ਸ਼ਹੀਦ ਰਣਜੀਤ ਸਿੰਘ ਕੰਗ ਜੂਡੋ ਕੋਚ ਰਹੇ, ਖੇਲ ਅਤੇ ਡਿਊਟੀ ਨੂੰ ਪਹਿਲ, ਨਕਸਲੀਆਂ ਦੇ ਨੱਕ ਵਿੱਚ ਕੀਤਾ ਦਮ ਤੇ ਬਣਾਇਆ ਖੌਫ

ਜਲੰਧਰ (ਸੁਲਿੰਦਰ ਕੰਡੀ) – ਸ਼ਹੀਦ ਰਣਜੀਤ ਸਿੰਘ ਕੰਗ ਪੁੱਤਰ ਸਰਦਾਰ ਜਰਨੈਲ ਸਿੰਘ ਕੰਗ ਪਿੰਡ ਬਹਾਦਰਪੁਰ ਗਾਂਧੀ ਚੌਂਕ ਪੰਜ ਪਿਪਲੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੋਣਹਾਰ ਜਵਾਨ ਸੀ। ਇਹਨਾਂ ਦਾ ਜਨਮ 10 ਜੁਲਾਈ 1969 ਨੂੰ ਹੋਇਆ ਅਤੇ ਰਣਜੀਤ ਸਿੰਘ ਦੋ ਭੈਣਾਂ ਅਤੇ ਚਾਰ ਭਰਾ ਸਨ। ਸਰਦਾਰ ਰਣਜੀਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਦੀ ਪ੍ਰਾਇਮਰੀ ਸਰਕਾਰੀ ਸਕੂਲ ਬਹਾਦਰਪੁਰ ਅਤੇ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਹੁਸ਼ਿਆਰਪੁਰ ਵਿਖੇ ਕੀਤੀ। ਸਰਦਾਰ ਰਣਜੀਤ ਸਿੰਘ ਨੇ ਗਿਆਰਵੀਂ ਬਾਰਵੀਂ ਐਸ.ਡੀ. ਸਕੂਲ ਹੁਸ਼ਿਆਰਪੁਰ ਵਿਖੇ ਕੀਤੀ ਅਤੇ ਆਪਣੀ ਅਗਲੀ ਪੜ੍ਹਾਈ ਡੀਏਵੀ ਚੰਡੀਗੜ੍ਹ ਕਾਲਜ ਤੋਂ ਪੂਰੀ ਕੀਤੀ।

ਪੜ੍ਹਾਈ ਕਰਦੇ ਸਮੇਂ ਹੀ ਇਹਨਾਂ ਨੂੰ ਪਤਾ ਲੱਗਾ ਕਿ ਪੰਜਾਬ ਪੁਲਿਸ ਵਿੱਚ ਭਰਤੀ ਚੱਲ ਰਹੀ ਹੈ। ਸਰਦਾਰ ਰਣਜੀਤ ਸਿੰਘ ਨੇ ਘਰਦਿਆਂ ਦੀ ਇਜਾਜ਼ਤ ਨਾਲ ਪੰਜਾਬ ਪੁਲਿਸ ਵਿੱਚ ਭਾਰਤੀ ਦੇਖੀ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ। ਸਰਦਾਰ ਰਣਜੀਤ ਸਿੰਘ ਨੇ ਟ੍ਰੇਨਿੰਗ ਲੱਧਾ ਕੋਠੀ ਪੰਜਾਬ ਪੁਲਿਸ ਟ੍ਰੇਨਿੰਗ ਸੈਂਟਰ ਜ਼ਿਲ੍ਹਾ ਸੰਗਰੂਰ ਵਿਖੇ ਕੀਤੀ। ਕੁਝ ਸਾਲ ਇਹਨਾਂ ਨੇ ਪੰਜਾਬ ਪੁਲਿਸ ਵਿੱਚ ਸੇਵਾਵਾਂ ਦਿੱਤੀਆਂ ਅਤੇ ਗੌਰਮੈਂਟ ਦੇ ਹੁਕਮਾਂ ਅਨੁਸਾਰ ਆਰਮਡ ਪੁਲਿਸ ਦੇ ਕੁਝ ਜਵਾਨਾਂ ਨੂੰ ਸੀ.ਆਰ.ਪੀ.ਐਫ. ਵਿੱਚ ਤਬਦੀਲ ਕਰ ਦਿੱਤਾ।

