ਬੁਲਟ ਮੋਟਰਸਾਈਕਲ ਦੇ ਸਾਇਲੈਂਸਰ ਰਾਹੀਂ ਪਟਾਕੇ ਵਜਾਉਣ ’ਤੇ ਪਾਬੰਦੀ, ਉਲੰਘਣਾ ਕਰਨ ਵਾਲਿਆਂ ’ਤੇ ਹੋਵੇਗੀ ਕਾਰਵਾਈ

ਜਲੰਧਰ – ਜੁਆਇੰਟ ਕਮਿਸ਼ਨਰ ਪੁਲਿਸ ਸੰਦੀਪ ਸ਼ਰਮਾ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਕਰਦਿਆਂ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਬੁਲਟ ਮੋਟਰਸਾਈਕਲ ਚਲਾਉਂਦੇ ਸਮੇਂ ਸਾਇਲੈਂਸਰ ਵਿੱਚ ਤਕਨੀਕੀ ਫੇਰਬਦਲ ਕਰਵਾ ਕੇ ਪਟਾਕੇ ਆਦਿ ਚਲਾਉਣ ਵਾਲੇ ਵਾਹਨ ਚਾਲਕਾਂ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਅਤੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਦੁਕਾਨਦਾਰ, ਆਟੋ ਕੰਪਨੀ ਵਲੋਂ ਨਿਰਧਾਰਿਤ ਕੀਤੇ ਮਾਪਦੰਡਾਂ ਦੇ ਵਿਰੁੱਧ ਤਿਆਰ ਕੀਤੇ ਸਾਇਲੈਂਸਰ ਨਹੀਂ ਵੇਚੇਗਾ ਅਤੇ ਨਾ ਹੀ ਕਿਸੇ ਮਕੈਨਿਕ ਵਲੋਂ ਸਾਇਲੈਂਸਰਾਂ ਵਿੱਚ ਤਕਨੀਕੀ ਫੇਰ ਬਦਲ ਕੀਤੇ ਜਾਣਗੇ।

ਜੁਆਇੰਟ ਕਮਿਸ਼ਨਰ ਪੁਲਿਸ ਨੇ ਇਕ ਹੋਰ ਹੁਕਮ ਰਾਹੀਂ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਕਿਸੇ ਵੀ ਕਿਸਮ ਦਾ ਹਥਿਆਰ ਜਿਵੇਂ ਕਿ ਬੇਸਬਾਲ, ਤੇਜ਼ ਹਥਿਆਰ, ਨੋਕੀਲਾ ਹਥਿਆਰ ਜਾਂ ਕੋਈ ਵੀ ਜਾਨਲੇਵਾ ਹਥਿਆਰ ਗੱਡੀ ਵਿੱਚ ਰੱਖ ਕੇ ਚੱਲਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਇਸੇ ਤਰ੍ਹਾਂ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਕਿਸੇ ਕਿਸਮ ਦਾ ਜਲੂਸ ਕੱਢਣ, ਸਮਾਗਮ/ਜਲੂਸ ਵਿੱਚ ਹਥਿਆਰ ਲੈ ਕੇ ਚੱਲਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਨਾਅਰੇਬਾਜ਼ੀ ਕਰਨ ’ਤੇ ਪਾਬੰਦੀ ਲਗਾਈ ਗਈ ਹੈ।

ਜੁਆਇੰਟ ਕਮਿਸ਼ਨਰ ਪੁਲਿਸ ਨੇ ਪੁਲਿਸ ਕਮਿਸ਼ਨਰੇਟ ਦੀ ਹਦੂਦ ਅੰਦਰ ਆਉਂਦੇ ਸਾਰੇ ਮੈਰਿਜ ਪੈਲਸਾਂ/ਹੋਟਲਾਂ ਦੇ ਦਾਅਵਤ ਹਾਲਾਂ, ਵਿਆਹ-ਸ਼ਾਦੀਆਂ ਦੇ ਪ੍ਰੋਗਰਾਮਾਂ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ ਵਿੱਚ ਪਬਲਿਕ ਦੁਆਰਾ ਹਥਿਆਰ ਲੈ ਕੇ ਜਾਣ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਮੈਰਿਜ ਪੈਲੇਸਾਂ ਅਤੇ ਦਾਅਵਤ ਹਾਲਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਮੈਰਿਜ ਪੈਲਸਾਂ/ਦਾਅਵਤ ਹਾਲਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਜ਼ਿੰਮੇਵਾਰ ਹੋਣਗੇ।

