ਜਲੰਧਰ(ਸੁਲਿੰਦਰ ਕੰਢੀ) – ਸ਼ਹੀਦ ਹਰਪਿੰਦਰ ਸਿੰਘ ਪੁੱਤਰ ਸਰਦਾਰ ਅਜੈਬ ਸਿੰਘ ਦਾ ਜਨਮ 10 ਮਈ 1970 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਇਆ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਸਕੂਲ ਗੁਰੂ ਤੇਗ ਬਹਾਦਰ ਹਾਈ ਸਕੂਲ ਬਾਬਾ ਬਕਾਲਾ ਵਿਖੇ ਕੀਤੀ। ਸਰਦਾਰ ਹਰਪਿੰਦਰ ਸਿੰਘ ਪੰਜ ਭੈਣ ਭਰਾ ਸਨ। ਸੀ.ਆਰ.ਪੀ.ਐਫ. ਦੀ ਭਰਤੀ ਦਾ ਐਲਾਨ ਸੁਣਦਿਆਂ ਹੀ ਸਰਦਾਰ ਹਰਪਿੰਦਰ ਸਿੰਘ ਨੇ ਭਾਰਤੀ ਹੋਣ ਦੀ ਤਿਆਰੀ ਕੀਤੀ। 3 ਅਪ੍ਰੈਲ 1991 ਨੂੰ ਸਰਦਾਰ ਹਰਪਿੰਦਰ ਸਿੰਘ ਅੰਮ੍ਰਿਤਸਰ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਏ। ਉਸ ਤੋਂ ਬਾਅਦ ਟਰੇਨਿੰਗ ਲਈ ਗਰੁੱਪ ਸੈਂਟਰ ਆਬਾੜੀ ਚਲੇ ਗਏ।
ਉੱਥੇ ਪਹੁੰਚਣ ਤੇ ਸੀ.ਆਰ.ਪੀ.ਐਫ. ਦੇ ਉਸਤਾਦਾਂ ਨੇ ਇਹਨਾਂ ਨਵੇਂ ਆਏ ਜਵਾਨਾਂ ਨੂੰ ਸੀ.ਆਰ.ਪੀ.ਐਫ. ਦੀ ਜਾਣਕਾਰੀ ਦਿੱਤੀ। ਕੁਝ ਹੀ ਦਿਨਾਂ ਵਿੱਚ ਇਹਨਾਂ ਨੂੰ ਫੋਰਸ ਨੰਬਰ ਅਤੇ ਹੋਰ ਸਮਾਨ ਦੇ ਕੇ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਇਹਨਾਂ ਜਵਾਨਾਂ ਦੀ ਸਵੇਰੇ ਪੀਟੀ ਹੁੰਦੀ ਅਤੇ ਬਾਅਦ ਵਿੱਚ ਪਰੇਡ ਹੁੰਦੀ। ਸਰਦਾਰ ਹਰਪਿੰਦਰ ਸਿੰਘ ਇੱਕ ਚੰਗਾ ਹਾਕੀ ਦਾ ਖਿਡਾਰੀ ਵੀ ਸੀ। ਸ਼ਾਮ ਦੇ ਸਮੇਂ ਇਹ ਹਾਕੀ ਟੀਮ ਨਾਲ ਖੇਡਣ ਚਲੇ ਜਾਂਦੇ ਸੀ। ਸੀ.ਆਰ.ਪੀ.ਐਫ. ਦੀ ਟ੍ਰੇਨਿੰਗ ਵਿੱਚ ਹੀ ਇਹਨਾਂ ਨੇ ਹਾਕੀ ਟੀਮ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ। ਸਪੋਰਟਸਮੈਨ ਹੋਣ ਕਰਕੇ ਸਰਦਾਰ ਹਰਪਿੰਦਰ ਸਿੰਘ ਪਰੇਡ ਵੀ ਬਹੁਤ ਵਧੀਆ ਕਰਦਾ ਸੀ ਅਤੇ ਸੀ.ਆਰ.ਪੀ.ਐਫ. ਦੇ ਉਸਤਾਦ ਇਸ ਨੂੰ ਪਰੇਡ ਵਿੱਚ ਪਹਿਲੇ ਨੰਬਰ ਤੇ ਲਗਾਉਂਦੇ ਸਨ। ਪਰੇਡ ਮੈਦਾਨ ਵਿੱਚ ਹਰਪਿੰਦਰ ਸਿੰਘ ਆਪਣੇ ਸਟੰਟ ਕਰਕੇ ਬਾਅਦ ਵਿੱਚ ਆਪਣੇ ਨਾਲਦਿਆਂ ਦੀ ਵੀ ਮਦਦ ਕਰਦੇ ਰਹਿੰਦੇ ਸਨ।

ਟਰੇਨਿੰਗ ਪੂਰੀ ਹੋਣ ਤੇ ਇਹਨਾਂ ਦੀ ਬਟਾਲੀਅਨ ਜੰਗਲ ਕੈਂਪ ਲਈ ਚਲੀ ਗਈ। ਹਰਪਿੰਦਰ ਸਿੰਘ ਉੱਥੇ ਵੀ ਆਪਣੀ ਹਾਕੀ ਦੇ ਜਲਵੇ ਦਿਖਾਉਂਦਾ ਹੀ ਰਹਿੰਦਾ। ਸੀ.ਆਰ.ਪੀ.ਐਫ. ਦੇ ਉਸਤਾਦ ਸਰਦਾਰ ਹਰਪਿੰਦਰ ਸਿੰਘ ਨੂੰ ਜੰਗਲ ਦੀ ਵਿਸ਼ੇਸ਼ ਟ੍ਰੇਨਿੰਗ ਦੇ ਰਹੇ ਸਨ। ਜੰਗਲ ਕੈਂਪ ਦੇ ਵਿੱਚ ਸੀਨੀਅਰ ਅਧਿਕਾਰੀਆਂ ਨੇ ਹਾਕੀ ਦਾ ਮੈਚ ਵੀ ਕਰਵਾਇਆ। ਜਿਸ ਵਿੱਚ ਹਰਪਿੰਦਰ ਸਿੰਘ ਦੀ ਟੀਮ ਨੇ ਬਾਜੀ ਮਾਰੀ। ਕੈਂਪ ਦੇ ਆਖਰੀ ਦਿਨ ਉਸਤਾਦਾਂ ਨੇ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਜੰਗਲ ਕੈਂਪ ਵਿੱਚ ਕਰਵਾਇਆ। ਉਸ ਵਿੱਚ ਵੀ ਹਰਪਿੰਦਰ ਸਿੰਘ ਦਾ ਇੱਕ ਵੱਖਰਾ ਹੀ ਰੂਪ ਸੀ। ਜੰਗਲ ਕੈਂਪ ਖਤਮ ਹੋਣ ਤੇ ਕਸਮ ਪਰੇਡ ਲਈ ਬਟਾਲੀਅਨ ਵਾਪਸ ਆਪਣੇ ਹੈਡ ਕੁਆਰਟਰ ਪਹੁੰਚ ਗਈ। ਕਸਮ ਪਰੇਡ ਤੇ ਬਹੁਤ ਸਾਰੇ ਸੀਨੀਅਰ ਅਫਸਰ ਅਤੇ ਇਲਾਕੇ ਦੇ ਮੰਤਰੀ ਸਾਹਿਬਾਨ ਵੀ ਹਾਜ਼ਰ ਹੋਏ। ਇਹਨਾਂ ਦੀ ਪਰੇਡ ਦੇਖ ਕੇ ਸਾਰੇ ਬਹੁਤ ਖੁਸ਼ ਹੋਏ ਅਤੇ ਸੀਨੀਅਰ ਅਧਿਕਾਰੀਆਂ ਨੇ ਨਾਲ ਹੀ ਇਹਨਾਂ ਜਵਾਨਾਂ ਨੂੰ 15-15 ਦਿਨ ਦੀ ਛੁੱਟੀ ਵੀ ਦੇ ਦਿੱਤੀ।
ਪਿੰਡ ਪਹੁੰਚਣ ਤੇ ਪਿੰਡ ਵਾਲਿਆਂ ਨੇ ਸਰਦਾਰ ਹਰਪਿੰਦਰ ਸਿੰਘ ਤੇ ਬੜਾ ਮਾਣ ਮਹਿਸੂਸ ਕੀਤਾ। ਇਹਨਾਂ ਦੇ ਪਿਤਾ ਸਰਦਾਰ ਅਜੈਬ ਸਿੰਘ ਆਪਣੇ ਦੋਸਤਾਂ ਨਾਲ ਹਰਪਿੰਦਰ ਸਿੰਘ ਨੂੰ ਘਰ ਲੈ ਆਏ। ਮਾਤਾ ਅਤੇ ਬਾਕੀ ਪਰਿਵਾਰ ਨੇ ਤੇਲ ਚੁਆ ਕੇ ਇਹਨਾਂ ਨੂੰ ਘਰ ਦੇ ਅੰਦਰ ਆਉਣ ਦਿੱਤਾ। ਸਰਦਾਰ ਹਰਪਿੰਦਰ ਸਿੰਘ ਇਹ ਮਾਹੌਲ ਦੇਖ ਕੇ ਆਪਣੀ ਫੋਰਸ ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ। ਇਹਨਾਂ ਦੇ ਛੋਟੇ ਭੈਣ ਭਰਾ ਹਰਪਿੰਦਰ ਸਿੰਘ ਨੂੰ ਫੌਜੀ ਕਹਿ ਕੇ ਬੁਲਾਉਂਦੇ। ਇਸ ਤਰ੍ਹਾਂ ਹੀ ਹੱਸਦਿਆਂ ਖੇਡਦਿਆਂ ਇਹਨਾਂ ਦੀ ਛੁੱਟੀ ਪੂਰੀ ਹੋ ਜਾਂਦੀ ਅਤੇ ਵਾਪਸ ਆਪਣੀ ਯੂਨਿਟ ਵਿੱਚ ਚਲੇ ਜਾਂਦੇ।
162 ਬਟਾਲੀਅਨ ਸੀ.ਆਰ.ਪੀ.ਐਫ. ਉਸ ਸਮੇਂ ਮਨੀਪੁਰ ਦੇ ਜੰਗਲਾਂ ਵਿੱਚ ਡਿਊਟੀ ਕਰਨ ਚਲੀ ਗਈ। ਮਨੀਪੁਰ ਤੋਂ ਡਿਊਟੀ ਕਰਦੇ ਸਮੇਂ ਸਰਦਾਰ ਹਰਪਿੰਦਰ ਸਿੰਘ ਦੇ ਪਿਤਾ ਦੀ ਚਿੱਠੀ ਆ ਗਈ ਕਿ 29/11/1992 ਨੂੰ ਹਰਪਿੰਦਰ ਸਿੰਘ ਦਾ ਵਿਆਹ ਰੱਖਿਆ ਗਿਆ ਹੈ। ਹਰਪਿੰਦਰ ਸਿੰਘ ਛੁੱਟੀ ਲੈ ਕੇ ਆਪਣੇ ਪਿੰਡ ਆ ਗਿਆ। ਇਹਨਾਂ ਦਾ ਵਿਆਹ ਰਜਿੰਦਰ ਕੌਰ ਪਿੰਡ ਢਿਲਵਾਂ ਨਾਲ ਹੋ ਗਿਆ। ਇਹਨਾਂ ਦੀ ਧਰਮ ਪਤਨੀ ਰਜਿੰਦਰ ਕੌਰ ਇਹਨਾਂ ਦਾ ਅਤੇ ਪੂਰੇ ਪਰਿਵਾਰ ਦਾ ਬਹੁਤ ਸਤਿਕਾਰ ਕਰਦੀ। ਕੁਝ ਹੀ ਦਿਨਾਂ ਵਿੱਚ ਛੁੱਟੀ ਖਤਮ ਹੋਣ ਤੇ ਸਰਦਾਰ ਹਰਪਿੰਦਰ ਸਿੰਘ ਵਾਪਸ ਆਪਣੇ ਯੂਨਿਟ ਵਿੱਚ ਚਲੇ ਗਏ ਅਤੇ ਰੁਟੀਨ ਦੀ ਤਰ੍ਹਾਂ ਡਿਊਟੀ ਕਰਨ ਲੱਗੇ।

