ਜਲੰਧਰ(ਸੁਲਿੰਦਰ ਕੰਢੀ)- ਸ਼ਹੀਦ ਨਿਰਮਲ ਸਿੰਘ ਪਿੰਡ ਕੁਕਰੀ ਕਲਾਂ ਜ਼ਿਲਾ ਮੋਗਾ ਦਾ ਜਨਮ 22 ਅਗਸਤ 1966 ਨੂੰ ਸਰਾਇਣ ਸਿੰਘ ਦੇ ਘਰ ਹੋਇਆ। ਸਰਦਾਰ ਨਿਰਮਲ ਸਿੰਘ ਛੋਟੇ ਹੁੰਦੇ ਹੀ ਆਰਮੀ ਦੀ ਵਰਦੀ ਪਾ ਕੇ ਆਪਣਾ ਸ਼ੌਂਕ ਪੂਰਾ ਕਰਦੇ ਸੀ। ਉਹਨਾਂ ਦੇ ਮਨ ਵਿੱਚ ਸੀ ਕਿ ਮੈਂ ਫੋਰਸ ਵਿੱਚ ਭਰਤੀ ਹੋਣਾ ਹੈ ਅਤੇ ਦੇਸ਼ ਦੀ ਸੇਵਾ ਕਰਨੀ ਹੈ। ਇਸ ਮੁਕਾਮ ਤੇ ਪਹੁੰਚਣ ਲਈ ਉਹਨਾਂ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਕੂਲ ਵਿੱਚੋਂ ਕੀਤੀ। ਇਕ ਦਿਨ ਸੀ.ਆਰ.ਪੀ.ਐਫ. ਦੀ ਭਰਤੀ ਲਈ ਐਲਾਨ ਹੋਇਆ ਤਾਂ ਨਿਰਮਲ ਸਿੰਘ 1985 ਵਿੱਚ ਗਰੁੱਪ ਸੈਂਟਰ ਜੰਮੂ ਵਿੱਚ ਭਰਤੀ ਹੋ ਗਏ।
ਭਰਤੀ ਹੋਣ ਤੇ ਇਹਨਾਂ ਨੂੰ ਅਬਾੜੀ ਟ੍ਰੇਨਿੰਗ ਸੈਂਟਰ ਲਈ ਭੇਜਿਆ ਗਿਆ। ਟ੍ਰੇਨਿੰਗ ਸੈਂਟਰ ਪਹੁੰਚਦਿਆਂ ਹੀ ਨਿਰਮਲ ਸਿੰਘ ਨੇ ਆਪਣੇ ਘਰਦਿਆਂ ਨੂੰ ਚਿੱਠੀ ਪੱਤਰ ਰਾਹੀਂ ਉਥੇ ਦੀ ਸਾਰੀ ਜਾਣਕਾਰੀ ਦਿੱਤੀ। ਉਹਨਾਂ ਦੇ ਮਾਤਾ ਪਿਤਾ ਵੀ ਬਹੁਤ ਖੁਸ਼ ਸਨ ਕਿ ਸਾਡਾ ਬੇਟਾ ਦੇਸ਼ ਦੀ ਸੇਵਾ ਕਰਨ ਲਈ ਭਰਤੀ ਹੋਇਆ। ਟਰੇਨਿੰਗ ਸ਼ੁਰੂ ਹੋਣ ਤੇ ਇਹ ਸਾਰੀ ਗੱਲ ਆਪਣੇ ਪਿਤਾ ਨਾਲ ਸਾਂਝੀ ਕਰਦੇ ਜੋ ਕਿ ਪਹਿਲਾਂ ਹੀ ਸੀ.ਆਰ.ਪੀ.ਐਫ. ਵਿੱਚ ਸੇਵਾਵਾਂ ਦੇ ਰਹੇ ਸਨ। ਨਿਰਮਲ ਸਿੰਘ ਨੇ ਟ੍ਰੇਨਿੰਗ ਦੇ ਨਾਲ ਨਾਲ ਦਫਤਰੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲਿਆ। ਸਰਦਾਰ ਨਿਰਮਲ ਸਿੰਘ ਟ੍ਰੇਨਿੰਗ ਕਰਦੇ ਸਮੇਂ ਛੋਟੀਆਂ ਛੋਟੀਆਂ ਗੱਲਾਂ ਦੀ ਜਾਣਕਾਰੀ ਆਪਣੇ ਉਸਤਾਦਾਂ ਕੋਲੋਂ ਹਾਸਲ ਕਰਦੇ ਰਹਿੰਦੇ। ਚੰਗੀ ਪਰੇਡ ਦਰਸਾਉਦੇ ਹੋਏ ਨਿਰਮਲ ਸਿੰਘ ਨੂੰ ਪਰੇਡ ਕਮਾਂਡਰ ਵੀ ਬਣਾਇਆ ਗਿਆ।