ਜੁਆਇੰਟ ਕਮਿਸ਼ਨਰ ਪੁਲਿਸ ਦੇ ਇਕ ਹੋਰ ਹੁਕਮ ਅਨੁਸਾਰ ਕੋਈ ਵੀ ਦੁਕਾਨਦਾਰ/ਦਰਜੀ, ਸੈਨਿਕ/ਅਰਧ ਸੈਨਿਕ ਬੱਲ/ਪੁਲਿਸ ਦੀ ਬਣੀ ਬਣਾਈ ਵਰਦੀ ਜਾਂ ਕਪੜਾ ਲੈ ਕੇ ਸੀਤੀ ਸਿਲਾਈ ਵਰਦੀ ਬਿਨਾਂ ਖਰੀਦਦਾਰ ਦੀ ਦਰੁੱਸਤ ਸ਼ਨਾਖਤ ਕੀਤੇ ਨਹੀਂ ਵੇਚੇਗਾ। ਵਰਦੀ ਖ਼ਰੀਦਣ ਵਾਲੇ ਵਿਅਕਤੀ ਦੇ ਫੋਟੋ ਸ਼ਨਾਖਤੀ ਕਾਰਡ, ਜੋ ਸਮਰੱਥ ਅਧਿਕਾਰੀ ਵਲੋਂ ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਸਵੈ ਤਸਦੀਕਸ਼ੁਦਾ ਫੋਟੋ ਕਾਪੀ ਰੱਖੇਗਾ ਅਤੇ ਖਰੀਦਣ ਵਾਲੇ ਦਾ ਰੈਂਕ, ਨਾਮ,ਪਤਾ,ਫੋਨ ਨੰਬਰ ਅਤੇ ਤਾਇਨਾਤੀ ਦੇ ਸਥਾਨ ਸਬੰਧੀ ਰਿਕਾਰਡ ਰਜਿਸਟਰ ’ਤੇ ਮੇਨਟੇਨ ਕਰੇਗਾ ਅਤੇ ਇਹ ਰਜਿਸਟਰ ਦੋ ਮਹੀਨਿਆਂ ਵਿੱਚ ਇਕ ਵਾਰ ਸਬੰਧਿਤ ਮੁੱਖ ਥਾਣਾ ਅਫ਼ਸਰ ਪਾਸੋਂ ਤਸਦੀਕ ਕਰਵਾਏਗਾ ਅਤੇ ਲੋੜ ਪੈਣ ’ਤੇ ਰਿਕਾਰਡ ਪੁਲਿਸ ਨੂੰ ਮੁਹੱਈਆ ਕਰਵਾਏਗਾ।

ਜੁਆਇੰਟ ਕਮਿਸ਼ਨਰ ਪੁਲਿਸ ਵਲੋਂ ਜਾਰੀ ਇਕ ਹੋਰ ਹੁਕਮ ਅਨੁਸਾਰ ਮਕਾਨ ਮਾਲਕ ਘਰਾਂ ਵਿੱਚ ਕਿਰਾਏਦਾਰ ਅਤੇ ਪੀ.ਜੀ. ਮਾਲਕ, ਪੀ.ਜੀ.ਅਤੇ ਇਸ ਤੋਂ ਇਲਾਵਾ ਆਮ ਲੋਕ ਘਰਾਂ ਵਿੱਚ ਨੌਕਰ ਅਤੇ ਹੋਰ ਕਾਮੇ ਆਪਣੇ ਨੇੜੇ ਦੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਵਿੱਚ ਜਾਣਕਾਰੀ ਦਿੱਤੇ ਬਿਨਾਂ ਨਹੀਂ ਰੱਖਣਗੇ।

