਤੋਂ ਹੀ ਕੀਤੀ। ਮਨੋਹਰ ਲਾਲ ਪੰਜ ਭਰਾ ਅਤੇ ਤਿੰਨ ਭੈਣਾਂ ਸਨ। ਮਨੋਹਰ ਲਾਲ 1971 ਵਿੱਚ ਸੀ. ਆਰ. ਪੀ. ਐਫ. ਵਿੱਚ ਭਰਤੀ ਹੋਏ। ਭਾਰਤੀ ਹੋਣ ਤੋਂ ਬਾਅਦ ਇਹਨਾਂ ਨੂੰ ਟ੍ਰੇਨਿੰਗ ਲਈ ਗਰੁੱਪ ਸੈਂਟਰ ਨੀਮਚ ਵਿੱਚ ਭੇਜਿਆ ਗਿਆ। ਟਰੇਨਿੰਗ ਸੈਂਟਰ ਪਹੁੰਚਣ ਤੇ ਇਹਨਾਂ ਨੂੰ ਉਸਤਾਦ ਰਾਜ ਸਿੰਘ ਮਿਲੇ। ਰਾਜ ਸਿੰਘ ਨੇ ਇਹਨਾਂ ਨੂੰ ਸੀ.ਆਰ.ਪੀ.ਐਫ. ਦੀ ਜਾਣਕਾਰੀ ਦਿੱਤੀ ਅਤੇ ਦੂਸਰੇ ਦਿਨ ਇਹਨਾਂ ਨੂੰ ਦਫਤਰ ਲੈ ਗਏ। ਜਿੱਥੇ ਇਹਨਾਂ ਨੂੰ ਫੋਰਸ ਨੰਬਰ ਅਤੇ ਸੀ.ਆਰ.ਪੀ.ਐਫ. ਦਾ ਹੋਰ ਜਰੂਰੀ ਸਮਾਨ ਵੀ ਦਿੱਤਾ ਗਿਆ।

ਕੁਝ ਹੀ ਦਿਨਾਂ ਵਿੱਚ ਇਹਨਾਂ ਜਵਾਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਟ੍ਰੇਨਿੰਗ ਦੇ ਨਾਲ ਮਨੋਹਰ ਲਾਲ ਸ਼ਾਮ ਦੇ ਸਮੇਂ ਸੀ.ਆਰ.ਪੀ.ਐਫ.  ਦੇ ਉਸਤਾਦਾਂ ਨਾਲ ਖੇਡ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦੇ। ਟਰੇਨਿੰਗ ਵਿੱਚ ਮਨੋਹਰ ਲਾਲ ਨੇ ਵਾਲੀਬਾਲ ਦੀ ਖੇਡ ਵੀ ਖੇਡੀ ਅਤੇ ਹੋਰ ਕਈ ਟੂਰਨਾਮੈਂਟ ਵੀ ਜਿੱਤੇ। ਇਹਨਾਂ ਦੀ ਟੀਮ ਕੈਂਪ ਦੇ ਨੇੜਲੇ ਪਿੰਡਾਂ ਵਿੱਚ ਵੀ ਖੇਡਣ ਜਾਂਦੀ ਸੀ। ਟਰੇਨਿੰਗ ਕਰਦੇ ਸਮੇਂ ਮਨੋਹਰ ਲਾਲ ਨੂੰ ਸਾਰੇ ਉਸਤਾਦ ਬਹੁਤ ਪਿਆਰ ਕਰਦੇ ਸਨ। ਪਰੇਡ ਵਿੱਚ ਵੀ ਇਸ ਨੂੰ ਹਮੇਸ਼ਾ ਗਾਈਡ ਵਜੋਂ ਹੀ ਲਗਾਇਆ ਜਾਂਦਾ ਸੀ। ਘੋੜੇ ਤੇ ਚੜਨਾ, ਰੱਸਾ ਟੱਪਣਾ, ਟਾਇਰਾਂ ਵਿੱਚੋਂ ਨਿਕਲਣਾ ਅਤੇ ਸੀ.ਆਰ.ਪੀ.