ਟਰੇਨਿੰਗ ਪੂਰੀ ਹੋਣ ਤੇ ਜੰਗਲ ਕੈਂਪ ਲਈ ਅਬਾੜੀ ਦੇ ਨੇੜੇ ਕਿਸੇ ਜੰਗਲ ਵਿੱਚ ਚਲੇ ਗਏ। ਉਸ ਜੰਗਲ ਵਿੱਚ ਪਾਣੀ ਦੀ ਬਹੁਤ ਘਾਟ ਸੀ ਅਤੇ ਗਰਮੀ ਵੀ ਬਹੁਤ ਪੈ ਰਹੀ ਸੀ। ਸਾਰੇ ਸੀਆਰਪੀਐਫ ਦੇ ਜਵਾਨ ਥੋੜੇ ਪਾਣੀ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਰਹੇ। ਉਸਤਾਦ ਇਹਨਾਂ ਨੂੰ ਜੰਗਲਾਂ ਵਿੱਚ ਰਹਿ ਕੇ ਦੇਸ਼ ਦੇ ਦੁਸ਼ਮਣਾਂ ਨਾਲ ਲੜਨ ਦੀ ਸਾਰੀ ਟ੍ਰੇਨਿੰਗ ਦਿੰਦੇ ਰਹਿੰਦੇ। ਜੰਗਲ ਕੈਂਪ ਦੀ ਟ੍ਰੇਨਿੰਗ ਪੂਰੀ ਹੋਣ ਤੇ ਇਹਨਾਂ ਦੀ ਬਟਾਲੀਅਨ ਵਾਪਸ ਆਪਣੇ ਹੈਡ ਕੁਆਰਟਰ ਅਬਾੜੀ ਵਿਖੇ ਪਹੁੰਚ ਗਈ। ਕੁਝ ਹੀ ਦਿਨਾਂ ਵਿੱਚ ਇਹਨਾਂ ਦੀ ਕਸਮ ਪਰੇਡ ਕਰਵਾਈ ਗਈ। ਟ੍ਰੇਨਿੰਗ ਤੋਂ ਬਾਅਦ ਇਹਨਾਂ ਨੂੰ 58 ਬਟਾਲੀਅਨ ਵਿੱਚ ਅੰਮ੍ਰਿਤਸਰ ਪੋਸਟਿੰਗ ਕਰ ਦਿੱਤੀ ਗਈ। ਟ੍ਰੇਨਿੰਗ ਤੋਂ ਬਾਅਦ ਅੰਮ੍ਰਿਤਸਰ ਤੋਂ ਛੁੱਟੀ ਲੈ ਕੇ ਆਪਣੇ ਘਰੇ ਮਾਤਾ ਪਿਤਾ ਨੂੰ ਮਿਲਣ ਆ ਗਏ।
ਕੁਝ ਦਿਨ ਦੀ ਛੁੱਟੀ ਕੱਟਣ ਤੋਂ ਬਾਅਦ ਸਰਦਾਰ ਨਿਰਮਲ ਸਿੰਘ ਵਾਪਸ ਆਪਣੀ ਯੂਨਿਟ ਵਿੱਚ ਅੰਮ੍ਰਿਤਸਰ ਆ ਗਏ। ਸਰਦਾਰ ਨਿਰਮਲ ਸਿੰਘ ਇੱਕ ਕਮਾਂਡੋ ਵਾਂਗ ਚੁਸਤ ਤੇ ਫੁਰਤੀਲਾ ਨੌਜਵਾਨ ਸੀ। ਚੰਗਾ ਜਵਾਨ ਹੋਣ ਕਰਕੇ ਇਹਨਾਂ ਦੀ ਪੋਸਟਿੰਗ ਸ੍ਰੀ ਲੰਕਾ ਵਿੱਚ ਕਰ ਦਿੱਤੀ ਗਈ। ਸ਼੍ਰੀ ਲੰਕਾ ਵਿੱਚ ਬਹੁਤ ਹੀ ਵਧੀਆ ਡਿਊਟੀ ਕਰਦੇ ਹੋਏ ਇਹਨਾਂ ਨੂੰ ਅਵਾਰਡ ਵੀ ਦਿੱਤਾ ਗਿਆ। ਸ੍ਰੀ ਲੰਕਾ ਦੀ ਡਿਊਟੀ ਪੂਰੀ ਹੋਣ ਤੋਂ ਬਾਅਦ ਇਹਨਾਂ ਦੀ ਬਟਾਲੀਅਨ ਵਾਪਸ ਅੰਮ੍ਰਿਤਸਰ ਪਹੁੰਚ ਗਈ।

