ਜਲੰਧਰ – ਪੰਜਾਬ ਸਰਕਾਰ ਵੱਲੋਂ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਘੱਟ ਕਰਨ ਦੇ ਹੁਕਮ ਦਿੱਤੇ ਗਏ ਹਨ। ਰਿੰਕੂ ਦੀ ਸੁਰੱਖਿਆ ਵਿਚ ਤਾਇਨਾਤ ਪੰਜਾਬ ਪੁਲਸ ਦੇ ਕਮਾਂਡੋਜ਼ ਨੂੰ ਵਾਪਸ ਬੁਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਇਕ ਸੁਰੱਖਿਆ ਵਾਹਨ (ਪਾਇਲਟ ਜੀਪ) ਨੂੰ ਵੀ ਸੁਰੱਖਿਆ ਤੋਂ ਹਟਾ ਦਿੱਤਾ ਗਿਆ ਹੈ। ਵਿਧਾਇਕ ਅੰਗੁਰਾਲ ਦੀ ਸੁਰੱਖਿਆ ਕਰਮਚਾਰੀ ਘੱਟ ਨਹੀਂ ਕੀਤੇ ਗਏ ਹਨ।
ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ, ਮਗਰੋਂ ਪੰਜਾਬ ਸਰਕਾਰ ਨੇ ਸੁਸ਼ੀਲ ਰਿੰਕੂ ਦੀ ਸੁਰੱਖਿਆ ਵਿਚ ਇਹ ਕਟੌਤੀ ਕੀਤੀ ਹੈ। ਰਿੰਕੂ ਦੇ ਕੋਲ ਪਹਿਲਾਂ ਚਾਰ ਪੁਲਸ ਕਰਮਚਾਰੀ ਅਤੇ 4 ਸਪੈਸ਼ਲ ਟਰੇਂਡ ਕਮਾਂਡੋ ਸੁਰੱਖਿਆ ਲਈ ਮੌਜੂਦ ਸਨ। ਪਰ ਸਰਕਾਰ ਨੇ 4 ਕਮਾਂਡੋ ਵਾਪਸ ਬੁਲਾ ਲਏ ਹਨ। ਦੋ ਦੀ ਰਵਾਨਗੀ ਕੱਲ੍ਹ ਯਾਨੀ ਕਿ ਸ਼ੁੱਕਰਵਾਰ ਨੂੰ ਹੀ ਹੋ ਗਈ ਸੀ। ਉਥੇ ਹੀ ਦੋ ਦੀ ਰਵਾਨਗੀ ਅੱਜ ਜਾਂ ਫਿਰ ਸੋਮਵਾਰ ਤੱਕ ਹੋ ਸਕਦੀ ਹੈ। ਜਲਦੀ ਹੀ ਅੰਗੁਰਾਲ ਦੀ ਵੀ ਸੁਰੱਖਿਆ ਘਟਾਈ ਜਾਵੇਗੀ।
ਸ਼ੀਤਲ ਅੰਗੁਰਾਲ ਅਤੇ ਸੁਸ਼ੀਲ ਰਿੰਕੂ ਦੇ ਖ਼ਿਲਾਫ਼ ਬਸਤੀ ਦਾਨਿਸ਼ਮੰਦਾਂ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੇ ਬਾਅਦ ਭਾਜਪਾ ਨੇ ਰਿੰਕੂ ਅਤੇ ਅੰਗੁਰਾਲ ਦੀ ਸੁਰੱਖਿਆ ਵਧਾਉਣ ਨੂੰ ਲੈ ਕੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਨੂੰ ਪੱਤਰ ਲਿਖਿਆ ਸੀ। ਇਸ ਪੱਤਰ ਵਿਚ ਦੋਹਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਸੀ।

















































