72 ਘੰਟੇ ਬੀਤਣ ਤੇ ਵੀ ਦਲਿਤਾਂ ਮਜ਼ਦੂਰਾਂ ਦੇ ਬਲਦੇ ਤਿੰਨ ਸਿਵਿਆਂ ਦੀ ਸਾਰ ਲੈਣ ਨਾ ਪੁੱਜੀ ਸਰਕਾਰ – ਜਸਵੀਰ ਸਿੰਘ ਗੜ੍ਹੀ

ਬਨੂੜ/ਪਟਿਆਲਾ 13ਜੂਨ- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਰਾਜਪੁਰਾ ਤਹਿਸੀਲ ਦੇ ਪਿੰਡ ਉੜਦਨ ਵਿਖੇ ਪੁੱਜੇ, ਜਿੱਥੋਂ ਦੀਆਂ ਸੰਗਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ। ਵਾਪਸੀ ਵੇਲੇ ਪਿੰਡ ਉੜਦਨ ਦੀਆਂ ਸੰਗਤਾਂ ਦਾ ਤਹਿਸੀਲ ਬਲਾਚੌਰ ਦੇ ਪਿੰਡ ਟੋਰੋਵਾਲ ਨਜਦੀਕ ਕੈਂਟਰ ਪਲਟ ਗਿਆ ਜਿਸ ਤਹਿਤ 40 ਦੇ ਕਰੀਬ ਜਖਮੀ ਹੋ ਗਏ ਅਤੇ ਤਿੰਨ ਮੌਤਾਂ ਹੋਈਆਂ। ਮਰਨ ਵਾਲਿਆਂ ਵਿੱਚ ਗੁਰਮੁਖ ਸਿੰਘ ਉਮਰ 57 ਸਾਲ, ਨਵਜੋਤ ਕੌਰ ਉਮਰ 9 ਸਾਲ, ਜਸਮੇਰ ਸਿੰਘ ਉਮਰ 42 ਸਾਲ ਸ਼ਾਮਿਲ ਸਨ, ਜਦੋਂ ਕਿ ਜਖਮੀਆਂ ਵਿੱਚ 22 ਦੇ ਲਗਭਗ ਪੀਜੀਆਈ ਪੁੱਜੇ, ਰਜਿੰਦਰਾ ਹਸਪਤਾਲ ਮਰੀਜ਼ ਪੁੱਜੇ। ਬਲਾਕ ਸੜੋਆ ਦੇ ਸਿਵਲ ਹਸਪਤਾਲ ਅਤੇ ਬਲਾਕ ਗੜਸ਼ੰਕਰ ਦੇ ਸਿਵਲ ਹਸਪਤਾਲ ਵਿੱਚ ਜਖਮੀਆਂ ਨਾਲ ਬੈਡ ਭਰ ਗਏ। ਕਿਸੇ ਜਖਮੀ ਦੀ ਬਾਂਹ ਵੱਢੀ ਗਈ, ਕਿਸੇ ਦਾ ਕੰਨ ਵੱਢਿਆ ਗਿਆ, ਕਿਸੇ ਦੀਆਂ ਲੱਤਾਂ ਟੁੱਟ ਗਈਆਂ, ਕਿਸੇ ਦੇ ਸਰੀਏ ਸਿਰਾਂ ਵਿੱਚ ਖੁੱਭ ਗਏ, ਕਿਸੇ ਦੇ ਪੱਟਾਂ ਦੀਆਂ ਹੱਡੀਆਂ ਟੁੱਟ ਗਈਆਂ, ਅਜਿਹਾ ਦਰਦਨਾਕ ਮਾਹੌਲ ਅੱਜ ਵੀ ਹਸਪਤਾਲਾਂ ਵਿੱਚ ਨਜ਼ਰ ਆ ਰਿਹਾ।
ਸ. ਗੜੀ ਨੇ ਕਿਹਾ ਕਿ ਜਦੋ ਇੰਨੀ ਵੱਡੀ ਦੁਰਘਟਨਾ ਨਾਲ ਹਾਹਾਕਾਰ ਮੱਚ ਚੁੱਕੀ ਹੈ, ਉਸ ਵੇਲੇ ਗੜਸ਼ੰਕਰ ਤੇ ਬਲਾਚੌਰ ਦਾ ਵਿਧਾਇਕ ਰਵਿਦਾਸੀਆਂ ਸਮਾਜ ਦੀਆਂ ਸੰਗਤਾਂ ਦਾ ਹਾਲ ਚਾਲ ਜਾਨਣ ਲਈ ਹਸਪਤਾਲਾਂ ਤੱਕ ਪੁੱਜ ਨਾ ਸਕਿਆ। ਰਾਜਪੁਰਾ ਦੀ ਵਿਧਾਇਕ ਬੀਬੀ ਨੀਨਾ ਮਿੱਤਲ ਜਖਮੀਆਂ ਦੀ ਮਰਹਮ ਪੱਟੀ ਨਾ ਕਰਵਾ ਸਕੀ। ਸਿਹਤ ਮੰਤਰੀ ਡਾ ਬਲਵੀਰ ਸਿੰਘ ਦੀ ਰਿਹਾਇਸ਼ 35 ਕਿਲੋਮੀਟਰ ਉੜਦਨ ਪਿੰਡ ਤੋਂ ਦੂਰ ਹੈ, ਜਦੋਂ ਕਿ ਰਜਿੰਦਰਾ ਹਸਪਤਾਲ ਤਾਂ ਦੋ ਕਿਲੋਮੀਟਰ ਦੀ ਦੂਰੀ ਤੇ ਹੈ, ਪਰੰਤੂ ਸਿਹਤ ਮੰਤਰੀ ਡਾ ਬਲਵੀਰ ਰਜਿੰਦਰਾ ਹਸਪਤਾਲ ਵਿੱਚ ਵੀ ਰਵਿਦਾਸੀਆ ਸਮਾਜ ਦੀਆਂ ਸੰਗਤਾਂ ਦਾ ਇਲਾਜ ਨਾ ਕਰਵਾ ਸਕਿਆ। ਇਹ ਵੀ ਜਾਣਕਾਰੀ ਮਿਲੀ ਕਿ ਦੁਰਘਟਨਾ ਦੇ 72 ਘੰਟੇ ਬੀਤਣ ਤੋਂ ਬਾਅਦ ਤੱਕ ਵੀ ਜਖਮੀ ਮਰੀਜ਼ ਆਪਣੇ ਪੱਲਿਓਂ ਖਰਚਾ ਕਰਕੇ ਵੱਡੇ ਵੱਡੇ ਹਸਪਤਾਲਾਂ ਦਾ ਮੋਟਾ ਖਰਚਾ ਜੇਬ ਵਿੱਚੋਂ ਕਰਨ ਦੇ ਲਈ ਮਜਬੂਰ ਹਨ। ਜਦੋਂਕਿ ਮਰਨ ਵਾਲੇ ਅਤੇ ਜਖਮੀ ਅੱਤ ਦੀ ਗਰੀਬੀ ਵਿੱਚ ਰਹਿਣ ਵਾਲੇ ਨੀਲੇ ਕਾਰਡਾਂ ਦੇ ਲਾਭਪਾਤਰੀ ਲੋਕ ਹਨ।


ਉਡਦਨ ਪਿੰਡ ਵਿੱਚ ਪੁੱਜ ਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੇ ਜਿੱਥੇ ਮਿਰਤਕ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਉਥੇ ਜਖਮੀ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਜਖਮੀਆਂ ਦਾ ਹਾਲ ਚਾਲ ਜਾਣੀਆ। ਇਸ ਮੌਕੇ ਬਸਪਾ ਪੰਜਾਬ ਪ੍ਰਧਾਨ ਵੱਲੋਂ ਪਟਿਆਲਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਰਾਜਪੁਰਾ ਤਹਿਸੀਲ ਦੇ ਐਸਡੀਐਮ ਨਾਲ ਗੱਲਬਾਤ ਕੀਤੀ। ਜਦੋਂ ਕਿ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਫੋਨ ਨਹੀਂ ਚੁੱਕਿਆ ਅਤੇ ਪੀਏ ਨਾਲ ਗੱਲਬਾਤ ਹੋਈ। ਪ੍ਰਸ਼ਾਸਨ ਦਾ ਰਵਈਆ ਇੰਨਾ ਨਿਕੰਮਾ ਸੀ ਕਿ ਅਜੇ ਤੱਕ ਵੀ ਉਹ ਫਾਈਲਾਂ ਦੇ ਵਿੱਚ ਹੀ ਕਾਗਜੀ ਯੁੱਧ ਕਰ ਰਹੇ ਹਨ। ਐਸਡੀਐਮ ਰਾਜਪੁਰਾ ਨੇ ਤਾਂ ਇੰਨੇ ਨਿਕੰਮੇਪਨ ਨਾਲ ਇਹ ਦੱਸਕੇ ਫੋਨ ਕੱਟ ਦਿੱਤਾ ਕਿ ਪਟਵਾਰੀ ਨੂੰ ਰਿਪੋਰਟ ਲਈ ਭੇਜ ਦਿੱਤਾ ਸੀ। ਸ ਜਸਵੀਰ ਸਿੰਘ ਗੜੀ ਨੇ ਪ੍ਰਸ਼ਾਸਨ ਨੂੰ ਪੁੱਛਿਆ ਕਿ ਪਟਵਾਰੀ ਕਿਹੜੀ ਗਿਰਦਾਵਰੀ ਕਰਨ ਦਾ ਅਧਿਕਾਰੀ ਹੈ ਜਦੋਂ ਮੌਤਾਂ ਹੋ ਗਈਆਂ ਹੋਣ? ਸ. ਗੜੀ ਨੇ ਸਰਕਾਰ ਅੱਗੇ ਇਹ ਮੰਗ ਕੀਤੀ ਕਿ ਜੇਕਰ ਮਰੇ ਹੋਏ ਸਰਮਾਏਦਾਰਾਂ ਲਈ ਇੱਕ ਇੱਕ ਕਰੋੜ ਰੁਪਏ ਦਾ ਚੈੱਕ ਅਤੇ ਨੌਕਰੀ ਦਿੱਤੀ ਜਾ ਸਕਦੀ ਹੈ ਤਾਂ ਦਲਿਤਾਂ, ਗਰੀਬਾਂ, ਮਜ਼ਦੂਰਾਂ ਦੇ ਮਰਨ ਸਮੇਂ ਇਕ ਕਰੋੜ ਦਾ ਚੈੱਕ ਅਤੇ ਨੌਕਰੀ ਕਿਉਂ ਨਹੀਂ ਦਿੱਤੀ ਜਾ ਸਕਦੀ, ਜਖਮੀਆਂ ਦਾ ਇਲਾਜ ਸਰਕਾਰੀ ਖਰਚੇ ਤੇ ਕਿਉਂ ਨਹੀਂ ਕਰਵਾਇਆ ਜਾ ਸਕਦਾ? ਸ ਗੜੀ ਨੇ ਸ਼ਾਸਨ ਤੇ ਪ੍ਰਸ਼ਾਸਨ ਨੂੰ 18 ਜੂਨ ਤੱਕ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਅਸੀਂ ਇਸ ਮੁੱਦੇ ਨੂੰ ਸੜਕ ਤੇ ਲੈਕੇ ਆਵਾਂਗੇ ਜੇਕਰ ਪ੍ਰਸ਼ਾਸਨ ਨੇ ਯੋਗ ਕਾਰਵਾਈ ਨਾ ਕੀਤੀ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸਰਦਾਰ ਜਗਜੀਤ ਸਿੰਘ ਛੜਬੜ, ਹਰਪ੍ਰੀਤ ਸੁੰਡਰਾ, ਚਰਨਜੀਤ ਸਿੰਘ ਦੇਵੀਨਗਰ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top