ਜਲੰਧਰ: ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਮਨੋਰੰਜਨ ਕਾਲੀਆ ਦੀ ਰਿਹਾਇਸ਼ ’ਤੇ ਪੁੱਜ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ ਰਿਹਾਇਸ਼ ’ਤੇ ਹਮਲਾ ਪੰਜਾਬ ਨੁੰ ਅਸਥਿਰਤ ਕਰਨ ਅਤੇ ਇਥੇ ਸ਼ਾਂਤੀ ਤੇ ਆਪਸੀ ਭਾਈਚਾਰਾ ਖ਼ਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਮਨੋਰੰਜਨ ਕਾਲੀਆ ਤੇ ਹੋਰ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਭਾਜਪਾ ਆਗੂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਕਿਸੇਵੀ ਕੀਮਤ ’ਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵੇਗਾ। ਉਹਨਾਂ ਜ਼ੋਰ ਦੇ ਕੇ ਕੇ ਕਿਹਾ ਕਿ ਹਿੰਦੂ-ਸਿੱਖ ’ਏਕਤਾ’ ਮਜ਼ਬੂਤ ਹੈ ਤੇ ਅਜਿਹੇ ਕਾਇਰਾਨਾ ਹਮਲਿਆਂ ਨਾਲ ਕਦੇ ਵੀ ਨਹੀਂ ਟੁੱਟੇਗੀ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਤਰੀਕੇ ’ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਉਹੀ ਹਨ ਜੋ 1980ਵਿਆਂ ਵਿਚ ਸਨ। ਉਹਨਾਂ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਕਿਵੇਂ ਸਰਹੱਦੀ ਪੱਟੀ ’ਤੇ ਪੁਲਿਸ ਥਾਣਿਆਂ ’ਤੇ ਲਗਾਤਾਰ ਬੰਬ ਧਮਾਕੇ ਹੋ ਰਹੇ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਠਾਕੁਰਦੁਆਰਾ ਮੰਦਿਰ ’ਤੇ ਹਮਲਾ ਕੀਤਾ ਗਿਆ ਅਤੇ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ ਬੁੱਤਾਂ ਦਾ ਨਿਰੰਤਰ ਨਿਰਾਦਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਸਿਆਸੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਭੜਕਾਊ ਘਟਨਾਵਾਂ ਜਿਹਨਾਂ ਦਾ ਮਕਸਦ ਵੱਖ-ਵੱਖ ਭਾਈਚਾਰਿਆਂ ਵਿਚ ਕੁੜੱਤਣ ਪੈਦਾ ਕਰਨਾ ਹੈ, ਦਾ ਪੰਜਾਬ ’ਤੇ ਕੋਈ ਅਸਰ ਨਹੀਂ ਪਵੇਗਾ ਭਾਵੇਂ ਆਮ ਆਦਮੀ ਪਾਰਟੀ (ਆਪ) ਸਰਕਾਰ ਦਰੁੱਸਤੀ ਭਰੇ ਕਦਮ ਚੁੱਕਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਜਾਬ ਵਿਚ ਕੋਈ ਮੁੱਖ ਮੰਤਰੀ ਨਹੀਂ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਗੈਂਗਸਟਰ ਰਾਜ ਦੇ ਕਾਰਣ ਸੂਬੇ ਵਿਚੋਂ ਪੂੰਜੀ ਬਾਹਰ ਜਾ ਰਹੀ ਹੈ ਅਤੇ ਆਪ ਆਗੂ ਤੇ ਵਿਧਾਇਕ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹਾ ਇਸ ਕਰ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਸੂਬੇ ਦੀ ਵਾਗਡੋਰ ਬਾਹਰਲਿਆਂ ਨੂੰ ਸੌਂਪ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਅੱਜ ਅਸੀਂ ਵੇਖ ਰਹੇ ਹਾਂ ਕਿ ਦਿੱਲੀ ਦੇ ਆਗੂ ਮਨੀਸ਼ ਸਿਸੋਦੀਆ ਦਾ ਨਾਂ ਤਖ਼ਤੀਆਂ ’ਤੇ ਲਿਖਿਆ ਜਾ ਰਿਹਾ ਹੈ ਜਦੋਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੰਮ ਪੰਜਾਬ ਸਰਕਾਰ ਨੇ ਕਰਵਾਏ ਹਨ। ਉਹਨਾਂ ਕਿਹਾ ਕਿ ਸਿਸੋਦੀਆ ਨੂੰ ਚਾਰ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਉਹਨਾਂ ਨੂੰ ਚੰਡੀਗੜ੍ਹ ਵਿਚ ਰਿਹਾਇਸ਼ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਅਜਿਹਾ ਹੀ ’ਜੇਲ੍ਹ ਬਰਡ’ ਸਤੇਂਦਰ ਜੈਨ ਦੇ ਮਾਮਲੇ ਵਿਚ ਕੀਤਾ ਗਿਆ ਹੈ। ਇਹ ਵਜ਼ਾਰਤ ਵੱਲੋਂ ਸਹੁੰ ਚੁੱਕਣ ਵੇਲੇ ਚੁੱਕੀ ਸਹੁੰ ਦੀ ਉਲੰਘਣਾ ਹੈ ਕਿਉਂਕਿ ਸਹੁੰ ਮੁਤਾਬਕ ਸਰਕਾਰੀ ਫਾਈਲਾਂ ਜਾਂ ਇਹਨਾਂ ’ਤੇ ਲਏ ਗਏ ਫੈਸਲੇ ਹੋਰਾਂ ਨੂੰ ਨਹੀਂ ਦੱਸੇ ਜਾ ਸਕਦੇ। ਉਹਨਾਂ ਕਿਹਾ ਕਿ ਜੋ ਕੁਝ ਵਾਪਰ ਰਿਹਾ ਹੈ, ਅਜਿਹਾ ਕਦੇ ਵੀ ਸੂਬ ਦੇ ਇਤਿਹਾਸ ਵਿਚ ਸੁਣਨ ਨੂੰ ਨਹੀਂ ਮਿਲਿਆ।
ਸਰਦਾਰ ਬਾਦਲ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਡਰਾਉਣ, ਧਮਕਾਉਣ ਤੇ ਖ਼ਤਮ ਕਰਨ ਦੀ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਿਵੇਂ ਅੰਮ੍ਰਿਤਸਰ ਪੁਲਿਸ ਨੇ ਉਹਨਾਂ ’ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਹਮਲਾ ਕਰਵਾਇਆ। ਉਹਨਾਂ ਦੱਸਿਆ ਕਿ ਪੁਲਿਸ ਕਮਿਸ਼ਨਰ ਤਾਂ ਘਟਨਾ ਵਾਲੀ ਥਾਂ ’ਤੇ ਆਏ ਹੀ ਨਹੀਂ ਤੇ ਜਾਣ ਬੁੱਝ ਕੇ ਕਮਜ਼ੋਰ ਚਲਾਨ ਪੇਸ਼ ਕੀਤਾ ਗਿਆ ਤਾਂ ਜੋ ਮੁਲਜ਼ਮ ਨੂੰ ਜ਼ਮਾਨਤ ਮਿਲ ਸਕੇ। ਉਹਨਾਂ ਕਿਹਾ ਕਿ ਭਾਵੇਂ ਮੈਂ ਕੇਸ ਵਿਚ ਪੀੜਤ ਸੀ ਪਰ ਹੁਣ ਤੱਕ ਵੀ ਮੇਰੇ ਬਿਆਨ ਨਹੀਂ ਲਏ ਗਏ।