ਸੀ.ਆਰ.ਪੀ.ਐਫ. ਦੀ ਡਿਊਟੀ ਬਹੁਤ ਕਠਿਨ ਹੋਣ ਕਰਕੇ ਕਈ ਕਈ ਦਿਨ ਸਰਦਾਰ ਹਰਪਿੰਦਰ ਸਿੰਘ ਘਰ ਚਿੱਠੀ ਵੀ ਨਹੀਂ ਲਿਖ ਪਾਉਂਦੇ।ਇਸ ਗੱਲ ਤੋਂ ਇਹਨਾਂ ਦੀ ਮਾਤਾ ਬਹੁਤ ਹੀ ਨਿਰਾਸ਼ ਹੁੰਦੀ। ਇਸੇ ਤਰ੍ਹਾਂ ਹੀ ਹਰਪਿੰਦਰ ਸਿੰਘ ਕਦੇ ਕਦਾਈ ਛੁੱਟੀ ਤੇ ਘਰ ਆਉਂਦੇ ਤੇ ਵਾਪਸ ਚਲੇ ਜਾਂਦੇ। ਇਹਨਾਂ ਦੇ ਘਰ ਦੋ ਬੇਟੀਆਂ ਤੇ ਇੱਕ ਬੇਟੇ ਨੇ ਜਨਮ ਲਿਆ। ਜਿਸ ਦੀਆਂ ਖੁਸ਼ੀਆਂ ਤੇ ਤਿਉਹਾਰ ਬੜੇ ਰੀਝਾਂ ਨਾਲ ਸਰਦਾਰ ਹਰਪਿੰਦਰ ਸਿੰਘ ਨੇ ਮਨਾਏ। ਸਰਦਾਰ ਹਰਪਿੰਦਰ ਸਿੰਘ ਆਪਣੀ ਡਿਊਟੀ ਦੇ ਨਾਲ ਨਾਲ ਹਾਕੀ ਦੇ ਮੁਕਾਬਲਿਆਂ ਵਿੱਚ ਵੀ ਲੜਦੇ ਰਹਿੰਦੇ ਸਨ। ਹਾਕੀ ਮੈਚ ਜਿੱਤਣ ਤੇ ਇਹਨਾਂ ਦਾ ਪਰਿਵਾਰ ਬਹੁਤ ਖੁਸ਼ ਹੁੰਦਾ। ਕੁਝ ਹੀ ਦਿਨਾਂ ਵਿੱਚ ਇਹਨਾਂ ਦੀ ਪੋਸਟਿੰਗ ਗਰੁੱਪ ਸੈਂਟਰ ਜਲੰਧਰ ਹਾਕੀ ਦੇ ਖਿਡਾਰੀ ਵਜੋਂ ਹੋ ਗਈ। ਉਥੇ ਪਹੁੰਚ ਕੇ ਇਹਨਾਂ ਦੀ ਹਾਕੀ ਟੀਮ ਨੇ ਕਾਫੀ ਮੈਚ ਦਿੱਤੇ ਅਤੇ ਮੱਲਾ ਮਾਰੀਆਂ। ਮੁਕਾਬਲੇ ਤੋਂ ਬਾਅਦ ਵਾਪਸ ਆਪਣੀ ਯੂਨਿਟ ਝਾਰਖੰਡ ਪਹੁੰਚ ਗਏ।
ਝਾਰਖੰਡ ਉਸ ਸਮੇਂ ਬਹੁਤ ਸਖਤ ਡਿਊਟੀ ਚੱਲ ਰਹੀ ਸੀ। ਹਰ ਰੋਜ਼ ਕਿਤੇ ਨਾ ਕਿਤੇ ਸੀ.ਆਰ.ਪੀ.ਐਫ. ਦਾ ਨਸਲਵਾਦੀਆਂ ਨਾਲ ਟਾਕਰਾ ਹੁੰਦਾ ਹੀ ਰਹਿੰਦਾ। ਪਰ ਸੀ.ਆਰ.ਪੀ.ਐਫ. ਦੇ ਜਵਾਨ ਹਮੇਸ਼ਾ ਆਪਣੇ ਜਵਾਨਾਂ ਸਮੇਤ ਆਪਣੇ ਕੈਂਪਾਂ ਵਿੱਚ ਸਹੀ ਸਲਾਮਤ ਪਹੁੰਚ ਜਾਂਦੇ। ਇਕ ਦਿਨ 162 ਬਟਾਲੀਅਨ ਸੀ.ਆਰ.ਪੀ.ਐਫ. ਦੀ ਟੁਕੜੀ ਡਿਊਟੀ ਤੇ ਜਾ ਰਹੀ ਸੀ। ਇਕ ਅਣਜਾਣ ਰਸਤੇ ਵਿੱਚ ਨਸਲਵਾਦੀਆਂ ਨੇ ਆਈਡੀ ਬਰੂਦ ਵਿਛਾਇਆ ਹੋਇਆ ਸੀ। ਜਿਸ ਤੋਂ ਸੀ. ਆਰ. ਪੀ. ਐਫ. ਦੇ ਜਵਾਨ ਬੇਖਬਰ ਸਨ। ਜਦੋਂ ਇਹ ਜਵਾਨ ਇਸ ਜਗ੍ਹਾ ਤੇ ਪਹੁੰਚੇ ਤਾਂ ਨਸਲਵਾਦੀਆਂ ਨੇ ਬਲਾਸਟ ਕਰ ਦਿੱਤਾ ਸੀ। ਸੀ. ਆਰ.