ਚੰਡੀਗੜ੍ਹ, 23 ਅਪ੍ਰੈਲ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿੱਚ 10-12 ਘੰਟਿਆਂ ਤੱਕ ਦੇ ਲੱਗ ਰਹੇ ਬਿਜਲੀ ਦੇ ਬੇਹਿਸਾਬ ਲੰਬੇ-ਲੰਬੇ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਕੱਟ ਉਸ ਵੇਲੇ ਲਗਾਈ ਜਾ ਰਹੇ ਹਨ, ਜਦੋਂ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਅਤੇ ਸੂਬਾ ਅਚਾਨਕ ਭਿਆਨਕ ਲੂ ਦਾ ਸਾਹਮਣਾ ਕਰ ਰਿਹਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀਐਸਪੀਸੀਐਲ) ਦੇ ਇਸ ਦਾਅਵੇ ’ਤੇ ਵੀ ਸਵਾਲ ਕੀਤਾ ਹੈ ਕਿ ਬਿਜਲੀ ਕੱਟ “ਯੋਜਨਾਬੱਧ” ਹਨ ਅਤੇ ਇਹ ਮੇਂਟੇਨੈਂਸ ਸਬੰਧੀ ਕਾਰਨਾਂ ਕਰਕੇ ਲਗਾਏ ਜਾ ਰਹੇ ਹਨ।
ਉਨ੍ਹਾਂ ਨੇ ਸਵਾਲ ਕੀਤਾ ਕਿ ਇਹ ਕੰਮ ਸਰਦੀਆਂ ਦੇ ਮੌਸਮ ਦੌਰਾਨ ਕਿਉਂ ਨਹੀਂ ਕੀਤਾ ਗਿਆ, ਜਦੋਂ ਬਿਜਲੀ ਦੀ ਮੰਗ ਘੱਟ ਹੁੰਦੀ ਹੈ ਅਤੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਕਾਰਨ ਕੋਈ ਵੱਡੀ ਪਰੇਸ਼ਾਨੀ ਨਹੀਂ ਹੁੰਦੀ।
ਵੜਿੰਗ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਇਕ ਹੋਰ ਸ਼ੱਕੀ ਉਪਲਬਧੀ ਹੈ ਕਿ ਇਸਨੇ ਪਾਵਰ ਸਰਪਲੱਸ ਪੰਜਾਬ ਨੂੰ ਪਾਵਰ ਡਿਫਿਸਿਟ ਸੂਬਾ ਬਣਾ ਦਿੱਤਾ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੂਬੇ ਭਰ ਦੇ ਉਦਯੋਗਾਂ ਨੂੰ ਹਰ ਰੋਜ਼ ਲਗਭਗ 500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ, ਲੋਕ ਭਿਆਨਕ ਗਰਮੀ ਵਿੱਚ ਬਿਜਲੀ ਤੋਂ ਬਿਨਾਂ ਪਰੇਸ਼ਾਨ ਹੋ ਰਹੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਿਜਲੀ ਕੱਟ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵਰਗੇ ਉਦਯੋਗਿਕ ਸ਼ਹਿਰਾਂ ਦੇ ਨਾਲ-ਨਾਲ ਪਟਿਆਲਾ ਅਤੇ ਬਠਿੰਡਾ ਵਿੱਚ ਵੀ ਲੱਗ ਰਹੇ ਹਨ।
ਉਨ੍ਹਾਂ ਨੇ ਸ਼ੰਕਾ ਜਤਾਈ ਕਿ ਜਦੋਂ ਝੌਨੇ ਦੀ ਬਿਜਾਈ ਸ਼ੁਰੂ ਹੋਵੇਗੀ, ਤਾਂ ਵੱਧ ਲੋਡ ਕਾਰਨ ਸਥਿਤੀ ਹੋਰ ਵਿਗੜ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਆਪ ਦੀ ਸਰਕਾਰ ਇਸ ਸਥਿਤੀ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ।

















































