ਜਲੰਧਰ/ ਸੁਲਤਾਨਪੁਰ ਲੋਧੀ, 28 ਅਪ੍ਰੈਲ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਪਿੰਡ ਮੰਡਾਲਾ ਛੰਨਾ ਪਿੰਡ ਦਾ ਦੌਰਾ ਕੀਤਾ, ਜਿਥੇ 2000 ਫੁੱਟ ਤੋਂ ਵੱਧ ਥਾਂ ਪੱਥਰ ਲਾਇਆ ਗਿਆ ਹੈ। ਇਸ ਦੌਰੇ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਪੰਜਾਂ ਪਿੰਡ ਦੇ ਲੋਕਾਂ ਨੇ ਸੰਤ ਸੀਚੇਵਾਲ ਜੀ ਦਾ ਧੰਨਵਾਦ ਪ੍ਰਗਟ ਕੀਤਾ ਹੈ ਕਿ ਉਨ੍ਹਾਂ ਦੇ ਸੁਹਿਰਦ ਯਤਨਾਂ ਸਦਕਾ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਸੰਵੇਦਨਸ਼ੀਲ ਹਿੱਸਾ ਪੱਥਰ ਲਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ।
ਸੰਤ ਸੀਚੇਵਾਲ ਨੇ ਇਲਾਕੇ ਦੇ ਲੋਕਾਂ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਧੁੱਸੀ ਬੰਨ੍ਹ ‘ਤੇ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਣ ਲਈ ਆਉਣਗੇ। ਉਨ੍ਹਾਂ ਦੱਸਿਆ ਕਿ ਧੁੱਸੀ ਬੰਨ੍ਹ ‘ਤੇ ਸੜਕ ਬਣਾਉਣ ਲਈ ਉਨ੍ਹਾਂ ਨੇ ਮੰਡੀ ਬੋਰਡ ਦੇ ਸਕੱਤਰ ਨੂੰ ਪੱਤਰ ਲਿਖਿਆ ਹੈ ਅਤੇ ਇਹ ਸੜਕ ਤਿੰਨ ਪੜਾਵਾਂ ਵਿੱਚ ਬਣੇਗੀ।
ਧੁੱਸੀ ਬੰਨ੍ਹ ‘ਤੇ ਜਿਹੜੇ ਪੰਜਾਂ ਪਿੰਡਾਂ ਦੇ ਲੋਕ ਮੰਡਾਲਾ ਛੰਨਾ ਪਹੁੰਚੇ ਸਨ, ਉਨ੍ਹਾਂ ਵਿੱਚ ਜਾਣੀਆ, ਜਾਣੀਆ ਚਾਹਲ, ਮਹਿਰਾਜਪੁਰ, ਗੱਟਾ ਮੁੰਡੀ ਕਾਸੂ ਅਤੇ ਲੱਖੂ ਦੀਆਂ ਛੰਨਾ ਸ਼ਾਮਿਲ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸੰਤ ਸੀਚੇਵਾਲ ਦਾ ਇਸ ਗਲੋਂ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ ਜੰਮੀ ਗਾਰ ਚੁੱਕਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਗਾਰ ਹੜ੍ਹ ਦਾ ਖਤਰਾ ਬਣ ਦੀ ਰਹੀ ਹੈ।
ਇਨ੍ਹਾਂ ਪਿੰਡਾਂ ਦੇ ਪੰਚਾਂ-ਸਰਪੰਚਾਂ, ਨੰਬਰਦਾਰਾਂ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਉਮਰ ਵਿੱਚ ਬੰਨ੍ਹ ਮਜ਼ਬੂਤ ਕਰਨ ਲਈ ਏਨਾ ਪੱਥਰ ਮੰਡ ਇਲਾਕੇ ਵਿੱਚ ਪਹਿਲਾਂ ਕਦੇ ਨਹੀਂ ਸੀ ਪਹੁੰਚਿਆ ਪਰ ਸੰਤ ਸੀਚੇਵਾਲ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਹਿਲੀ ਵਾਰ ਇਸ ਇਲਾਕੇ ਵਿੱਚ ਇੰਨੀ ਵੱਡੀ ਮਾਤਰਾ ਵਿੱਚ ਪੱਥਰ ਲੱਗ ਰਿਹਾ ਹੈ।
ਇਕੱਠੇ ਹੋਏ ਲੋਕਾਂ ਦਾ ਕਹਿਣਾ ਸੀ ਕਿ 2008 ਵਿੱਚ, ਫਿਰ 2019 ਅਤੇ ਸਾਲ 2023 ਵਿੱਚ ਆਏ ਹੜ੍ਹਾਂ ਵਿੱਚ ਸੰਤ ਸੀਚੇਵਾਲ ਨੇ ਉਨ੍ਹਾਂ ਦੀ ਬਾਂਹ ਫੜੀ। ਸਾਲ 2025 ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਲੱਗ ਰਹੀ ਜ਼ਬਰਦਸਤ ਢਾਅ ਨੂੰ ਰੋਕਣ ਵਿੱਚ ਸੰਤ ਸੀਚੇਵਾਲ ਨੇ ਵੱਡੀ ਭੂਮਿਕਾ ਨਿਭਾਈ।

















