ਐਫ. ਦੇ ਸਾਰੇ ਸਟੰਟ ਬਹੁਤ ਹੀ ਆਰਾਮ ਨਾਲ ਕਰ ਲੈਂਦੇ ਸੀ। ਪਰੇਡ ਗਰਾਊਂਡ ਤੋਂ ਬਾਅਦ ਮਨੋਹਰ ਲਾਲ ਨੂੰ ਦਫਤਰੀ ਕੰਮਾਂ ਲਈ ਵੀ ਲੈ ਜਾਂਦੇ। ਬੇਸਿਕ ਟਰੇਨਿੰਗ ਪੂਰੀ ਹੋਣ ਨੂੰ ਜਾ ਰਹੀ ਸੀ ਅਤੇ ਮਨੋਹਰ ਲਾਲ ਕੁਝ ਬਿਮਾਰ ਹੋ ਗਏ, ਪਰ ਡਾਕਟਰਾਂ ਦੀ ਦੇਖਭਾਲ ਵਿੱਚ ਬਹੁਤ ਜਲਦੀ ਠੀਕ ਹੋ ਕੇ ਮੈਦਾਨ ਵਿੱਚ ਆ ਗਏ ਅਤੇ ਆਪਣੀ ਟ੍ਰੇਨਿੰਗ ਪਾਸ ਕਰ ਲਈ।

ਇਹਨਾਂ ਸਾਰਿਆਂ ਜਵਾਨਾਂ ਦੀ ਜੰਗਲ ਕੈਂਪ ਦੀ ਤਿਆਰੀ ਹੋ ਗਈ। ਜੰਗਲ ਕੈਂਪ ਵਿੱਚ ਵੀ ਮਨੋਹਰ ਲਾਲ ਆਪਣੀ ਟ੍ਰੇਨਿੰਗ ਦੇ ਵਿੱਚ ਖੇਡਾਂ ਵੱਲ ਵੀ ਪੂਰਾ ਧਿਆਨ ਰੱਖਦੇ ਸਨ। ਮਨੋਹਰ ਲਾਲ ਆਪਣੇ ਨਾਲ ਦੇ ਸਾਥੀਆਂ ਦੀ ਵੀ ਬਹੁਤ ਮਦਦ ਕਰਦਾ ਸੀ। ਇੱਕ ਦਿਨ ਜੰਗਲ ਵਿੱਚ ਕੁਝ ਮੁਕਾਬਲੇ ਚੱਲ ਰਹੇ ਸਨ ਤਾਂ ਮਨੋਹਰ ਲਾਲ ਨੇ ਇਹ ਮੁਕਾਬਲਾ ਵੀ ਜਿੱਤ ਲਿਆ। ਸੀਨੀਅਰ ਅਧਿਕਾਰੀਆਂ ਨੇ ਮਨੋਹਰ ਲਾਲ ਨੂੰ ਉਹਨਾਂ ਦੇ ਗਰੁੱਪ ਦਾ ਇੰਚਾਰਜ ਬਣਾ ਦਿੱਤਾ। ਉਸਤਾਦਾਂ ਤੋਂ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਜੰਗਲ ਦੀ ਹਰ ਗੱਲ ਆਪਣੇ ਉਸਤਾਦਾਂ ਨਾਲ ਸਾਂਝੀ ਕਰਦਾ। ਜੰਗਲ ਕੈਂਪ ਦੀ ਟਰੇਨਿੰਗ ਦੇ ਅਖੀਰ ਵਾਲੇ ਦਿਨ ਜੰਗਲ ਵਿੱਚ ਇੱਕ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੀ ਮਨੋਹਰ ਲਾਲ ਨੇ ਬਹੁਤ ਚੰਗੇ ਨਤੀਜੇ ਦਿੱਤੇ। ਟ੍ਰੇਨਿੰਗ ਪੂਰੀ ਹੋਣ ਤੇ ਸਾਰੇ ਜਵਾਨ ਆਪਣੇ ਟ੍ਰੇਨਿੰਗ ਸੈਂਟਰ ਪਹੁੰਚ ਗਏ ਅਤੇ ਕੁਝ ਦਿਨ ਦੀ ਛੁੱਟੀ ਤੇ ਸਾਰੇ ਜਵਾਨਾਂ ਨੂੰ ਆਪਣੀ ਆਪਣੇ ਘਰ ਭੇਜਿਆ ਗਿਆ।

