ਜਲੰਧਰ, 29 ਅਗਸਤ – ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਵਲੋਂ ਕਮਿਸ਼ਨਰ ਨਗਰ ਨਿਗਮ ਜਲੰਧਰ ਗੌਤਮ ਜੈਨ ਦੇ ਨਾਲ ਅੱਜ ਸ਼ਹਿਰ ’ਚ ਚੱਲ ਰਹੇ ਸਾਲਿਡ ਵੇਸਟ ਪ੍ਰਬੰਧਨ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ।
ਮੀਟਿੰਗ ਦੌਰਾਨ ਸਾਲਿਡ ਵੇਸਟ ਪ੍ਰਬੰਧਨ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਜਲੰਧਰ ਸ਼ਹਿਰ ਨੂੰ ਸਾਫ਼ ਸੁਥਰਾ ਤੇ ਹਰਿਆ-ਭਰਿਆ ਰੱਖਣ ਵੱਲ ਧਿਆਨ ਦਿੰਦਿਆਂ ਨਵੀਆਂ ਪਹਿਲਕਦਮੀਆਂ ਉਲੀਕੀਆਂ ਗਈਆਂ।
ਡਾ.ਅਗਰਵਾਲ ਵਲੋਂ ਸਬੰਧਿਤ ਵਿਭਾਗਾਂ ਨੂੰ ਸ਼ਹਿਰ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਕੀਤੇ ਜਾਣ ਵਾਲੇ ਯਤਨਾਂ ਨੂੰ ਹੋਰ ਤੇਜ਼ੀ ਨਾਲ ਜਾਰੀ ਰੱਖਣ ਦੀਆਂ ਹਦਾਇਤਾਂ ਕੀਤੀਆਂ ਗਈਆਂ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਗਦੱਈਪੁਰ ਖੇਤਰ ਵਿਖੇ ਨਵੇਂ ਵਿੰਡੋ ਕੰਪੋਸਟ ਪਲਾਂਟ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਜਿੰਨਾਂ ਦੀ ਰੋਜ਼ਾਨਾ ਗਿੱਲਾ ਕੂੜਾ ਪ੍ਰੋਸੈਸ ਕਰਨ ਦੀ ਸਮਰੱਥਾ 65 ਤੋਂ 70 ਟਨ ਹੋਵੇਗੀ। ਇਹ ਪਲਾਂਟ ਗਿੱਲੇ ਕੂੜੇ ਨੂੰ ਵੱਖ-ਵੱਖ ਵਰਤੋਂ ਲਈ ਖਾਦ ਵਿੱਚ ਤਬਦੀਲ ਕਰਨਗੇ।
ਇਸ ਤੋਂ ਇਲਾਵਾ ਫੋਲੜੀਵਾਲ, ਬਸਤੀ ਸ਼ੇਖ, ਦਕੋਹਾ ਅਤੇ ਬੜਿੰਗ ਵਿਖੇ ਚੱਲ ਰਹੇ ਕੰਪੋਸਟ ਟੋਇਆਂ ਦੇ ਸੁੰਦਰੀਕਰਨ ਅਤੇ ਸਮਰੱਥਾ ਵਧਾਉਣ ਦਾ ਕੰਮ ਚੱਲ ਰਿਹਾ ਹੈ।
ਡਾ.ਅਗਰਵਾਲ ਨੇ ਅਧਿਕਾਰੀਆਂ ਨੂੰ ਪ੍ਰਸਤਾਵਿਤ ਥਾਵਾਂ ਜਿਵੇਂ ਹੁਸ਼ਿਆਰਪੁਰ ਰੋਡ, 120 ਫੁੱਟ ਰੋਡ, ਕਪੂਰਥਲਾ ਰੋਡ ਅਤੇ ਨਕੋਦਰ ਰੋਡ ਦਾ ਦੌਰਾ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆ ਤਾਂ ਜੋ ਇਸ ਪ੍ਰੋਜੈਕਟ ਦੀ ਅਗਲੇ ਪੜਾਅ ਲਈ ਸ਼ੁਰੂਆਤ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ (ਪੁੱਡਾ) ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸ਼ਹਿਰ ਦੀਆਂ ਸਾਰੀਆਂ ਲਾਇਸੰਸ ਸ਼ੁਦਾ ਕਲੋਨੀਆਂ ਵਿੱਚ ਸੁਚੱਜਾ ਸਾਲਿਡ ਵੇਸਟ ਪ੍ਰਬੰਧਨ ਯੂਨਿਟ ਹੋਣ।
ਉਨ੍ਹਾਂ ਕੌਮੀ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਸੜਕਾਂ ਦੇ ਨਿਰਮਾਣ ਵਿੱਚ ਨਿਰਧਾਰਿਤ ਮਾਪਦੰਡਾਂ ਅਨੁਸਾਰ ਫਾਲਤੂ ਪਲਾਸਟਿਕ ਦੀ ਵਰਤੋਂ ਕੀਤੀ ਜਾਵੇ ਅਤੇ ਸੜਕਾਂ ਨੂੰ ਕੂੜਾ ਮੁਕਤ ਰੱਖਿਆ ਜਾਵੇ।
ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਭਰ ਦੇ ਹਸਪਤਾਲਾਂ ਨੂੰ ਤਾੜਨਾ ਕਰਦਿਆਂ ਬਾਇਓ-ਵੇਸਟ ਪ੍ਰਬੰਧਾਂ ਦੇ ਨਿਯਮਾਂ ਦੀ ਪਾਲਣਾ ਨੂੰ ਹੋਰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਇਕ ਹੋਰ ਮਹੱਤਵਪੂਰਨ ਪਹਿਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਈ-ਸ਼ਰਮ ਸਕੀਮ ਅਧੀਨ ਕੂੜਾ ਕੜਕਟ ਇੱਕਠਿਆਂ ਕਰਨ ਵਾਲਿਆਂ ਨੂੰ ਰਜਿਸਟਰਡ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੰਤਵ ਕੂੜਾ ਇਕੱਠਿਆਂ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਵਿੱਤੀ ਲਾਭ ਮੁਹੱਈਆਂ ਕਰਵਾਉਣਾ ਜਿਸ ਵਿੱਚ 2 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ ਸ਼ਾਮਿਲ ਹੈ ।
ਇਸ ਸਬੰਧੀ ਕੂੜਾ ਡੰਪ ਕਰਨ ਵਾਲੀਆਂ ਥਾਵਾਂ ’ਤੇ ਸਪੈਸ਼ਲ ਕੈਂਪ ਲਗਾਏ ਜਾਣਗੇ ਤੇ ਕੂੜਾ ਇਕੱਠਾ ਕਰਨ ਵਾਲੇ ਕਾਮਨ ਸਰਵਿਸ ਸੈਂਟਰਾਂ ਵਿਖੇ ਵੀ ਅਪਣਾ ਨਾਮ ਦਰਜ ਕਰਵਾ ਸਕਦੇ ਹਨ।
ਇਹ ਪਹਿਲ ਕਦਮੀਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੂੜਾ ਕੜਕਟ ਦੀ ਸੁਚੱਜੇ ਢੰਗ ਨਾਲ ਸੰਭਾਲ ਕਰਨਾ ਅਤੇ ਜਲੰਧਰ ਵਿਖੇ ਸਾਫ਼ ਸੁਥਰੇ ਤੇ ਹਰੇ-ਭਰੇ ਵਾਤਾਵਰਣ ਨੂੰ ਬਣਾਈ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਵੀ ਮੌਜੂਦ ਸਨ।

















