ਇਹਨਾਂ ਨੂੰ ਫਿਰ ਦੂਜੀ ਵਾਰ ਸੀ.ਆਰ.ਪੀ.ਐਫ. ਦੀ ਟਰੇਨਿੰਗ ਸੈਂਟਰ ਨਿਮਸ ਵਿੱਚ ਭੇਜਿਆ ਗਿਆ। ਉਥੇ ਟ੍ਰੇਨਿੰਗ ਪੂਰੀ ਹੋਣ ਤੇ ਇਹਨਾਂ ਦੀ ਪੋਸਟਿੰਗ ਅਲੱਗ ਅਲੱਗ ਜਗ੍ਹਾ ਤੇ ਕੀਤੀ ਗਈ। ਇਹਨਾਂ ਨੂੰ 43 ਬਟਾਲੀਅਨ ਦਿੱਤੀ ਗਈ। ਉਸ ਸਮੇਂ 43 ਬਟਾਲੀਅਨ ਨੇ ਦਿੱਲੀ ਸੇਵਾਵਾਂ ਦਿੱਤੀਆਂ। ਸਰਦਾਰ ਰਣਜੀਤ ਸਿੰਘ ਕੰਗ ਪੜਿਆ ਲਿਖਿਆ ਹੋਣ ਕਰਕੇ ਦਫਤਰੀ ਕੰਮਾਂ ਵਿੱਚ ਵੀ ਡਿਊਟੀ ਕਰਦੇ ਸੀ।

ਸਰਦਾਰ ਰਣਜੀਤ ਸਿੰਘ ਸ਼ਾਂਤ ਸੁਭਾਅ ਦੇ ਜਵਾਨ ਸੀ। ਡਿਊਟੀ ਦੇ ਨਾਲ ਨਾਲ ਇਹ ਖੇਡਾਂ ਵਿੱਚ ਵੀ ਆਪਣੀ ਰੁਚੀ ਰੱਖਦੇ ਸਨ। ਕੁਝ ਸਾਲ ਇਹਨਾਂ ਨੇ ਜੂਡੋ ਦੇ ਖਿਡਾਰੀ ਵਜੋਂ ਸੇਵਾਵਾਂ ਦਿੱਤੀਆਂ ਅਤੇ ਆਪਣੀ ਬਟਾਲੀਅਨ ਦਾ ਨਾਮ ਕਾਫੀ ਉੱਚਾ ਕੀਤਾ। ਜਦੋਂ ਵੀ ਰਣਜੀਤ ਸਿੰਘ ਜੂਡੋ ਦੇ ਮੈਚ ਖੇਡਣ ਜਾਂਦੇ ਸਨ ਤਾਂ ਕੁਝ ਖਿਡਾਰੀ ਇਹਨਾਂ ਨੂੰ ਦੇਖ ਕੇ ਥਰ ਥਰ ਕੰਬ ਜਾਂਦੇ ਸਨ। ਰਣਜੀਤ ਸਿੰਘ ਨੇ ਹਮੇਸ਼ਾ ਜਿੱਤ ਹੀ ਹਾਸਲ ਕੀਤੀ ਸੀ। ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਨੇ ਇਹਨਾਂ ਦੀ ਖੇਡ ਦੇਖ ਕੇ ਸੀ.ਆਰ.ਪੀ.ਐਫ. ਦਿੱਲੀ ਵਿੱਚ ਕੋਚ ਲਗਾ ਦਿੱਤਾ। ਕੋਚ ਦੀਆਂ ਸੇਵਾਵਾਂ ਵਿੱਚ ਰਣਜੀਤ ਸਿੰਘ ਆਪਣੀ ਟੀਮ ਨੂੰ ਲੈ ਕੇ ਬੜੋਦਾ ਕਲਾ ਵਿੱਚ ਰਿਹਾਸਲ ਕਰਵਾਉਂਦੇ ਤਾਂ ਹਰ ਸੀ.ਆਰ.ਪੀ.ਐਫ. ਦੇ ਮੈਚ ਜਿੱਤ ਕੇ ਹੀ ਵਾਪਸ ਪਰਤਦੇ। ਰਣਜੀਤ ਸਿੰਘ ਨੇ ਸੀ.ਆਰ.ਪੀ.ਐਫ. ਦੇ ਨਾਲ-ਨਾਲ ਜਿਲ੍ਹਾ ਹੁਸ਼ਿਆਰਪੁਰ ਦਾ ਨਾਮ ਵੀ ਬਹੁਤ ਚਮਕਾਇਆ।