ਪੀ.ਐਫ. ਤੇ ਨਸਲਵਾਦੀਆਂ ਦਾ ਇਨਕਾਊਂਟਰ ਸ਼ੁਰੂ ਹੋ ਗਿਆ। ਕਾਫੀ ਨਸਲਵਾਦੀਆਂ ਨੂੰ ਇਹਨਾਂ ਨੇ ਮਾਰ ਮੁਕਾਇਆ ਅਤੇ ਕਾਫੀ ਨਸਲਵਾਦੀ ਮੌਕੇ ਤੋਂ ਭੱਜ ਗਏ। ਸੀ.ਆਰ.ਪੀ.ਐਫ. ਦੇ ਵੀ ਕੁਝ ਜਵਾਨ ਜ਼ਖਮੀ ਹੋ ਗਏ। ਇਹਨਾਂ ਵਿੱਚ ਹਰਪਿੰਦਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਦੋਂ ਸੀ.ਆਰ.ਪੀ.ਐਫ. ਦੇ ਸਾਰੇ ਜਵਾਨਾਂ ਨੂੰ ਹਸਪਤਾਲ ਲਜਾਇਆ ਗਿਆ ਤਾਂ ਹਰਪਿੰਦਰ ਸਿੰਘ ਤੇ ਇਹਨਾਂ ਦੇ ਕੁਝ ਸਾਥੀ ਹਸਪਤਾਲ ਪਹੁੰਚਣ ਤੱਕ ਹੀ ਸ਼ਹੀਦ ਹੋ ਗਏ। 17 ਅਗਸਤ 2010 ਨੂੰ ਸ਼ਹੀਦ ਹਰਪਿੰਦਰ ਸਿੰਘ ਦੇਸ਼ ਨੂੰ ਅਲਵਿਦਾ ਕਰ ਗਏ।

ਸ਼ਹੀਦ ਹੋਏ ਜਵਾਨਾਂ ਨੂੰ ਸੀਨੀਅਰ ਅਧਿਕਾਰੀਆਂ ਨੇ ਤਿਰੰਗੇ ਵਿੱਚ ਲਪੇਟ ਕੇ ਹੈਡ ਕੁਆਰਟਰ ਲੈ ਆਉਂਦਾ ਅਤੇ ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।
ਸ਼ਹੀਦੀ ਦੀ ਇਹ ਖਬਰ ਜਦੋਂ ਸ਼ਹੀਦ ਹਰਪਿੰਦਰ ਸਿੰਘ ਦੇ ਪਿੰਡ ਉਹਨਾਂ ਦੇ ਪਿਤਾ ਸਰਦਾਰ ਅਜੈਬ ਸਿੰਘ ਨੂੰ ਦੱਸੀ ਗਈ ਤਾਂ ਪਿਤਾ ਇਹ ਖਬਰ ਸਹਾਰ ਨਾ ਸਕੇ ਤੇ ਉਸੇ ਜਗ੍ਹਾ ਤੇ ਬੈਠ ਕੇ ਰੋਣ ਲੱਗ ਗਏ। ਇਹ ਮੰਦਭਾਗੀ ਖਬਰ ਜਦੋਂ ਬਾਕੀ ਪਰਿਵਾਰ ਨੂੰ ਪਤਾ ਲੱਗੀ ਤਾਂ ਸਾਰਾ ਟੱਬਰ ਢੈ ਢੇਰੀ ਹੋ ਗਿਆ। ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਪੂਰੇ ਇਲਾਕੇ ਦੇ ਲੋਕ ਇਹਨਾਂ ਦੇ ਘਰ ਪਹੁੰਚ ਗਏ।