ਇਕ ਹੋਰ ਹੁਕਮ ਰਾਹੀਂ ਪੁਲਿਸ ਕਮਿਸ਼ਨਰੇਟ ਦੇ ਇਲਾਕੇ ਵਿੱਚ ਸਮੂਹ ਪਟਾਕਿਆਂ ਦੇ ਨਿਰਮਾਣਕਾਂ/ਡੀਲਰਾਂ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਪਟਾਖਿਆਂ ਦੇ ਪੈਕਟਾਂ ਉਪਰ ਆਵਾਜ਼ ਦਾ ਲੈਵਲ (ਡੈਸੀਬਲ ਵਿੱਚ) ਪ੍ਰਿੰਟ ਹੋਣਾ ਲਾਜ਼ਮੀ ਹੈ।
ਜੁਆਇੰਟ ਕਮਿਸ਼ਨਰ ਪੁਲਿਸ ਵਲੋਂ ਜਾਰੀ ਇਕ ਹੋਰ ਹੁਕਮ ਅਨੁਸਾਰ ਕੋਈ ਵੀ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਦੇ ਮਾਲਕ/ਪ੍ਰਬੰਧਕ ਕਿਸੇ ਵੀ ਵਿਅਕਤੀ/ਯਾਤਰੀ ਨੂੰ ਉਸ ਦੀ ਸ਼ਨਾਖਤ ਕੀਤੇ ਬਗੈਰ ਨਹੀਂ ਠਹਿਰਾਉਣਗੇ।

ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਵਿਚ ਠਹਿਰਣ ਵਾਲੇ ਹਰੇਕ ਵਿਅਕਤੀ/ਯਾਤਰੀ ਦਾ ਵੈਲਿਡ ਫੋਟੋ ਸ਼ਨਾਖਤੀ ਕਾਰਡ, ਜੋ ਸਮਰੱਥ ਅਧਿਕਾਰੀ ਵੱਲੋਂ ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਉਸ ਵਿਅਕਤੀ/ਯਾਤਰੀ ਵੱਲੋਂ ਸਵੈ-ਤਸਦੀਕਸ਼ੁਦਾ ਫੋਟੋ ਕਾਪੀ ਬਤੌਰ ਰਿਕਾਰਡ ਰੱਖੀ ਜਾਵੇ ਅਤੇ ਵਿਅਕਤੀ/ਯਾਤਰੀ ਦਾ ਮੋਬਾਇਲ ਨੰਬਰ ਤਸਦੀਕ ਕਰਨ ਤੋਂ ਇਲਾਵਾ ਠਹਿਰਣ ਵਾਲੇ ਵਿਅਕਤੀ/ਯਾਤਰੀ ਦਾ ਰਿਕਾਰਡ ਦਿੱਤੇ ਪ੍ਰੋਫਾਰਮੇ ਵਿੱਚ ਰਜਿਸਟਰ ’ਤੇ ਮੇਨਟੇਨ ਕੀਤਾ ਜਾਵੇ। ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਆਦਿ ਵਿਚ ਠਹਿਰੇ ਹੋਏ ਵਿਅਕਤੀਆਂ/ਯਾਤਰੀਆਂ ਸਬੰਧੀ ਜਾਣਕਾਰੀ ਰੋਜ਼ਾਨਾ ਸਵੇਰੇ 10 ਵਜੇ ਸਬੰਧਿਤ ਮੁੱਖ ਅਫ਼ਸਰ ਥਾਣਾ ਨੂੰ ਭੇਜੀ ਜਾਵੇ ਅਤੇ ਠਹਿਰੇ ਵਿਅਕਤੀਆਂ/ਯਾਤਰੀਆਂ ਸਬੰਧੀ ਰਜਿਸਟਰ ਵਿਚ ਦਰਜ ਰਿਕਾਰਡ ਨੂੰ ਹਰੇਕ ਸੋਮਵਾਰ ਨੂੰ ਸਬੰਧਿਤ ਮੁੱਖ ਅਫ਼ਸਰ ਥਾਣਾ ਪਾਸੋਂ ਤਸਦੀਕ ਕਰਵਾਈ ਜਾਵੇ ਅਤੇ ਲੋੜ ਪੈਣ ’ਤੇ ਰਿਕਾਰਡ ਪੁਲਿਸ ਨੂੰ ਮੁਹੱਈਆ ਕਰਵਾਇਆ ਜਾਵੇ।