ਜਦੋਂ ਰਣਜੀਤ ਸਿੰਘ ਛੁੱਟੀ ਆਉਂਦੇ ਤਾਂ ਜੂਡੋ ਦੇ ਖਿਡਾਰੀ ਇਹਨਾਂ ਨੂੰ ਮਿਲਣ ਇਹਨਾਂ ਦੇ ਘਰ ਆਉਂਦੇ। ਛੁੱਟੀ ਆ ਕੇ ਵੀ ਰਣਜੀਤ ਸਿੰਘ ਕੁਝ ਬੱਚਿਆਂ ਨਾਲ ਜੁਡੋ ਖੇਡ ਦੇ ਸਮਾਂ ਬਤੀਤ ਕਰਦੇ ਅਤੇ ਉਹਨਾਂ ਨੂੰ ਜੂਡੋ ਬਾਰੇ ਜਾਣਕਾਰੀ ਵੀ ਦਿੰਦ। ਰਣਜੀਤ ਸਿੰਘ ਨੂੰ ਬਹੁਤ ਸ਼ੌਂਕ ਸੀ ਕਿ ਮੇਰੇ ਸ਼ਹਿਰ ਦੇ ਬੱਚੇ ਮੇਰੇ ਵਾਂਗ ਚੰਗੀ ਪਦਵੀ ਤੇ ਜਾਣ। ਮੈਚ ਦੇ ਨਾਲ-ਨਾਲ ਰਣਜੀਤ ਸਿੰਘ ਡਿਊਟੀ ਨੂੰ ਵੀ ਪਹਿਲ ਦਿੰਦੇ।

ਰਣਜੀਤ ਸਿੰਘ ਜਦੋਂ ਪਿੰਡ ਆਏ ਤਾਂ ਘਰਦਿਆਂ ਨੇ ਇਹਨਾਂ ਦੇ ਵਿਆਹ ਦੀ ਚਰਚਾ ਕੀਤੀ ਤੇ ਫਿਰ ਇਹਨਾਂ ਦਾ ਵਿਆਹ 7 ਮਾਰਚ 2001 ਨੂੰ ਨਰਿੰਦਰ ਕੌਰ ਪਿੰਡ ਬਰਿਆਣਾ ਮੁਕੇਰੀਆਂ ਨਾਲ ਕਰ ਦਿੱਤਾ ਗਿਆ। ਨਰਿੰਦਰ ਕੌਰ ਵਿਆਹ ਕਰਵਾ ਕੇ ਬਹੁਤ ਖੁਸ਼ ਸੀ ਕਿ ਉਸ ਨੂੰ ਇੱਕ ਚੰਗਾ ਜੀਵਨ ਸਾਥੀ ਮਿਲ ਗਿਆ ਹੈ। ਵਿਆਹ ਕਰਵਾ ਕੇ ਰਣਜੀਤ ਸਿੰਘ ਵਾਪਸ ਆਪਣੀ ਬਟਾਲੀਅਨ ਵਿੱਚ ਦਿੱਲੀ ਚਲੇ ਗਏ। 2005 ਵਿੱਚ ਇੱਕ ਬੇਟੀ ਨੇ ਇਹਨਾਂ ਦੇ ਘਰ ਜਨਮ ਲਿਆ ਅਤੇ ਰਣਜੀਤ ਸਿੰਘ ਨੇ ਇਹ ਖੁਸ਼ੀ ਆਪਣੇ ਦੋਸਤਾਂ ਨਾਲ ਸਾਂਝੀ ਕੀਤੀ ਕਿ ਮੇਰੇ ਘਰ ਲਕਸ਼ਮੀ ਨੇ ਜਨਮ ਲਿਆ ਹੈ। ਬੇਟੀ ਨੂੰ ਦੇਖਣ ਲਈ ਰਣਜੀਤ ਸਿੰਘ ਆਪਣੇ ਪਿੰਡ ਆ ਗਏ। ਘਰ ਪਹੁੰਚਦਿਆਂ ਹੀ ਉਹਨਾਂ ਦੇ ਮਾਤਾ ਪਿਤਾ ਅਤੇ ਪਤਨੀ ਨੇ ਉਹਨਾਂ ਨੂੰ ਵਧਾਈ ਦਿੱਤੀ। ਰਣਜੀਤ ਸਿੰਘ ਆਪਣੀ ਪਰੀਆਂ ਵਰਗੀ ਬੇਟੀ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਪੂਰੀ ਛੁੱਟੀ ਇਹਨਾਂ ਨਾਲ ਹੱਸ ਖੇਡ ਕੇ ਲੋਰੀਆਂ ਦੇ ਕੇ ਬਤੀਤ ਕੀਤੀ। ਛੁੱਟੀ ਖਤਮ ਹੋਣ ਤੇ ਰਣਜੀਤ ਸਿੰਘ ਦਾ ਵਾਪਸ ਆਉਣ ਨੂੰ ਦਿਲ ਨਹੀਂ ਕਰ ਰਿਹਾ ਸੀ ਪਰ ਫਿਰ ਵੀ ਹਿੰਮਤ ਕਰਕੇ ਰਣਜੀਤ ਸਿੰਘ ਵਾਪਸ ਆਪਣੀ ਯੂਨਿਟ ਵਿੱਚ ਚਲੇ ਗਏ।