ਅੰਮ੍ਰਿਤਸਰ ਪਹੁੰਚਣ ਤੇ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਦਾ ਵਿਆਹ ਰੱਖ ਦਿੱਤਾ। ਨਿਰਮਲ ਸਿੰਘ ਦਾ ਵਿਆਹ ਬੀਬੀ ਪਰਮਜੀਤ ਕੌਰ ਨਾਲ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਉਹਨਾਂ ਸਾਰੀਆਂ ਖੁਸ਼ੀਆਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਕੀਤੀਆਂ ਤੇ ਫਿਰ ਆਪਣੀ ਡਿਊਟੀ ਵਿੱਚ ਰੁੱਝ ਗਏ। ਕੁਝ ਦੇਰ ਬਾਅਦ ਉਹਨਾਂ ਦੇ ਘਰੇ ਬੇਟੇ ਨੇ ਜਨਮ ਲਿਆ। ਇਹ ਖਬਰ ਸੁਣਦਿਆਂ ਹੀ ਸਰਦਾਰ ਨਿਰਮਲ ਸਿੰਘ ਨੇ ਇਹ ਖੁਸ਼ੀ ਆਪਣੀ ਯੂਨਿਟ ਵਿੱਚ ਯਾਰਾਂ ਦੋਸਤਾਂ ਨਾਲ ਸਾਂਝੀ ਕੀਤੀ ਅਤੇ ਬੱਚੇ ਨੂੰ ਦੇਖਣ ਲਈ ਛੁੱਟੀ ਲੈ ਕੇ ਆਪਣੇ ਪਿੰਡ ਪਹੁੰਚ ਗਏ। ਸਰਦਾਰ ਨਿਰਮਲ ਸਿੰਘ ਆਪਣੇ ਬੇਟੇ ਨਾਲ ਲਾਡ ਲੜਾਉਂਦੇ ਹੋਏ ਸਮਾਂ ਬਤੀਤ ਕੀਤਾ। ਨਿਰਮਲ ਸਿੰਘ ਦੇ ਮਨ ਵਿੱਚ ਸੀ ਕਿ ਮੈਂ ਆਪਣੇ ਬੇਟੇ ਨੂੰ ਪੜਾ ਲਿਖਾ ਕੇ ਸੀਨੀਅਰ ਅਧਿਕਾਰੀ ਬਣਾਵਾਂਗਾ। ਇਹ ਸਾਰੇ ਸੁਪਨੇ ਲੈਂਦਾ ਹੋਇਆ ਸਰਦਾਰ ਨਿਰਮਲ ਸਿੰਘ ਵਾਪਸ ਆਪਣੀ 58 ਬਟਾਲੀਅਨ ਵਿੱਚ ਆ ਗਿਆ ਅਤੇ ਰੁਟੀਨ ਦੀ ਤਰ੍ਹਾਂ ਆਪਣੀ ਡਿਊਟੀ ਕਰਨ ਲੱਗੇ।
ਪੰਜਾਬ ਵਿੱਚ ਉਸ ਸਮੇਂ ਬਹੁਤ ਹੀ ਕਾਲਾ ਦੌਰ ਚੱਲ ਰਿਹਾ ਸੀ। ਹਰ ਰੋਜ਼ ਕਿਤੇ ਨਾ ਕਿਤੇ ਕੁਝ ਮਾੜੀਆਂ ਘਟਨਾਵਾਂ ਦੀ ਖਬਰ ਆਉਂਦੀ ਰਹਿੰਦੀ ਸੀ। ਇਕ ਦਿਨ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਕੁਝ ਦੇਸ਼ ਦੇ ਦੁਸ਼ਮਣ ਕਿਸੇ ਜਗ੍ਹਾ ਤੇ ਲੁਕੇ ਹੋਏ ਸਨ। 58 ਬਟਾਲੀਅਨ ਦੇ ਸੀਨੀਅਰ ਅਧਿਕਾਰੀਆਂ ਨੇ ਆਪਣੀ ਫੋਰਸ ਨਾਲ ਪਹੁੰਚ ਕੇ ਉਸ ਜਗ੍ਹਾ ਨੂੰ ਘੇਰਾ ਪਾ ਲਿਆ। ਉਸ ਜਗ੍ਹਾ ਤੇ ਘੇਰਾ ਪਾਉਂਦੇ ਹੀ ਕੁਝ ਅਣਪਛਾਤੇ ਲੋਕਾਂ ਨੇ ਫਾਇਰ ਸ਼ੁਰੂ ਕਰ ਦਿੱਤੇ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਵੀ ਜਵਾਬੀ ਫਾਇਰ ਸ਼ੁਰੂ ਕਰ ਦਿੱਤੇ। ਇਹ ਇਨਕਾਊਂਟਰ ਕੁਝ ਘੰਟੇ ਚਲਦਾ ਰਿਹਾ ਜਿਸ ਵਿੱਚ ਕੁਝ ਅਣਪਛਾਤੇ ਲੋਕਾਂ ਦੀ ਮੌਤ ਹੋ ਗਈ ਜੋ ਦੇਸ਼ ਦੇ ਦੁਸ਼ਮਣ ਸਨ। ਇਸ ਇਨਕਾਊਂਟਰ ਵਿੱਚ ਕੁਝ ਸੀ.ਆਰ.ਪੀ.ਐਫ. ਦੇ ਜਵਾਨ ਵੀ ਜਖਮੀ ਹੋ ਗਏ। ਜਿਨਾਂ ਵਿੱਚ ਇੱਕ ਨਿਰਮਲ ਸਿੰਘ ਸੀ.ਆਰ.ਪੀ.ਐਫ. ਦਾ ਜਵਾਨ ਵੀ ਸੀ ਜੋ 06 ਮਈ 1991 ਨੂੰ ਸ਼ਹੀਦੀ ਪ੍ਰਾਪਤ ਕਰ ਗਿਆ।
ਲੰਬਾ ਚਿਰ ਇਨਕਾਊਂਟਰ ਚਲਣ ਨਾਲ ਸੀ.ਆਰ.ਪੀ.ਐਫ. ਦੇ ਜਵਾਨ ਬੜੀ ਦਲੇਰੀ ਤੇ ਹੌਸਲੇ ਨਾਲ ਸਿਵਲ ਦੇ ਲੋਕਾਂ ਨੂੰ ਵੀ ਬਚਾਉਂਦੇ ਰਹੇ। ਅਖੀਰ ਤੇ ਕੁਝ ਅੱਤਵਾਦੀਆਂ ਨੂੰ ਗਿਰਫਤਾਰੀ ਵੀ ਕੀਤਾ ਗਿਆ। ਜਖਮੀ ਹੋਏ ਜਵਾਨਾਂ ਨੂੰ ਸੀਨੀਅਰ ਅਧਿਕਾਰੀਆਂ ਨੇ ਹਸਪਤਾਲ ਪਹੁੰਚਾਇਆ। ਸ਼ਹੀਦ ਨਿਰਮਲ ਸਿੰਘ ਦਾ ਮ੍ਰਿਤਕ ਸਰੀਰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਹੈਡ ਕੁਆਰਟਰ ਵਾਪਸ ਆ ਗਏ। ਜਦੋਂ ਇਹ ਖਬਰ ਸ਼ਹੀਦ ਨਿਰਮਲ ਸਿੰਘ ਦੇ ਘਰ ਪਤਾ ਚੱਲੀ ਤਾਂ ਉਹਨਾਂ ਦੇ ਘਰ ਅਤੇ ਪਿੰਡ ਵਿੱਚ ਸੋਗ ਛਾ ਗਿਆ।

ਉਹਨਾਂ ਦੀ ਪਤਨੀ ਪਰਮਜੀਤ ਕੌਰ ਆਪਣੇ ਬੱਚੇ ਨੂੰ ਲੈ ਕੇ ਰੋ ਕੁਰਲਾ ਰਹੀ ਸੀ। ਪਰਮਜੀਤ ਕੌਰ ਹੌਸਲੇ ਵਾਲੀ ਸੀ ਜਿਸਨੇ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਬੱਚੇ ਨੂੰ ਵੀ ਸੰਭਾਲਦੀ ਰਹੀ। ਦੂਸਰੇ ਦਿਨ ਸ਼ਹੀਦ ਨਿਰਮਲ ਸਿੰਘ ਦਾ ਮ੍ਰਿਤਕ ਦੇਹ ਤਿਰੰਗੇ ਵਿੱਚ ਲਿਪਟਿਆ ਹੋਇਆ ਉਹਨਾਂ ਦੇ ਪਿੰਡ ਪਹੁੰਚ ਗਿਆ। ਪਿੰਡ ਦੇ ਲੋਕਾਂ ਨੇ ਸ਼ਹੀਦ ਨਿਰਮਲ ਸਿੰਘ ਜਿੰਦਾਬਾਦ…….. ਸ਼ਹੀਦ ਨਿਰਮਲ ਸਿੰਘ ਅਮਰ ਰਹੇ…..ਦੇ ਨਾਅਰੇ ਲਗਾਣੇ ਸ਼ੁਰੂ ਕਰ ਦਿੱਤੇ। ਉਸ ਸਮੇਂ ਇਲਾਕੇ ਦੇ ਬਹੁਤ ਸਾਰੇ ਲੋਕ ਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਸ਼ਹੀਦ ਨਿਰਮਲ ਸਿੰਘ ਨੂੰ ਚੁੱਕ ਕੇ ਨਾਅਰੇ ਲਗਾਉਦੇ ਹੋਏ ਸ਼ਮਸਾਨਘਾਟ ਪਹੁੰਚ ਗਏ। ਅੰਮ੍ਰਿਤਸਰ ਦੇ ਸਿਵਲ ਪ੍ਰਸ਼ਾਸਨ ਤੇ ਅਧਿਕਾਰੀ ਵੀ ਉਸ ਜਗ੍ਹਾ ਤੇ ਪਹੁੰਚ ਗਏ। ਸ਼ਹੀਦ ਨਿਰਮਲ ਸਿੰਘ ਦੇ ਸੰਸਕਾਰ ਕਰਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ। ਸੀ.ਆਰ.ਪੀ.ਐਫ. ਦੀ ਟੁਕੜੀ ਨੇ ਫਾਇਰ ਕਰਕੇ ਸਲਾਮੀ ਭੇਟ ਕੀਤੀ। ਆਏ ਹੋਏ ਸਿਵਲ ਅਧਿਕਾਰੀਆਂ ਨੇ ਵੀ ਸ਼ਹੀਦ ਨਿਰਮਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਦੇ ਪਿਤਾ ਨੇ ਸ਼ਹੀਦ ਨਿਰਮਲ ਸਿੰਘ ਨੂੰ ਅਗਨੀ ਭੇਟ ਕਰ ਦਿੱਤਾ। ਆਏ ਹੋਏ ਪ੍ਰਸ਼ਾਸਨ ਤੇ ਸੀਆਰਪੀਐਫ ਦੇ ਅਧਿਕਾਰੀਆਂ ਨੇ ਨਿਰਮਲ ਸਿੰਘ ਦੇ ਪਿਤਾ ਅਤੇ ਪਤਨੀ ਨਾਲ ਕੁਝ ਗੱਲਬਾਤ ਕੀਤੀ ਅਤੇ ਵਾਪਸ ਚਲੇ ਗਏ।
