ਡਿਪਟੀ ਕਮਿਸ਼ਨਰ ਵਲੋਂ ਪਿੰਡ ਢੰਡੋਵਾਲ ਦੇ ਆਂਗਣਵਾੜੀ ਕੇਂਦਰ ‘ਚ ਕਿਚਨ ਗਾਰਡਨ ਦਾ ਉਦਘਾਟਨ

ਸ਼ਾਹਕੋਟ (ਜਲੰਧਰ), 18 ਅਕਤੂਬਰ :  ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਇਥੋਂ ਨੇੜਲੇ ਪਿੰਡ ਢੰਡੋਵਾਲ ਦੇ ਆਂਗਣਵਾੜੀ ਕੇਂਦਰ ਵਿਖੇ ਪੌਸ਼ਟਿਕ ਆਹਾਰ ਨੂੰ ਪ੍ਰਫੁੱਲਤ ਕਰਨ ਲਈ ਕਿਚਨ ਗਾਰਡਨ ਦਾ ਉਦਘਾਟਨ ਕੀਤਾ।
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸੰਪੂਰਨਤਾ ਅਭਿਆਨ ਤਹਿਤ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਸ਼ਾਹਕੋਟ ਨੂੰ ਐਸਪੀਰੇਸ਼ਨਲ ਬਲਾਕ ਵਜੋਂ ਚੁਣਿਆ ਗਿਆ ਹੈ ਅਤੇ ਇਥੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਾਹਕੋਟ ਬਲਾਕ ਦੇ 30 ਪਿੰਡਾਂ ਦੇ ਆਂਗਣਵਾੜੀ ਕੇਂਦਰਾਂ ਵਿੱਚ ਅਜਿਹੇ ਕਿਚਨ ਗਾਰਡਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਚਨ ਗਾਰਡਨਾਂ ਵਿੱਚ ਪੌਸ਼ਟਿਕ ਗੁਣਾਂ ਵਾਲੇ ਬੂਟੇ ਲਗਾਏ ਜਾਣਗੇ, ਜਿਸਦਾ ਉਦੇਸ਼ ਔਰਤਾਂ ਅਤੇ ਬੱਚਿਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਸਥਾਨਕ ਲੋਕ ਵੀ ਪੌਸ਼ਟਿਕ ਤੱਤਾਂ ਵਾਲੇ ਬੂਟੇ ਆਪਣੇ ਘਰਾਂ ਵਿੱਚ ਲਾਉਣ ਲਈ ਪ੍ਰੇਰਿਤ ਹੋਣਗੇ।
ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ ਹੋਰ ਸਹੂਲਤਾਂ ਮੁੱਹਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮਗਨਰੇਗਾ ਤਹਿਤ ਪਾਰਕ ਬਣਾਇਆ ਜਾਵੇਗਾ, ਜਿਸ ਦੇ ਲਈ ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ  ਨੂੰ ਤਜਵੀਜ ਤਿਆਰ ਕਰ ਕੇ ਭੇਜਣ ਲਈ ਕਿਹਾ। ਉਨ੍ਹਾਂ ਸਖੀ ਵਨ ਸਟਾਪ ਸੈਂਟਰ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਬਾਰੇ ਜਾਣਕਾਰੀ ਵੀ ਦਿੱਤੀ।
ਡਿਪਟੀ ਕਮਿਸ਼ਨਰ ਨੇ ਆਂਗਨਵਾੜੀ ਕੇਂਦਰ ਵਿੱਚ ਬੱਚਿਆਂ ਲਈ ਤਿਆਰ ਕੀਤਾ ਖਾਣਾ ਖਾ ਕੇ ਖਾਣੇ ਦੀ ਗੁਣਵੱਤਾ ਦਾ ਵੀ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਇਸ ਮੌਕੇ ਜਿੱਥੇ ਸੀ. ਐਚ. ਸੀ. ਸ਼ਾਹਕੋਟ ਦੇ ਸਹਿਯੋਗ ਨਾਲ ਬੱਚੀਆਂ ਦਾ ਹੀਮੋਗਲੋਬਿਨ ਚੈਕ ਕਰਨ ਦੀ ਟੈਸਟਿੰਗ ਮੁਹਿੰਮ ਸ਼ੁਰੂ ਕੀਤੀ, ਉਥੇ ਆਂਗਣਵਾੜੀ ਵਰਕਰਾਂ ਵੱਲੋਂ ਪੌਸ਼ਟਿਕ ਆਹਾਰ ਦੀ ਲਗਾਈ ਪ੍ਰਦਰਸ਼ਨੀ ਵੀ ਦੇਖੀ। ਇਸ ਤੋਂ ਇਲਾਵਾ ਉਨ੍ਹਾਂ ਇਕ ਰੁੱਖ ਮਾਂ ਦੇ ਨਾਮ ਮੁਹਿੰਮ ਤਹਿਤ ਬੂਟਾ ਵੀ ਲਗਾਇਆ।
ਇਸ ਮੌਕੇ ਐਸ.ਡੀ.ਐਮ. ਸ਼ਾਹਕੋਟ ਸ਼ੁਭੀ ਆਂਗਰਾ, ਸਿਵਲ ਸਰਜਨ ਡਾ. ਗੁਰਮੀਤ ਲਾਲ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੇ ਭਾਰਤੀ, ਸੀ.ਡੀ.ਪੀ.ਓ. ਰਾਜਵਿੰਦਰ ਕੌਰ, ਐਸ.ਐਮ.ਓ. ਡਾ. ਦੀਪਕ ਕੁਮਾਰ, ਡਿਪਟੀ ਈ.ਐਸ.ਏ. ਅਰੁਣ ਮਹਾਜਨ ਆਦਿ ਵੀ ਮੌਜੂਦ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top