ਮਨੋਹਰ ਲਾਲ ਜਦੋਂ ਆਪਣੇ ਪਿੰਡ ਪਹੁੰਚਿਆ ਤਾਂ ਇਹਨਾਂ ਦੇ ਪਿਤਾ ਸਰਵਣ ਦਾਸ ਆਪਣੇ ਦੋਸਤਾਂ ਸਮੇਤ ਮਨੋਹਰ ਲਾਲ ਦਾ ਸਵਾਗਤ ਕਰਨ ਲਈ ਘਰੋਂ ਬਾਹਰ ਆਏ। ਉਹਨਾਂ ਨੇ ਬੜੇ ਹੀ ਸ਼ਾਨੋ ਸ਼ੌਕਤ ਨਾਲ ਬੇਟੇ ਨੂੰ ਘਰ ਲਿਆਂਦਾ ਤਾਂ ਸਭ ਤੋਂ ਪਹਿਲਾਂ ਮਨੋਹਰ ਲਾਲ ਨੇ ਆਪਣੀ ਮਾਤਾ ਦੇ ਪੈਰ ਚੁੰਮੇ। ਮਾਤਾ ਨੇ ਘੁੱਟ ਕੇ ਮਨੋਹਰ ਲਾਲ ਨੂੰ ਗਲਵੱਕੜੀ ਵਿੱਚ ਲਿਆ ਤੇ ਪੁੱਤਰ ਨੂੰ ਅਸੀਸਾਂ ਅਤੇ ਆਸ਼ੀਰਵਾਦ ਦਿੱਤਾ। ਪੁੱਤ ਨੇ ਵੀ ਆਪਣੀ ਮਾਂ ਨੂੰ ਘੁੱਟ ਕੇ ਗਲ ਲਗਾਇਆ ਅਤੇ ਬਾਕੀ ਪਰਿਵਾਰ ਨੂੰ ਵੀ ਬੜੀ ਖੁਸ਼ੀ ਨਾਲ ਮਿਲੇ। ਪਿੰਡ ਦੇ ਲੋਕ ਮਨੋਹਰ ਲਾਲ ਨੂੰ ਮਿਲਣ ਲਈ ਇਹਨਾਂ ਦੇ ਘਰ ਆ ਰਹੇ ਸਨ। ਸੀ.ਆਰ.ਪੀ.ਐਫ. ਦੀ ਟ੍ਰੇਨਿੰਗ ਬਾਰੇ ਚਰਚਾ ਕਰਦੇ ਤੇ ਟ੍ਰੇਨਿੰਗ ਦੀਆਂ ਗੱਲਾਂ ਸੁਣ ਸੁਣ ਕੇ ਹਰ ਨੌਜਵਾਨ ਦੇ ਦਿਲ ਵਿੱਚ ਭਰਤੀ ਹੋਣ ਦੀ ਉਮੰਗ ਪੈਦਾ ਹੁੰਦੀ। ਸੀ.ਆਰ.ਪੀ.ਐਫ. ਦੀ ਸਾਰੀ ਚਰਚਾ ਲੋਕਾਂ ਨਾਲ ਕਰਨ ਤੋਂ ਬਾਅਦ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਖੁੱਲੀ ਗਰਾਉਂਡ ਵਿੱਚ ਲਿਜਾ ਕੇ ਕੁਝ ਟਰੇਨਿੰਗ ਦੇ ਸਟੰਟ ਵੀ ਕਰਦੇ ਤੇ ਦਿਖਾਉਂਦੇ। ਇਸੇ ਤਰ੍ਹਾਂ ਮਨੋਹਰ ਲਾਲ ਦੀ ਛੁੱਟੀ ਖਤਮ ਹੋ ਗਈ ਅਤੇ ਵਾਪਸ ਆਪਣੀ ਬਟਾਲੀਅਨ ਵਿੱਚ ਚਲੇ ਗਏ।

ਘਰ ਵਾਲਿਆਂ ਨੇ ਇਹਨਾਂ ਦੇ ਵਿਆਹ ਦੀ ਚਰਚਾ ਸ਼ੁਰੂ ਕਰ ਦਿੱਤੀ ਅਤੇ ਮਨੋਹਰ ਲਾਲ ਨੂੰ ਚਿੱਠੀ ਰਾਹੀਂ ਸੂਚਿਤ ਕਰ ਦਿੱਤਾ ਗਿਆ। ਮਨੋਹਰ ਲਾਲ ਨੇ ਆਪਣੇ ਵਿਆਹ ਦੀ ਸਾਰੀ ਜਿੰਮੇਵਾਰੀ ਘਰਦਿਆਂ ਨੂੰ ਸੌਂਪ ਦਿੱਤੀ। ਘਰਦਿਆਂ ਨੇ ਇਹਨਾਂ ਦਾ ਵਿਆਹ ਰੱਖ ਦਿੱਤਾ ਅਤੇ ਮਨੋਹਰ ਲਾਲ ਛੁੱਟੀ ਲੈ ਕੇ ਆਪਣੇ ਪਿੰਡ ਆ ਗਏ। ਮਨੋਹਰ ਲਾਲ ਦਾ ਵਿਆਹ ਬਨਸ਼ੋ ਦੇਵੀ ਨਾਲ ਹੋ ਗਿਆ। ਬਨਸੋ ਦੇਵੀ ਵੀ ਇੱਕ ਕੀਰਤ ਕਰਨ ਵਾਲੇ ਪਰਿਵਾਰ ਤੋਂ ਸੀ। ਮਨੋਹਰ ਲਾਲ ਵਿਆਹ ਤੋਂ ਬਾਅਦ ਵਾਪਸ ਆਪਣੀ ਯੂਨਿਟ ਵਿੱਚ ਚਲੇ ਗਏ।

ਯੂਨਿਟ ਵਿੱਚ ਪਹੁੰਚਣ ਤੇ ਆਪਣੇ ਦੋਸਤਾਂ ਨਾਲ ਵਿਆਹ ਦੀ ਖੁਸ਼ੀ ਸਾਂਝੀ ਕੀਤੀ ਅਤੇ ਸੀਨੀਅਰ ਅਧਿਕਾਰੀਆਂ ਤੋਂ ਆਸ਼ੀਰਵਾਦ ਵੀ ਲਿਆ। ਮਨੋਹਰ ਲਾਲ ਦੀ ਬਟਾਲੀਅਨ ਉਸ ਸਮੇਂ ਮਨੀਪੁਰ ਵਿਖੇ ਡਿਊਟੀ ਕਰ ਰਹੀ ਸੀ। ਮਨੋਹਰ ਲਾਲ ਆਪਣੀ ਡਿਊਟੀ ਨੂੰ ਪਹਿਲ ਦੇ ਅਧਾਰ ਤੇ ਨਿਭਾਂਦੇ ਸਨ। ਇਸ ਤਰ੍ਹਾਂ ਮਨੋਹਰ ਲਾਲ ਸੀ.ਆਰ.ਪੀ.ਐਫ. ਦੇ ਹੁਕਮਾਂ ਅਨੁਸਾਰ ਛੁੱਟੀ ਆਉਂਦੇ ਅਤੇ ਛੁੱਟੀ ਕੱਟ ਕੇ ਵਾਪਸ ਆ ਜਾਂਦੇ। ਮਨੋਹਰ ਲਾਲ ਦੇ ਘਰ ਦੋ ਬੇਟੇ ਅਤੇ ਦੋ ਬੇਟੀਆਂ ਨੇ ਜਨਮ ਲਿਆ। ਛੁੱਟੀ ਵਿੱਚ ਘਰ ਆ ਕੇ ਮਨੋਹਰ ਲਾਲ ਆਪਣੇ ਨੰਨੇ ਮੁੰਨੇ ਬੱਚਿਆਂ ਨਾਲ ਛੁੱਟੀ ਬਤੀਤ ਕਰਦੇ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਵੀ ਪ੍ਰੇਰਿਤ ਕਰਦੇ ਰਹਿੰਦੇ। ਛੁੱਟੀ ਕੱਟਣ ਤੋਂ ਬਾਅਦ ਮਨੋਹਰ ਲਾਲ ਵਾਪਸ ਆਪਣੀ ਬਟਾਲੀਅਨ ਵਿੱਚ ਪਹੁੰਚ ਗਏ।

ਮਨੀਪੁਰ ਵਿੱਚ ਅੱਤਵਾਦੀਆਂ ਦਾ ਲੋਕਾਂ ਤੇ ਬਹੁਤ ਕਹਿਰ ਜਾਰੀ ਸੀ। ਸਰਕਾਰੀ ਇਮਾਰਤਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਸੀ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਉੱਥੇ ਪਹੁੰਚਣ ਤੇ ਅੱਤਵਾਦੀਆਂ ਨੂੰ ਭੱਜਾ ਦਿੱਤਾ। ਹਰ ਰੋਜ਼ ਕੋਈ ਨਾ ਕੋਈ ਅੱਤਵਾਦੀ ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਕੋਲ ਆਤਮ ਸਮਰਪਣ ਕਰ ਦਿੰਦੇ। ਇਸ ਤਰ੍ਹਾਂ ਮਨੋਹਰ ਲਾਲ ਦੀ ਟੀਮ ਨੇ ਬਹੁਤ ਸਾਰੇ ਅੱਤਵਾਦੀ ਕਾਬੂ ਕਰ ਲਏ। ਬਹੁਤ ਸਾਰੇ ਅੱਤਵਾਦੀ ਸੀ.ਆਰ.ਪੀ.ਐਫ. ਦੇ ਇਨਕਾਊਂਟਰਾਂ ਵਿੱਚ ਮਾਰੇ ਵੀ ਗਏ।

ਮਨੀਪੁਰ ਦੇ ਅੱਤਵਾਦੀ ਵੀ ਹਰ ਰੋਜ਼ ਸੜਕਾਂ ਤੇ ਬਲਾਸਟ ਕਰ ਦਿੰਦੇ ਪਰ ਸੀ.ਆਰ.ਪੀ.ਐਫ.  ਦੇ ਜਵਾਨਾਂ ਨੇ ਇਹਨਾਂ ਅੱਤਵਾਦੀਆਂ ਨੂੰ ਉਥੋਂ ਭੱਜਣ ਲਈ ਮਜਬੂਰ ਕਰ ਦਿੱਤਾ। ਮਨੀਪੁਰ ਦੇ ਅੱਤਵਾਦੀ ਸੀ.ਆਰ.ਪੀ.ਐਫ. ਦੀਆਂ ਟੁਕੜੀਆਂ ਦਾ ਪਿੱਛਾ ਕਰਦੇ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਪਰ ਸੀ.ਆਰ.ਪੀ.ਐਫ. ਦੇ ਜਵਾਨ ਬੜੀ ਹੁਸ਼ਿਆਰੀ ਨਾਲ ਆਪਣੇ ਕੈਂਪਾਂ ਵਿੱਚ ਵਾਪਸ ਆ ਜਾਂਦੇ।

12 ਜੂਨ 1997 ਨੂੰ ਮਨੀਪੁਰ ਵਿੱਚ ਸੀ.ਆਰ.ਪੀ.ਐਫ. ਦੇ 133 ਬਟਾਲੀਅਨ ਦੀ ਤਾਇਨਾਤੀ ਕੀਤੀ ਗਈ ਸੀ, ਸ਼ਹੀਦ ਐਚਸੀ ਮਨੋਹਰ ਲਾਲ ਨੇ ਇੱਕ ਭਿਆਨਕ ਮੁਕਾਬਲੇ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਮੁੱਠਭੇੜ ਦੇ ਦੌਰਾਨ ਉਹ ਲੁਕੇ ਹੋਏ ਵਿਦਰੋਹੀਆਂ ‘ਤੇ ਬੇਰਹਿਮੀ ਨਾਲ ਅੱਗੇ ਵਧਿਆ ਅਤੇ ਬੇਰਹਿਮੀ ਨਾਲ ਹਮਲਾ ਕੀਤਾ। ਉਸਦੇ ਦਲੇਰਾਨਾ ਹਮਲੇ ਨੇ ਵਿਦਰੋਹੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਪਰ ਉਹ ਖੁਦ ਇਸ ਕੋਸ਼ਿਸ਼ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸੱਟਾਂ ਦੇ ਬਾਵਜੂਦ ਉਸਨੇ ਵਿਦਰੋਹੀਆਂ ‘ਤੇ ਹਮਲਾ ਜਾਰੀ ਰੱਖਿਆ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਗੋਲੀ ਮਾਰ ਦਿੱਤੀ। ਬਾਅਦ ਵਿਚ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਸ਼ਹੀਦੀ ਪ੍ਰਾਪਤ ਕਰ ਗਿਆ। ਬਹਾਦਰ ਦੀ ਨਿਰਸਵਾਰਥ ਕੁਰਬਾਨੀ ਦੀ ਗਾਥਾ ਉਸਦੀ ਬੇਮਿਸਾਲ ਬਹਾਦਰੀ ਅਤੇ ਫਰਜ਼ ਪ੍ਰਤੀ ਸਮਰਪਣ ਬਾਰੇ ਬਹੁਤ ਕੁਝ ਬੋਲਦੀ ਹੈ। ਉਸਦੀ ਬਹਾਦਰੀ ਅਤੇ ਬਹਾਦਰੀ ਲਈ ਬਹਾਦਰ ਦਿਲ ਨੂੰ ਮਰਨ ਉਪਰੰਤ ਬਹਾਦਰੀ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਸੀਨੀਅਰ ਅਧਿਕਾਰੀਆਂ ਨੇ ਮਨੋਹਰ ਲਾਲ ਦਾ ਸਰੀਰ ਤਿਰੰਗੇ ਵਿੱਚ ਲਪੇਟ ਕੇ 133 ਬਟਾਲੀਅਨ ਹੈਡ ਕੁਆਰਟਰ ਵਿਖੇ ਲਿਆਂਦਾ। ਇਸ ਸ਼ਹੀਦੀ ਦੀ ਜਾਣਕਾਰੀ ਗਰੁੱਪ ਸੈਂਟਰ ਜਲੰਧਰ ਅਤੇ ਉਹਨਾਂ ਦੇ ਪਿੰਡ ਬਹਿਰਾਮਪੁਰ ਵੀ ਦੇ ਦਿੱਤੀ ਗਈ। ਦੋ ਤਿੰਨ ਦਿਨਾਂ ਬਾਅਦ ਮਨੋਹਰ ਲਾਲ ਨੂੰ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਰਾਹੀਂ ਉਹਨਾਂ ਦੇ ਪਿੰਡ ਬਹਿਰਾਮਪੁਰ ਲਿਆਂਦਾ ਗਿਆ। ਇਹ ਗੱਡੀ ਦੇਖਦੇ ਹੀ ਪਰਿਵਾਰ ਅਤੇ ਪਿੰਡ ਵਿੱਚ ਹਾਹਾਕਾਰ ਮੱਚ ਗਈ। ਸਾਰੇ ਲੋਕ ਗੱਡੀ ਦੇ ਆਲੇ ਦੁਆਲੇ ਇਕੱਠੇ ਹੋ ਗਏ ਅਤੇ ਮਨੋਹਰ ਲਾਲ ਦੀ ਧਰਮ ਪਤਨੀ ਬਨਸੋ ਦੇਵੀ ਬੱਚਿਆਂ ਨੂੰ ਨਾਲ ਲੈ ਕੇ ਰੋਂਦੀ ਕੁਰਲਾਉਂਦੀ ਗੱਡੀ ਕੋਲ ਆ ਪਹੁੰਚੀ। ਮਨੋਹਰ ਲਾਲ ਦਾ ਸਰੀਰ ਦੇਖ ਕੇ ਸਾਰੇ ਲੋਕ ਢਾਹਾਂ ਮਾਰ ਮਾਰ ਕੇ ਰੋ ਰਹੇ ਸਨ। ਉਹਨਾਂ ਦੇ ਪਿਤਾ, ਪਤਨੀ ਬਨਸੋ ਦੇਵੀ ਅਤੇ ਬੱਚਿਆਂ ਨੂੰ ਸੰਭਾਲ ਰਹੇ ਸਨ।