ਇਸ ਤੋਂ ਇਲਾਵਾ ਜਦੋਂ ਵੀ ਕੋਈ ਵਿਦੇਸ਼ੀ ਵਿਅਕਤੀ ਕਿਸੇ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਵਾਂ ਵਿਚ ਠਹਿਰਦਾ ਹੈ ਤਾਂ ਇਸ ਸਬੰਧੀ ਇਤਲਾਹ ਇੰਚਾਰਜ ਫੌਰਨਰਸ ਰਜਿਸਟਰੇਸ਼ਨ ਆਫਿਸ, ਦਫ਼ਤਰ ਕਮਿਸ਼ਨਰ ਪੁਲਿਸ, ਜਲੰਧਰ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਹੋਟਲ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਦੇ ਕੋਰੀਡੋਰ, ਲਿਫ਼ਟ, ਰਿਸੈਪਸ਼ਨ ਕਾਊਂਟਰ ਅਤੇ ਮੁੱਖ ਪ੍ਰਵੇਸ਼ ਦਰਵਾਜ਼ੇ ’ਤੇ ਸੀ. ਸੀ. ਟੀ.ਵੀ. ਕੈਮਰੇ ਲਗਾਏ ਜਾਣਗੇ। ਜੇਕਰ ਕੋਈ ਸ਼ੱਕੀ ਵਿਅਕਤੀ ਹੋਟਲ/ਮੋਟਲ/ਗੈਸਟ ਹਾਊਸ, ਰੈਸਟੋਰੈਂਟ ਅਤੇ ਸਰ੍ਹਾਂ ਵਿਖੇ ਠਹਿਰਦਾ/ਆਉਂਦਾ ਹੈ, ਜੋ ਕਿਸੇ ਪੁਲਿਸ ਕੇਸ ਵਿਚ ਲੋੜੀਂਦਾ ਹੈ ਜਾਂ ਕਿਸੇ ਹੋਟਲ/ਰੈਸਟੋਰੈਂਟ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਵਿਚੋਂ ਠਹਿਰੇ/ਆਏ ਵਿਅਕਤੀ/ਯਾਤਰੀ ਨੂੰ ਕਿਸੇ ਹੋਰ ਰਾਜ/ਜ਼ਿਲ੍ਹੇ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਹੋਟਲ/ਰੈਸਟੋਰੈਂਟ/ਮੋਟਲ/ਗੈਸਟ ਹਾਊਸ ਅਤੇ ਸਰ੍ਹਾਂ ਦਾ ਮਾਲਕ/ਪ੍ਰਬੰਧਕ ਤੁਰੰਤ ਇਸ ਦੀ ਸੂਚਨਾ ਸਬੰਧਤ ਥਾਣੇ/ਪੁਲਿਸ ਕੰਟਰੋਲ ਰੂਮ ਨੂੰ ਦੇਣ ਦੇ ਜ਼ਿੰਮੇਵਾਰ ਹੋਣਗੇ।
ਉਪਰੋਕਤ ਸਾਰੇ ਹੁਕਮ ਮਿਤੀ 13.06.2024 ਤੱਕ ਲਾਗੂ ਰਹਿਣਗੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top