ਜਲੰਧਰ ਪ੍ਰੀਮੀਅਰ ਲੀਗ ਤਹਿਤ ਹੋਏ ਕ੍ਰਿਕਟ ਮੈਚ ’ਚ ਪਿਊਸ਼ ਕ੍ਰਿਕਟ ਅਕੈਡਮੀ ਦੀ ਟੀਮ ਜੇਤੂ

ਜਲੰਧਰ, 24 ਅਪ੍ਰੈਲ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਨਿਵੇਕਲੀ ਪਹਿਲਕਦਮੀ ‘ਜਲੰਧਰ ਪ੍ਰੀਮੀਅਰ ਲੀਗ’ ਤਹਿਤ ਅੱਜ ਜਸਟ ਕ੍ਰਿਕਟ ਅਕੈਡਮੀ ਅਤੇ ਪਿਊਸ਼ ਕ੍ਰਿਕਟ ਅਕੈਡਮੀ ਦੀਆਂ ਟੀਮਾਂ ਦਰਮਿਆਨ ਕ੍ਰਿਕਟ ਮੈਚ ਖੇਡਿਆ ਗਿਆ।
ਇਥੇ ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਹੋਏ ਕ੍ਰਿਕਟ ਮੁਕਾਬਲੇ ਵਿੱਚ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਸ਼੍ਰੀ ਵਾਲੀਆ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਵਿਅਕਤੀ ਵਿੱਚ ਅਨੁਸ਼ਾਸਨ, ਟੀਮ ਵਰਕ ਵਰਗੇ ਗੁਣ ਪੈਦਾ ਕਰਨ ਦੇ ਨਾਲ-ਨਾਲ ਉਸ ਨੂੰ ਸਿਹਤਮੰਦ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਸਰੀਰ ਤੇ ਦਿਮਾਗ ਦੋਵਾਂ ਦੀ ਤੰਦਰੁਸਤੀ ਲਈ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਸਾਰੂ ਤੇ ਸਕਾਰਾਤਮਕ ਮਾਹੌਲ ਮੁਹੱਈਆ ਕਰਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਤੇ ਰੌਸ਼ਨ ਭਵਿੱਖ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਟਾਸ ਕਰਵਾਉਂਦਿਆਂ ਕ੍ਰਿਕਟ ਮੈਚ ਦੀ ਸ਼ੁਰੂਆਤ ਕਰਵਾਈ। ਜਸਟ ਕ੍ਰਿਕਟ ਅਕੈਡਮੀ ਦੀ ਟੀਮ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿੱਚ 150 ਦੌੜਾਂ ਬਣਾਈਆਂ। ਪਿਊਸ਼ ਕ੍ਰਿਕਟ ਅਕੈਡਮੀ ਦੀ ਟੀਮ ਮਹਿਜ਼ 16.1 ਓਵਰਾਂ ਵਿੱਚ 151 ਦੌੜਾ ਬਣਾ ਕੇ ਜੇਤੂ ਰਹੀ। 35 ਬਾਲਾਂ ਵਿੱਚ 42 ਦੌੜਾਂ ਬਣਾਉਣ ਵਾਲੇ ਨਕੁਲ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ।
ਇਸ ਮੌਕੇ ਸੀ.ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋਫੈਸਰ (ਡਾ.) ਮਨਬੀਰ ਸਿੰਘ ਅਤੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਅਤੇ ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top