ਉਸ ਸਮੇਂ ਉਹਨਾਂ ਦੀ ਬਟਾਲੀਅਨ ਅਸਾਮ ਦੇ ਜੰਗਲਾਂ ਵਿੱਚ ਡਿਊਟੀ ਕਰ ਰਹੀ ਸੀ। ਸੀ.ਆਰ.ਪੀ.ਐਫ. ਦਾ ਬਹੁਤ ਹੀ ਉਸ ਜਗ੍ਹਾ ਤੇ ਦਬਦਬਾ ਬਣਿਆ ਹੋਇਆ ਸੀ। ਕੁਝ ਨਸਲਵਾਦੀ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੇ ਸਨ। ਜਦੋਂ ਸੀ.ਆਰ.ਪੀ.ਐਫ. ਉਥੇ ਪਹੁੰਚ ਗਈ ਤਾਂ ਲੋਕਾਂ ਨੇ ਉੱਥੇ ਬਹੁਤ ਖੁਸ਼ੀ ਮਨਾਈ। ਰਣਜੀਤ ਸਿੰਘ ਇੱਕ ਬਹੁਤ ਵਧੀਆ ਕਮਾਂਡਰ ਵਜੋਂ ਗਿਣਿਆ ਜਾਂਦਾ ਸੀ। ਇਸੇ ਤਰ੍ਹਾਂ ਰਣਜੀਤ ਸਿੰਘ ਡਿਊਟੀ ਦੇ ਨਾਲ-ਨਾਲ ਘਰ ਵੀ ਚੱਕਰ ਲਗਾਉਂਦੇ ਰਹਿੰਦੇ।

