ਜਲੰਧਰ, 29 ਅਪ੍ਰੈਲ : ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਹਲਕਾ ਵਿਧਾਇਕ ਲੁਧਿਆਣਾ ਪੂਰਬੀ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਲੁਧਿਆਣਾ ਕੇਂਦਰੀ ਅਸ਼ੋਕ ਪਰਾਸ਼ਰ ਪੱਪੀ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸੀਚੇਵਾਲ ਪਹੁੰਚ ਕੇ ਨਿਰਮਲ ਕੁਟੀਆ ਵਿੱਚ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਪੰਜਾਬ ਦੇ ਦਰਿਆਈ ਪਾਣੀ ਦੇ ਪ੍ਰਦੂਸ਼ਣ ਖ਼ਾਸ ਕਰਕੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਮੁਕੰਮਲ ਤੌਰ ‘ਤੇ ਖ਼ਤਮ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ।
ਬੁੱਢੇ ਦਰਿਆ ਦੀ ਦੋ ਸਾਲਾਂ ਤੋਂ ਕਾਰ ਸੇਵਾ ਕਰਵਾ ਰਹੇ ਰਾਜ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲ ਕੁਟੀਆ ਪਹੁੰਚੇ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਨਾਲ ਮਿਲ ਕੇ ਹੋਰ ਸਰਗਰਮ ਉਪਰਾਲੇ ਕੀਤੇ ਜਾਣਗੇ।
ਸੰਤ ਸੀਚੇਵਾਲ ਨੇ ਸਬੰਧਿਤ ਵਿਧਾਇਕਾਂ ਅਤੇ ਮੇਅਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੁੱਢੇ ਦਰਿਆ ਵਿੱਚ ਜਿਹੜੇ ਸੁਧਾਰ ਹੋਏ ਹਨ, ਉਨ੍ਹਾਂ ਵਿੱਚ ਪਹਿਲੇ ਨੰਬਰ ‘ਤੇ ਪੇਂਡੂ ਖੇਤਰ ਦੀਆਂ 79 ਡੇਅਰੀਆਂ ਦਾ ਗੋਹਾ ਦਰਿਆ ਵਿੱਚ ਸੁੱਟਣ ਤੋਂ ਬੰਦ ਕੀਤਾ ਗਿਆ ਹੈ। ਤਾਜਪੁਰ ਤੇ ਹੈਬੋਬਾਲ ਦੀਆਂ ਡੇਅਰੀਆਂ ਨੇੜੇ ਆਰਜ਼ੀ ਸੀਚੇਵਾਲ ਮਾਡਲ ਸਥਾਪਿਤ ਕਰਕੇ ਸੀਬੀਜੀ ਪਲਾਂਟ ਵਿੱਚ ਵੇਸਟ ਦਾ ਸੁਚਾਰੂ ਪ੍ਰਬੰਧ ਕੀਤਾ ਗਿਆ ਹੈ। ਸ਼ਹਿਰ ਦੀਆਂ ਤਿੰਨ ਕਲੋਨੀਆਂ ਦਾ ਗੰਦਾ ਪਾਣੀ ਮੁੱਖ ਸੀਵਰ ਦੀ ਪਾਈਪ ਲਾਈਨ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਚੜ੍ਹਦੇ ਪਾਸੇ ਦੇ 8 ਪਿੰਡ ਅਤੇ ਲਹਿੰਦੇ ਪਾਸੇ ਦੇ ਤਿੰਨ ਪਿੰਡਾਂ ਦਾ ਪਾਣੀ ਦਰਿਆ ਵਿੱਚ ਜਾਣ ਤੋਂ ਰੋਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਾਣੀ ਦੀ ਗੁਣਵੱਤਾ ਲਈ ਹੋਰ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਮਾਲਪੁਰ ਡਰੇਨ ਦਾ 70 ਐਮ.ਐਲ.ਡੀ. ਗੰਦਾ ਪਾਣੀ ਸਿੱਧਾ ਦਰਿਆ ਵਿੱਚ ਜਾਣ ਤੋਂ ਰੋਕਿਆ ਗਿਆ ਹੈ। ਭੱਟੀਆਂ ਟਰੀਟਮੈਂਟ ਪਲਾਂਟ ਨੂੰ ਜਾਣ ਵਾਲੀ ਪਾਈਪ ਲਾਈਨ ਜਿਹੜੀ 15 ਸਾਲਾਂ ਤੋਂ ਬੰਦ ਪਈ ਸੀ, ਉਸ ਦੀ ਸਫਾਈ ਕਰਵਾਈ ਜਾ ਰਹੀ ਹੈ। ਤਲਵਾੜਾ ਪਿੰਡ ਦੇ ਗੰਦੇ ਪਾਣੀ ਨੂੰ ਸੋਧਣ ਲਈ ਸੀਚੇਵਾਲ ਮਾਡਲ ਅੰਤਿਮ ਪੜਾਅ ਵਿੱਚ ਹੈ।
ਇਸ ਮੌਕੇ ਸੰਤ ਸੀਚੇਵਾਲ ਨੇ ਨਰਸਰੀ, ਨਵੇਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਦਾ ਅਭਿਆਸ ਅਤੇ ਨਾਨਕ ਹੱਟ ਬਾਰੇ ਜਾਣਕਾਰੀ ਦਿੱਤੀ ਅਤੇ ਪਹੁੰਚੀਆਂ ਸਖਸ਼ੀਅਤਾਂ ਨੂੰ ਮੌਕੇ ‘ਤੇ ਲਿਜਾ ਕੇ ਸਾਰੇ ਅਦਾਰੇ ਦਿਖਾਏ। ਉਨ੍ਹਾਂ ਖੇਤ ਦਾ ਪਾਣੀ ਖੇਤ ਵਿੱਚ ਰੀਚਾਰਜ ਕਰਨ ਸਬੰਧੀ ਸਥਾਪਿਤ ਮਾਡਲ ਵੀ ਦੇਖਿਆ। ਇਸ ਮੌਕੇ ਆਈਆਂ ਸ਼ਖਸੀਅਤਾਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ।

















