ਸੀ.ਆਰ.ਪੀ.ਐਫ.  ਦੇ ਸੀਨੀਅਰ ਅਧਿਕਾਰੀ ਇਸ ਗੱਡੀ ਨੂੰ ਲੈ ਕੇ ਸੰਸਕਾਰ ਲਈ ਸਿਵਿਆਂ ਨੂੰ ਚੱਲ ਪਏ। ਪਿੰਡ ਦੇ ਲੋਕਾਂ ਦੇ ਹੱਥਾਂ ਵਿੱਚ ਤਿਰੰਗੇ ਝੰਡੇ ਫੜੇ ਹੋਏ ਸਨ। ਸ਼ਹੀਦ ਮਨੋਹਰ ਲਾਲ ਜਿੰਦਾਬਾਦ, ਸ਼ਹੀਦ ਮਨੋਹਰ ਲਾਲ ਅਮਰ ਰਹੇ, ਸੀ.ਆਰ.ਪੀ.ਐਫ. ਜਿੰਦਾਬਾਦ ਦੇ ਨਾਅਰੇ ਲੱਗਦੇ ਰਹੇ। ਸਿਵਿਆਂ ਤੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਸੰਸਕਾਰ ਦੀ ਤਿਆਰੀ ਕਰ ਲਈ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਫਾਇਰ ਕਰਕੇ ਸਲਾਮੀ ਦਿੱਤੀ ਅਤੇ ਮੌਕੇ ਦੇ ਡੀ ਆਈ ਜੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਜਿਲ੍ਹੇ ਦੇ ਡੀਸੀ, ਐਸਐਸਪੀ, ਐਸਡੀਐਮ ਅਤੇ ਡੀਐਸਪੀ ਨੇ ਵੀ ਸ਼ਹੀਦ ਮਨੋਹਰ ਲਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹਨਾਂ ਦੇ ਪਿਤਾ ਵੱਲੋਂ ਸ਼ਹੀਦ ਮਨੋਹਰ ਲਾਲ ਨੂੰ ਅਗਨੀ ਭੇਟ ਕੀਤਾ ਗਿਆ।

ਸੀ.ਆਰ.ਪੀ.ਐਫ.  ਦੇ ਅਧਿਕਾਰੀਆਂ ਨੇ ਸ਼ਹੀਦ ਮਨੋਹਰ ਲਾਲ ਦੀ ਧਰਮ ਪਤਨੀ ਅਤੇ ਬੱਚਿਆਂ ਨੂੰ ਸੀ.ਆਰ.ਪੀ.ਐਫ. ਗਰੁੱਪ ਸੈਂਟਰ ਜਲੰਧਰ ਵਿਖੇ ਬੁਲਾਇਆ, ਜਿੱਥੇ ਡੀਆਈਜੀ ਸਰ ਨੇ ਉਹਨਾਂ ਦਾ ਮਾਨ ਸਨਮਾਨ ਕੀਤਾ ਅਤੇ ਪੁਲਿਸ ਮੈਡਲ ਵੀ ਦਿੱਤਾ। ਪਰਿਵਾਰ ਇਸ ਮੈਡਲ ਨੂੰ ਦੇਖ ਕੇ ਰੋ ਰਿਹਾ ਸੀ ਅਤੇ ਸ਼ਹੀਦ ਮਨੋਹਰ ਲਾਲ ਤੇ ਮਾਣ ਵੀ ਮਹਿਸੂਸ ਕਰ ਰਿਹਾ ਸੀ। 