ਕੁਝ ਦਿਨਾਂ ਬਾਅਦ ਸੀ.ਆਰ.ਪੀ.ਐਫ. ਦੇ ਅਫਸਰਾਂ ਨੇ ਉਹਨਾਂ ਦੀ ਪਤਨੀ ਅਤੇ ਪਿਤਾ ਨੂੰ ਗਰੁੱਪ ਸੈਂਟਰ ਜਲੰਧਰ ਬੁਲਾਇਆ ਅਤੇ ਉਹਨਾਂ ਦਾ ਸਤਿਕਾਰ ਕੀਤਾ। ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਨਿਰਮਲ ਸਿੰਘ ਦੀ ਸ਼ਹਾਦਤ ਅਤੇ ਦਲੇਰੀ ਨੂੰ ਯਾਦ ਰੱਖਦਿਆ ਇੱਕ ਮੈਡਲ ਵੀ ਦਿੱਤਾ। 2014 ਵਿੱਚ ਸ਼ਹੀਦ ਨਿਰਮਲ ਸਿੰਘ ਦੇ ਪਰਿਵਾਰ ਨੂੰ ਐਸੋਸੀਏਸ਼ਨ ਦੀ ਜਾਣਕਾਰੀ ਮਿਲੀ। ਹੁਣ ਉਹ ਮਹੀਨਾਵਾਰ ਹੋਣ ਵਾਲੀ ਮੀਟਿੰਗ ਵਿੱਚ ਪਹੁੰਚਦੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਹੋਰ ਅਧਿਕਾਰੀਆਂ ਨੇ ਉੱਥੇ ਪਹੁੰਚਣ ਤੇ ਇਹਨਾਂ ਦੇ ਪਰਿਵਾਰ ਦਾ ਮਾਨ ਸਨਮਾਨ ਕੀਤਾ ਅਤੇ ਭਰੋਸਾ ਦਿੱਤਾ ਕਿ ਅਸੀਂ ਸ਼ਹੀਦ ਨਿਰਮਲ ਸਿੰਘ ਦੀ ਸ਼ਹੀਦੀ ਦਾ ਸਨਮਾਨ ਕਰਦੇ ਹਾਂ ਅਤੇ ਤੁਹਾਡਾ ਹਰ ਸਮੇਂ ਸਾਥ ਦਿੰਦੇ ਰਹਾਂਗੇ। ਸ਼ਹੀਦ ਨਿਰਮਲ ਸਿੰਘ ਦਾ ਪਰਿਵਾਰ ਕਾਫੀ ਵਾਰ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦੇ ਪਿਤਾ ਸੁਰਾਇਣ ਸਿੰਘ ਐਸੋਸੀਏਸ਼ਨ ਦੀ ਹਰ ਮੀਟਿੰਗ ਵਿੱਚ ਪਹੁੰਚਦੇ ਹਨ। ਐਸੋਸੀਏਸ਼ਨ ਇਹਨਾਂ ਦਾ ਜੀ ਆਇਆ ਕਰਦੀ ਹੈ ਅਤੇ ਸਾਰੇ ਸਮਾਚਾਰ ਉਹਨਾਂ ਨਾਲ ਸਾਂਝੇ ਕਰਦੇ ਹਨ।
🇮🇳ਸ਼ਹੀਦਾਂ ਦੀ ਚਿਤਾ ਪਰ ਹਰ ਵਕਤ ਲਗਦੇ ਰਹਿਣਗੇ ਮੇਲੇ
ਦੇਸ਼ ਪੇ ਮਿਟਨੇ ਵਾਲੋਂ ਕਾ ਜਿਹੀ ਇੱਕ ਨਿਸ਼ਾਨ ਹੋਗਾ…..ਜੈ ਹਿੰਦ🫡🫡

















































