ਭਗਵਾਨ ਵਾਲਮੀਕਿ ਜੀ ਨੇ ਰਾਮਾਇਣ ਦੀ ਰਚਨਾ ਕਰਕੇ ਸਾਨੂੰ ਸਿੱਖਿਅਤ ਹੋਣ ਦਾ ਸੰਦੇਸ਼ ਦਿੱਤਾ : ਮਹਿੰਦਰ ਭਗਤ

ਜਲੰਧਰ, 16 ਅਕਤੂਬਰ: ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਬਸਤੀਆਤ ਇਲਾਕੇ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਵੱਖ-ਵੱਖ ਮੰਦਿਰ ਕਮੇਟੀਆਂ ਅਤੇ ਸੁਸਾਇਟੀਆਂ ਵੱਲੋਂ ਜਿਥੇ ਸ਼ਾਨਦਾਰ ਸਟੇਜਾਂ ਸਜਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਤੇ ਲੰਗਰ ਪ੍ਰਸ਼ਾਦ ਵਰਤਾਇਆ ਗਿਆ ਉਥੇ ਮੰਤਰੀ ਮਹਿੰਦਰ ਭਗਤ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਮਹਾਂਕਾਵਿ ਰਾਮਾਇਣ ਦੀ ਰਚਨਾ ਕੀਤੀ, ਜਿਸ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਜੀਵਨ ਦਾ ਮਹੱਤਵਪੂਰਣ ਹਿੱਸਾ ਹਨ। ਰਾਮਾਇਣ ਤੋਂ ਸਾਨੂੰ ਬਿਨਾਂ ਕਿਸੇ ਭੇਦਭਾਵ ਦੇ ਜੀਵਨ ਜਿਊਣ ਦੀ ਸਿੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਰਮਾਇਣ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਅੱਜ ਵੀ ਹਰ ਵਰਗ ਲਈ ਢੁੱਕਵੀਂਆਂ ਹਨ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਰਾਮਾਇਣ ਵਰਗਾ ਮਹਾਨ ਗ੍ਰੰਥ ਰਚ ਕੇ ਸੰਸਾਰ ਨੂੰ ਦੱਸਿਆ ਕਿ ਸਾਨੂੰ ਸਿੱਖਿਅਤ ਬਣ ਕੇ ਸਮਾਜ ਵਿੱਚੋਂ ਵਿਤਕਰੇ ਨੂੰ ਦੂਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ ਹੈ। ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਭਾਵ ਹੈ ਕਿ ਸਾਨੂੰ ਧਰਮ ਅਤੇ ਸੱਚ ਦੇ ਮਾਰਗ ‘ਤੇ ਚੱਲ ਕੇ ਆਪਣਾ ਫਰਜ਼ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨੇ ਚਾਹੀਦੇ ਹਨ। ਮੰਤਰੀ ਨੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਆਪਣੇ ਬੱਚਿਆਂ ਨੂੰ ਸਿੱਖਿਅਤ ਅਤੇ ਸੰਸਕਾਰੀ ਬਣਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਚੇਅਰਮੈਨ ਚੰਦਨ ਗਰੇਵਾਲ, ਪਵਨ ਹੰਸ, ਕਮਲ ਲੋਚ, ਬੱਬੂ ਥਾਪਰ, ਸਤਪਾਲ ਭਗਤ, ਬਿੱਲਾ ਹੰਸ, ਅਮਰੀਕ ਬੰਗਰੀ, ਗੌਰਵ ਜੋਸ਼ੀ, ਕੁਲਦੀਪ ਗਗਨ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top