ਕਮਿਸ਼ਨਰ ਨਗਰ ਨਿਗਮ ਨੇ ਵਿਦਿਆਰਥੀਆਂ ਨੂੰ ਪੂਰੇ ਅਨੁਸ਼ਾਸਨ, ਸਮਰਪਣ ਤੇ ਲਗਨ ਨਾਲ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਿਆ

ਜਲੰਧਰ, 18 ਮਈ : ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਅੱਜ ਵਿਦਿਆਰਥੀਆਂ ਨੂੰ ਪੂਰੇ ਅਨੁਸ਼ਾਸਨ, ਸਮਰਪਣ ਅਤੇ ਲਗਨ ਨਾਲ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਿਆ।
ਇਥੇ ਡੀ.ਏ.ਵੀ. ਕਾਲਜ ਜਲੰਧਰ ਵੱਲੋਂ ‘ਆਸ਼ੀਰਵਾਦ 2026’ ਦੇ ਬੈਨਰ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਸਮਰਪਣ, ਅਨੁਸ਼ਾਸਨ ਅਤੇ ਲਗਨ ਸਫ਼ਲਤਾ ਦੀਆਂ ਅਹਿਮ ਕੁੰਜੀਆਂ ਹਨ। ਉਨ੍ਹਾਂ ਕਿਹਾ ਕਿ ਅਨੁਸ਼ਾਸਨ ਵਿੱਚ ਰਹਿ ਕੇ ਲਗਾਤਾਰ ਮਿਹਨਤ ਅਤੇ ਸਮਰਪਣ ਨਾਲ ਵਿਦਿਆਰਥੀ ਉੱਚ ਅਕਾਦਮਿਕ ਮੁਕਾਮ ਹਾਸਲ ਕਰਕੇ ਆਪਣੇ ਭਵਿੱਖ ਦੇ ਨਾਲ-ਨਾਲ ਦੇਸ਼ ਤੇ ਸੂਬੇ ਦਾ ਨਾਮ ਵੀ ਰੌਸ਼ਨ ਕਰ ਸਕਦੇ ਹਨ।
ਉਨ੍ਹਾਂ ਸੰਸਥਾ ਵੱਲੋਂ ਵਿਦਿਆਰਥੀਆਂ ਦਾ ਸਨਮਾਨ ਕਰਨ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਕੀਤੀ ਗਈ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਸਮਾਗਮ ਦੌਰਾਨ ਜਲੰਧਰ ਅਤੇ ਗੁਆਂਢੀ ਜ਼ਿਲ੍ਹਿਆਂ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਹੋਣਹਾਰ ਟਾਪਰਾਂ ਨੂੰ ਸਨਮਾਨਿਤ ਕੀਤਾ ਗਿਆ। 30 ਸਕੂਲਾਂ ਦੇ ਕਰੀਬ 193 ਟਾਪਰਾਂ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਨਕੋਦਰ, ਬਿਲਗਾ, ਕਪੂਰਥਲਾ, ਕਰਤਾਰਪੁਰ, ਲੁਧਿਆਣਾ ਅਤੇ ਕਈ ਹੋਰ ਖੇਤਰਾਂ ਦੇ ਵਿਦਿਆਰਥੀ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਨਾਲ ਸਮਾਗਮ ਵਿੱਚ ਸ਼ਾਮਲ ਹੋਏ।
ਕਾਲਜ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਐਲਾਨ ਕੀਤਾ ਕਿ ਕੋਈ ਵੀ ਯੋਗ ਵਿਦਿਆਰਥੀ ਵਿੱਤੀ ਤੰਗੀਆਂ ਕਾਰਨ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਡੀਏਵੀ ਕਾਲਜ ਜਲੰਧਰ ਦੇ ਦਰਵਾਜ਼ੇ ਹਮੇਸ਼ਾ ਯੋਗ ਅਤੇ ਹੋਣਹਾਰ ਵਿਦਿਆਰਥੀਆਂ ਲਈ ਖੁੱਲ੍ਹੇ ਹਨ, ਜੋ ਜ਼ਿੰਦਗੀ ਵਿੱਚ ਉੱਤਮਤਾ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ।
ਇਸ ਮੌਕੇ ਸੀਨੀਅਰ ਵਾਈਸ ਪ੍ਰਿੰਸੀਪਲ ਡਾ. ਕੁੰਵਰ ਰਾਜੀਵ, ਵਾਈਸ ਪ੍ਰਿੰਸੀਪਲ ਸੋਨਿਕਾ ਦਾਨੀਆ,  ਰਜਿਸਟਰਾਰ ਪ੍ਰੋਫੈਸਰ ਅਸ਼ੋਕ ਕਪੂਰ, ਡਾ. ਮਨੂ ਸੂਦ, ਡਾ. ਰਿਸ਼ੀ ਕੁਮਾਰ, ਪ੍ਰੋ. ਮਨੀਸ਼ ਖੰਨਾ, ਡਾ. ਰੇਣੂਕਾ ਮਲਹੋਤਰਾ,  ਪ੍ਰੋ. ਸ਼ਰਦ ਮਨੋਚਾ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top