ਜਲੰਧਰ – ਸੀਆਰਪੀਐਫ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਮਾਣ-ਸਨਮਾਨ ਅਤੇ ਹੌਸਲਾ ਅਫਜ਼ਾਈ ਲਈ ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਪਿਛਲੇ 13 ਸਾਲਾਂ ਤੋਂ ਲਗਾਤਾਰ ਸਰਗਰਮ ਤੌਰ ‘ਤੇ ਕੰਮ ਕਰ ਰਹੀ ਹੈ। ਦੇਸ਼ ਦੀ ਆਣ, ਬਾਣ ਅਤੇ ਸ਼ਾਨ ਲਈ ਸੀਆਰਪੀਐਫ ਦੇ ਜਵਾਨ ਹਮੇਸ਼ਾ ਕੁਰਬਾਨੀਆਂ ਦਿੰਦੇ ਆਏ ਹਨ, ਪਰ ਇਸਦੇ ਬਾਵਜੂਦ ਸਰਕਾਰਾਂ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤੇ ਜਾ ਰਹੇ।
ਇਸ ਘਾਟ ਨੂੰ ਪੂਰਾ ਕਰਨ ਲਈ ਐਸੋਸੀਏਸ਼ਨ ਵੱਲੋਂ ਸ਼ਹੀਦ ਪਰਿਵਾਰਾਂ ਦੀ ਖ਼ਾਸ ਦੇਖਭਾਲ ਕੀਤੀ ਜਾਂਦੀ ਹੈ। ਉਹਨਾਂ ਦੀਆਂ ਬਰਸੀਆਂ ਮੌਕੇ ਪਿੰਡ-ਪਿੰਡ ਜਾ ਕੇ ਸਮਾਗਮ ਕਰਵਾਏ ਜਾਂਦੇ ਹਨ ਅਤੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ। ਐਸੋਸੀਏਸ਼ਨ ਦੇ ਉਪਰਾਲਿਆਂ ਨਾਲ ਸੀਆਰਪੀਐਫ ਦੇ ਡੀਜੀਪੀ ਦਫ਼ਤਰ ਵੱਲੋਂ ਵੀ ਇਨ੍ਹਾਂ ਪਰਿਵਾਰਾਂ ਦੀ ਮਦਦ ਲਗਾਤਾਰ ਜਾਰੀ ਹੈ।
ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਡਾ. ਗੁਰਬੀਰ ਸਿੰਘ ਗਿੱਲ ਦਾ ਵੀ ਖਾਸ ਯੋਗਦਾਨ ਸਾਹਮਣੇ ਆਉਂਦਾ ਹੈ। ਉਹ ਸਮਾਜ ਨੂੰ ਇਹ ਸਨੇਹਾ ਦਿੰਦੇ ਹਨ ਕਿ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਸੰਭਾਲ ਕਰਨਾ ਸਾਡਾ ਸਭ ਦਾ ਫਰਜ ਹੈ। ਡਾ. ਗਿੱਲ ਖੁਦ ਵੀ ਇੱਕ ਸ਼ਹੀਦ ਪਰਿਵਾਰ ਨਾਲ ਸੰਬੰਧਿਤ ਹਨ, ਜਿਨ੍ਹਾਂ ਦੇ ਪਰਿਵਾਰ ਵਿੱਚੋਂ 14 ਮੈਂਬਰ ਦੇਸ਼ ਲਈ ਕੁਰਬਾਨ ਹੋ ਚੁੱਕੇ ਹਨ।
ਡਾ. ਗਿੱਲ ਸਿਰਫ ਸਮਾਜ ਸੇਵਾ ਵਿੱਚ ਹੀ ਨਹੀਂ, ਸਗੋਂ ਆਪਣੇ ਡਾਕਟਰੀ ਪੇਸ਼ੇ ਵਿੱਚ ਵੀ ਪ੍ਰਸਿੱਧ ਹਨ। ਉਹਨਾਂ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਇੱਕ ਚੈਰੀਟੇਬਲ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਉਹਨਾਂ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਜੋ ਵੱਡੇ ਹਸਪਤਾਲਾਂ ਦੇ ਖਰਚੇ ਬਰਦਾਸ਼ਤ ਨਹੀਂ ਕਰ ਸਕਦੇ। ਹਸਪਤਾਲ ਵਿੱਚ ਲਗਾਤਾਰ ਗੁਰਬਾਣੀ ਦਾ ਪਾਠ ਵੀ ਕੀਤਾ ਜਾਂਦਾ ਹੈ, ਜਿਸ ਨਾਲ ਮਰੀਜ਼ਾਂ ਨੂੰ ਆਤਮਿਕ ਤਾਕਤ ਮਿਲਦੀ ਹੈ ਅਤੇ ਉਹ ਜਲਦੀ ਸਿਹਤਯਾਬ ਹੋ ਕੇ ਘਰ ਵਾਪਸ ਲੌਟਦੇ ਹਨ।
ਇਸ ਤੋਂ ਇਲਾਵਾ, ਡਾ. ਗਿੱਲ ਨੌਜਵਾਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਹੀ ਰਾਹ ‘ਤੇ ਲਿਆਂਦਾ ਜਾ ਰਿਹਾ ਹੈ। ਸ਼ਹਿਰ ਵਿੱਚ ਹੋਣ ਵਾਲੇ ਹਰ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮ ਵਿੱਚ ਉਹ ਵੱਧ-ਚੜ੍ਹ ਕੇ ਭਾਗ ਲੈਂਦੇ ਹਨ, ਖ਼ਾਸ ਕਰਕੇ ਜਦੋਂ ਗੱਲ ਸ਼ਹੀਦ ਪਰਿਵਾਰਾਂ ਦੀ ਹੁੰਦੀ ਹੈ ਤਾਂ ਉਹ ਖੁਦ ਮੌਜੂਦ ਰਹਿੰਦੇ ਹਨ।
ਸੀਆਰਪੀਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਡਾ. ਗੁਰਬੀਰ ਸਿੰਘ ਗਿੱਲ ਲਈ ਵਾਹਿਗੁਰੂ ਅੱਗੇ ਹਮੇਸ਼ਾ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਇਸ ਨੇਕ ਕੰਮ ਲਈ ਧੰਨਵਾਦ ਕੀਤਾ ਜਾਂਦਾ ਹੈ।
ਜੈ ਹਿੰਦ

















































