ਪੰਜਾਬ ਨੂੰ ਬਰਬਾਦ ਕਰਨ ਲਈ ਆਪ ਨੂੰ ‘ਪਸ਼ਚਾਤਾਪ ਯਾਤਰਾ’ ਕੱਢਣੀ ਚਾਹੀਦੀ ਹੈ: ਵੜਿੰਗ

ਚੰਡੀਗੜ੍ਹ, 8 ਮਈ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਸ਼ੁਕਰਾਨਾ ਯਾਤਰਾ’ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ‘ਤੇ ਤੰਜ ਕੱਸਦਿਆਂ, ਕਿਹਾ ਹੈ ਕਿ ਆਪ ਨੂੰ ਅਸਲਿਅਤ ਵਿੱਚ ਪੰਜਾਬ ਨੂੰ ਬਰਬਾਦ ਕਰਨ, ਖਾਸ ਕਰਕੇ ਨਸ਼ਿਆਂ ਅਤੇ ਗੈਂਗਸਟਰ ਕਲਚਰ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਤਬਾਹ ਕਰਨ ਲਈ “ਪਸ਼ਚਾਤਾਪ ਯਾਤਰਾ” ਕੱਢਣੀ ਚਾਹੀਦੀ ਹੈ।

ਇਸ ਦੌਰਾਨ ਮੁੱਖ ਮੰਤਰੀ ਦੀ ‘ਸ਼ੁਕਰਾਨਾ ਯਾਤਰਾ’ ‘ਤੇ ਪ੍ਰਤੀਕਿਰਿਆ ਦਿੰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਜਿੱਥੇ ਆਪ ਨੂੰ ਪੰਜਾਬ ਦੇ ਲੋਕਾਂ ਵੱਲੋਂ ਭਾਰੀ ਬਹੁਮਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਉੱਥੇ ਹੀ ਉਸਨੂੰ ਇਹ ਗੱਲ ਲਈ ਵੀ “ਆਤਮ-ਮੰਥਨ ਅਤੇ ਮੁਆਫੀ” ਮੰਗਣੀ ਚਾਹੀਦੀ ਹੈ ਕਿ ਉਸਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰੀ ਹੈ।

ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ‘ਸ਼ੁਕਰਾਨਾ ਯਾਤਰਾ’ ਆਪ ਦੀ ਆਪਣੀ ਵਾਹ-ਵਾਹ ਖੱਟਣ ਵਾਸਤੇ ਇਕ ਨਾਟਕਬਾਜ਼ੀ ਹੈ, ਜਿਸ ਰਾਹੀਂ ਉਹ ਕੁਝ ਨਾ ਕਰਕੇ ਵੀ ਲਾਹਾ ਲੈਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਇਹ ਦਿਖਾਉਣਾ ਚਾਹੁੰਦੀ ਹੈ, ਜਿਵੇਂ ਕਿ ਸਖ਼ਤ ਬੇਅਦਬੀ ਵਿਰੋਧੀ ਕਾਨੂੰਨ ਬਣਾਉਣ ਵਾਲੀ ਉਹ ਪਹਿਲੀ ਸਰਕਾਰ ਹੋਵੇ।

ਉਨ੍ਹਾਂ ਨੇ ਕਿਹਾ ਕਿ ਆਪ ਤੋਂ ਪਹਿਲਾਂ ਦੀਆਂ ਵੱਖ-ਵੱਖ ਸਰਕਾਰਾਂ ਪਹਿਲਾਂ ਹੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾ ਚੁੱਕੀਆਂ ਹਨ ਅਤੇ ਆਪ ਨੇ ਸਿਰਫ਼ ਪੁਰਾਣੇ ਕਾਨੂੰਨ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ ਹੁਣ ਉਸਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ।

ਵੜਿੰਗ ਨੇ ਕਿਹਾ ਕਿ ਆਪ ਨੂੰ ਤੁਰੰਤ ਪੰਜਾਬ ਭਰ ਵਿੱਚ ਇੱਕ ਯਾਤਰਾ ਕੱਢਣੀ ਚਾਹੀਦੀ ਹੈ ਅਤੇ ਉਸਦਾ ਨਾਂਮ “ਪਸ਼ਚਾਤਾਪ ਯਾਤਰਾ” ਰੱਖਣਾ ਚਾਹੀਦਾ ਹੈ, ਕਿਉਂਕਿ ਉਸਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਅਤੇ ਸੂਬੇ ਵਿੱਚ ਨਸ਼ੇ ਤੇ ਗੈਂਗਸਟਰ ਕਲਚਰ ਨੂੰ ਫਲਣ-ਫੂਲਣ ਦਿੱਤਾ ਹੈ। ਸ਼ਾਇਦ ਪੰਜਾਬ ਦੇ ਲੋਕ ਤੁਹਾਨੂੰ ਮਾਫ਼ ਕਰ ਦੇਣ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਤੁਹਾਡੀਆਂ ‘ਸ਼ੁਕਰਾਨਾ ਯਾਤਰਾਵਾਂ’ ਦੀ ਲੋੜ ਨਹੀਂ ਹੈ, ਉਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਇਨ੍ਹਾਂ ਸਾਲਾਂ ਦੌਰਾਨ ਝੂਠੇ ਵਾਅਦੇ ਦੁਹਰਾਉਣ ਅਤੇ ਗਲਤ ਦਾਅਵੇ ਕਰਨ ਤੋਂ ਇਲਾਵਾ, ਹੋਰ ਕੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਆਪ ਨੂੰ ਪੰਜਾਬੀਆਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।

Leave a Comment

Your email address will not be published. Required fields are marked *

Scroll to Top