ਬੇਟੀ ਤੋਂ ਬਾਅਦ ਰਣਜੀਤ ਸਿੰਘ ਦੇ ਘਰ ਬੇਟੇ ਨੇ ਜਨਮ ਲਿਆ। ਜਦੋਂ ਇਹ ਖਬਰ ਰਣਜੀਤ ਸਿੰਘ ਨੂੰ ਅਸਾਮ ਦੇ ਜੰਗਲਾਂ ਵਿੱਚ ਮਿਲੀ ਤਾਂ ਰਣਜੀਤ ਸਿੰਘ ਨੇ ਇਹ ਖੁਸ਼ੀ ਜੰਗਲ ਵਿੱਚ ਹੀ ਮੰਗਲ ਲਾ ਦਿੱਤੇ ਅਤੇ ਸਾਰਿਆਂ ਦੋਸਤਾਂ ਨੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ। ਸੀਨੀਅਰ ਅਧਿਕਾਰੀਆਂ ਨੇ ਰਣਜੀਤ ਸਿੰਘ ਨੂੰ ਕੁਝ ਦਿਨਾਂ ਦੀ ਛੁੱਟੀ ਦਿੱਤੀ। ਰਣਜੀਤ ਸਿੰਘ ਛੁੱਟੀ ਲੈ ਕੇ ਆਪਣੇ ਬੇਟੇ ਨੂੰ ਦੇਖਣ ਲਈ ਬਹਾਦਰਪੁਰ ਗਾਂਧੀ ਚੌਂਕ ਪਹੁੰਚ ਗਏ। ਜਦੋਂ ਰਣਜੀਤ ਸਿੰਘ ਨੇ ਆਪਣੇ ਰਾਜ ਦੁਲਾਰੇ ਬੇਟੇ ਨੂੰ ਦੇਖਿਆ ਤਾਂ ਉਹਨਾਂ ਦੇ ਧਰਤੀ ਤੇ ਪੈਰ ਨਹੀਂ ਲੱਗ ਰਹੇ ਸਨ। ਜਦੋਂ ਬੇਟੇ ਨੂੰ ਚੁੱਕ ਕੇ ਬਾਪ ਲੋਰੀਆਂ ਗਾਂਉਦਾ ਤਾਂ ਉਸ ਦੀ ਛੋਟੀ ਜਿਹੀ ਬੇਟੀ ਵੀ ਆ ਕੇ ਉਹਨਾਂ ਦੀਆਂ ਲੱਤਾਂ ਨਾਲ ਚਿਮੜ ਜਾਂਦੀ। ਇਸੇ ਤਰ੍ਹਾਂ ਰਣਜੀਤ ਸਿੰਘ ਆਪਣੀ ਸਾਰੀ ਛੁੱਟੀ ਆਪਣੇ ਪਰਿਵਾਰ ਨਾਲ ਹੱਸ ਖੇਡ ਕੇ ਬਤੀਤ ਕਰਦੇ। ਰਣਜੀਤ ਸਿੰਘ ਆਪਣੀ ਪਤਨੀ ਨਰਿੰਦਰ ਕੌਰ ਤੇ ਬਹੁਤ ਖੁਸ਼ ਹੁੰਦੇ ਕਿਉਂਕਿ ਥੋੜੇ ਸਮੇਂ ਵਿੱਚ ਹੀ ਉਹਨਾਂ ਨੇ ਬਹੁਤ ਸਾਰੀਆਂ ਖੁਸ਼ੀਆਂ ਦੇ ਦਿੱਤੀਆਂ।

ਰਣਜੀਤ ਸਿੰਘ ਸਾਰੀ ਛੁੱਟੀ ਬਤੀਤ ਹੋਣ ਤੋਂ ਬਾਅਦ ਵਾਪਸ 43 ਬਟਾਲੀਅਨ ਵਿੱਚ ਚਲੇ ਗਏ। ਉਸ ਸਮੇਂ ਉਹਨਾਂ ਦੀ ਬਟਾਲੀਅਨ ਅਸਾਮ ਤੋਂ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਚਲੀ ਗਈ। ਛੱਤੀਸਗੜ੍ਹ ਪਹੁੰਚਦੇ ਹੀ ਸੀਨੀਅਰ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇੱਥੇ ਬਹੁਤ ਸਾਰੇ ਨਸਲਵਾਦੀਆਂ ਦੇ ਗਰੁੱਪ ਸਰਗਰਮੀਆਂ ਵਿੱਚ ਸਨ। ਨਸਲਵਾਦੀਆਂ ਨੇ ਲੋਕਾਂ ਨੂੰ ਬਹੁਤ ਹੀ ਪਰੇਸ਼ਾਨ ਕੀਤਾ ਹੋਇਆ ਸੀ। ਸੀ.ਆਰ.ਪੀ.ਐਫ. ਜਦੋਂ ਉੱਥੇ ਪਹੁੰਚੀ ਤਾਂ ਨਸਲਵਾਦੀ ਕਿਤੇ ਨਾ ਕਿਤੇ ਬੰਬ ਵਿਸਫੋਟ ਜਾਂ ਹੋਰ ਵਾਰਦਾਤਾਂ ਕਰਦੇ ਹੀ ਰਹਿੰਦੇ।