ਚਾਰ ਦਿਨਾਂ ਬਾਅਦ ਸੀ.ਆਰ.ਪੀ.ਐਫ. ਦੀਆਂ ਕੁਝ ਗੱਡੀਆਂ ਇਹਨਾਂ ਦੇ ਪਿੰਡ ਬਾਬਾ ਬਕਾਲਾ ਸਾਹਿਬ ਵਿਖੇ ਆਈਆਂ। ਜਿਸ ਵਿੱਚ ਸ਼ਹੀਦ ਹਰਪਿੰਦਰ ਸਿੰਘ ਦਾ ਮ੍ਰਿਤਕ ਸਰੀਰ ਸੀ। ਪਿੰਡ ਤੇ ਇਲਾਕੇ ਦੇ ਲੋਕ ਉਸ ਗੱਡੀ ਦੇ ਆਲੇ ਦੁਆਲੇ ਖੜ ਗਏ। ਸ਼ਹੀਦ ਹਰਪਿੰਦਰ ਸਿੰਘ ਜਿੰਦਾਬਾਦ… ਸ਼ਹੀਦ ਹਰਪਿੰਦਰ ਸਿੰਘ ਅਮਰ ਰਹੇ…. ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਗੱਡੀ ਹੌਲੀ ਹੌਲੀ ਉਹਨਾਂ ਦੇ ਘਰ ਪੁੱਜੀ ਤੇ ਘਰ ਪੁੱਜਦਿਆਂ ਹੀ ਸਾਰੇ ਪਰਿਵਾਰ ਨੇ ਸ਼ਹੀਦ ਹਰਪਿੰਦਰ ਸਿੰਘ ਦੇ ਮ੍ਰਿਤਕ ਸਰੀਰ ਦੇ ਦਰਸ਼ਨ ਕੀਤੇ। ਕੁਝ ਹੀ ਦੇਰ ਵਿੱਚ ਗੱਡੀ ਸਿਵਿਆਂ ਨੂੰ ਚੱਲ ਪਈ ਜਿਸ ਤੇ ਸ਼ਹੀਦ ਹਰਪਿੰਦਰ ਸਿੰਘ ਦੀ ਅੱਗੇ ਫੋਟੋ ਵੀ ਲਗਾਈ ਹੋਈ ਸੀ। ਸ਼ਹੀਦ ਹਰਪਿੰਦਰ ਸਿੰਘ ਅਮਰ ਰਹੇ ਦੇ ਨਾਅਰੇ ਲਗਾਉਂਦੇ ਹੋਏ ਲੋਕ ਵੀ ਗੱਡੀ ਦੇ ਨਾਲ ਨਾਲ ਸਿਵਿਆਂ ਤੱਕ ਪਹੁੰਚ ਗਏ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਦੇਖਿਆ ਨਹੀਂ ਜਾ ਰਿਹਾ ਸੀ।
ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਫਾਇਰ ਕਰਕੇ ਸ਼ਹੀਦ ਹਰਪਿੰਦਰ ਸਿੰਘ ਨੂੰ ਸਲਾਮੀ ਦਿੱਤੀ। ਆਏ ਹੋਏ ਸਿਵਲ ਪ੍ਰਸ਼ਾਸਨ ਨੇ ਵੀ ਸ਼ਹੀਦ ਹਰਪਿੰਦਰ ਸਿੰਘ ਨੂੰ ਸਲੂਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਕੁਝ ਹੀ ਦੇਰ ਵਿੱਚ ਉਹਨਾਂ ਦੇ ਪਿਤਾ ਅਤੇ ਬੇਟੇ ਵੱਲੋਂ ਉਹਨਾਂ ਨੂੰ ਅਗਨੀ ਭੇਟ ਕਰ ਦਿੱਤਾ ਗਿਆ। ਆਏ ਹੋਏ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਹਰਪਿੰਦਰ ਸਿੰਘ ਦੇ ਪਿਤਾ ਸਰਦਾਰ ਅਜੈਬ ਸਿੰਘ ਅਤੇ ਪਤਨੀ ਰਜਿੰਦਰ ਕੌਰ ਨੂੰ ਦਿਲਾਸਾ ਦਿੱਤਾ ਅਤੇ ਆਪਣੇ ਯੂਨਿਟ 162 ਬਟਾਲੀਅਨ ਵਿੱਚ ਪਹੁੰਚਣ ਲਈ ਵੀ ਬੇਨਤੀ ਕੀਤੀ। ਸ਼ਹੀਦ ਹਰਪਿੰਦਰ ਸਿੰਘ ਦਾ ਪਰਿਵਾਰ 162 ਬਟਾਲੀਅਨ ਵਿਖੇ ਪਹੁੰਚਿਆ। ਉੱਥੇ ਪਹੁੰਚਣ ਤੇ ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਅਤੇ ਇਹ ਸਾਰੀ ਕਾਰਵਾਈ ਕਰਕੇ ਪਰਿਵਾਰ ਆਪਣੇ ਪਿੰਡ ਵਾਪਸ ਆ ਗਿਆ।
2014 ਵਿੱਚ ਜਲੰਧਰ ਗਰੁੱਪ ਸੈਂਟਰ ਦੇ ਡੀ ਆਈ ਜੀ ਸੁਨੀਲ ਥੋਰਪੇ ਨੇ ਸ਼ਹੀਦ ਹਰਪਿੰਦਰ ਸਿੰਘ ਦੀ ਪਤਨੀ ਰਜਿੰਦਰ ਕੌਰ ਅਤੇ ਉਹਨਾਂ ਦੇ ਪਰਿਵਾਰ ਨੂੰ ਗਰੁੱਪ ਸੈਂਟਰ ਬੁਲਾਇਆ ਅਤੇ ਉਹਨਾਂ ਦਾ ਸਤਿਕਾਰ ਵੀ ਕੀਤਾ। ਉਹਨਾਂ ਨੂੰ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਵੀ ਮਿਲਾਇਆ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸ਼ੋਸ਼ੀਏਸ਼ਨ ਪੰਜਾਬ ਹਰ ਸਾਲ ਇਹਨਾਂ ਸ਼ਹੀਦਾਂ ਨੂੰ ਸਾਲ ਵਿੱਚ ਦੋ ਵਾਰ ਸਨਮਾਨਿਤ ਵੀ ਕਰਦੀ ਹੈ ਅਤੇ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਕੁਝ ਫੰਡ ਵੀ ਦਿੰਦੀ ਹੈ। ਸੀ.ਆਰ.ਪੀ.ਐਫ. ਐਸੋਸੀਏਸ਼ਨ ਪੰਜਾਬ ਇਸ ਗੱਲੋਂ ਵਚਨਬੱਧ ਹੈ ਕਿ ਅਸੀਂ ਇਹਨਾਂ ਸ਼ਹੀਦਾਂ ਦਾ ਸਦਾ ਸਤਿਕਾਰ ਕਰਦੇ ਰਹਾਂਗੇ।
ਮੈਂ ਦੇਸ਼ ਦੀ ਰਾਖੀ ਕਰਦਾ ਰਹਾਂਗਾਂ
ਇਹ ਦੇਸ਼ ਹੀ ਮੇਰੀ ਜਾਨ ਹੈ
ਇਸ ਦੀ ਰਾਖੀ ਦੇ ਲਈ ਮੇਰਾ ਦਿਲ ਤੇ ਜਾਨ ਕੁਰਬਾਨ ਹੈ।
ਜੈ ਹਿੰਦ🇮🇳🫡

















