2014 ਵਿੱਚ ਗਰੁੱਪ ਸੈਂਟਰ ਦੇ ਡੀਆਈਜੀ ਸੁਨੀਲ ਥੋਰਪੇ ਨੇ ਸ਼ਹੀਦ ਮਨੋਹਰ ਲਾਲ ਦੇ ਪਰਿਵਾਰ ਨੂੰ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਮਿਲਵਾਇਆ।

ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਇਹਨਾਂ ਦਾ ਮਾਨ ਸਨਮਾਨ ਕੀਤਾ ਅਤੇ ਪੁਲਿਸ ਮੈਡਲ ਦੀਆਂ ਕੁਝ ਤਸਵੀਰਾਂ ਵੀ ਲਈਆਂ। ਪੁਲਿਸ ਮੈਡਲ ਦੇਖ ਕੇ ਐਸੋਸੀਏਸ਼ਨ ਦੇ ਸਾਰੇ ਜਵਾਨਾਂ ਨੇ ਤਾੜੀਆਂ ਮਾਰ ਕੇ ਸ਼ਹੀਦ ਮਨੋਹਰ ਲਾਲ ਦੇ ਪਰਿਵਾਰ ਦਾ ਸਵਾਗਤ ਕੀਤਾ ਅਤੇ ਸ਼ਹੀਦ ਮਨੋਹਰ ਲਾਲ ਨੂੰ ਫੁੱਲ ਮਾਲਾ ਵੀ ਭੇਟ ਕੀਤੀ ਗਈ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵਚਨਬੰਧ ਹੈ ਕਿ ਇਹਨਾਂ ਸ਼ਹੀਦਾਂ ਦਾ ਮਾਨ ਸਨਮਾਨ ਹਰ ਸਾਲ ਹੁੰਦਾ ਰਹੇਗਾ ਅਤੇ ਇਹਨਾਂ ਸ਼ਹੀਦਾਂ ਦੀਆਂ ਯਾਦਾਂ ਨੂੰ ਸਮੇਂ ਸਮੇਂ ਤੇ ਤਾਜ਼ਾ ਰੱਖਿਆ ਜਾਵੇਗਾ। ਭਾਰਤ ਸਰਕਾਰ ਵੱਲੋਂ ਇਸ ਪੁਲਿਸ ਮੈਡਲ ਦੀਆਂ ਸਾਰੀਆਂ ਸਹੂਲਤਾਂ ਇਸ ਪਰਿਵਾਰ ਨੂੰ ਦਿੱਤੀਆਂ ਹਨ ਅਤੇ ਪਰਿਵਾਰ ਸੀ.ਆਰ.ਪੀ.ਐਫ. ਅਤੇ ਸਰਕਾਰ ਦਾ ਧੰਨਵਾਦ ਕਰਦੇ ਹਨ।

🇮🇳 तन की मोहब्बत में, खुद को तपाये बैठे हैं,
मरेंगे वतन के लिए, शर्त मौत से लगाये बैठे हैं।🇮🇳

ਜੈ ਹਿੰਦ 🙏🫡

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top