43 ਬਟਾਲੀਅਨ ਦੇ ਜਵਾਨਾਂ ਨੇ ਇਹਨਾਂ ਨਸਲਵਾਦੀਆਂ ਨੂੰ ਨੱਥ ਪਾ ਲਈ ਅਤੇ ਬਹੁਤ ਸਾਰੇ ਗਰੁੱਪ ਉਥੋਂ ਭੱਜ ਗਏ। ਸੀਨੀਅਰ ਅਧਿਕਾਰੀ ਵੀ ਇਹਨਾਂ ਜੰਗਲਾਂ ਵਿੱਚ ਆਉਂਦੇ ਜਾਂਦੇ ਸਨ ਅਤੇ ਵੱਖ ਵੱਖ ਤਰੀਕੇ ਨਾਲ ਆਪਣੇ ਜਵਾਨਾਂ ਨੂੰ ਨਵੇਂ ਤਰੀਕੇ ਦੀ ਟ੍ਰੇਨਿੰਗ ਵੀ ਦਿੰਦੇ ਰਹਿੰਦੇ। ਜਦੋਂ ਵੀ ਕਿਤੇ ਸੀ.ਆਰ.ਪੀ.ਐਫ. ਦੀ ਗੱਡੀ ਲੰਘਦੀ ਤਾਂ ਸਿਵਲ ਦੇ ਲੋਕ ਇਹਨਾਂ ਨੂੰ ਸਲਾਮ ਕਰਦੇ। ਰਣਜੀਤ ਸਿੰਘ ਵੀ ਇਹਨਾਂ ਲੋਕਾਂ ਨਾਲ ਆਪਣਾ ਮੇਲ ਮਿਲਾਪ ਰੱਖਦੇ।

ਇਕ ਦਿਨ ਰਣਜੀਤ ਸਿੰਘ ਆਪਣੇ ਜਵਾਨਾਂ ਦੀ ਟੁਕੜੀ ਲੈ ਕੇ ਜੰਗਲਾਂ ਵੱਲ ਜਾ ਰਹੇ ਸਨ ਤਾਂ ਇਕ ਅਣਜਾਣ ਰਸਤੇ ਉੱਪਰ ਇੱਕ ਨਸਲੀਆਂ ਦਾ ਬੜਾ ਗਰੁੱਪ ਦਰੱਖਤਾਂ ਦੇ ਉੱਪਰ ਚੜ ਕੇ ਬੈਠਾ ਹੋਇਆ ਸੀ। ਸੀ.ਆਰ.ਪੀ.ਐਫ. ਦੇ ਜਵਾਨਾਂ ਅਤੇ ਨਸਲਵਾਦੀਆਂ ਵਿਚਕਾਰ ਫਾਇਰ ਸ਼ੁਰੂ ਹੋ ਗਏ। ਸੀ. ਆਰ.ਪੀ.ਐਫ. ਦੇ ਜਵਾਨਾਂ ਨੇ ਇਹਨਾਂ ਨਸਲਵਾਦੀਆਂ ਨੂੰ ਖਦੇੜ ਦਿੱਤਾ। ਪਰ ਜਦੋਂ ਸੀ.ਆਰ.ਪੀ.ਐਫ. ਦੀ ਟੁਕੜੀ ਜੰਗਲ ਦੇ ਉਸ ਅਗਲੇ ਹਿੱਸੇ ਵੱਲ ਗਈ ਤਾਂ ਨਸਲਵਾਦੀਆਂ ਨੇ ਬੰਬ ਬਲਾਸਟ ਕਰ ਦਿੱਤਾ। ਜਿਸ ਵਿੱਚ ਸੀ.ਆਰ.ਪੀ.ਐਫ. ਦੇ ਕੁਝ ਜਵਾਨ ਜਖਮੀ ਹੋ ਗਏ ਅਤੇ ਸਰਦਾਰ ਰਣਜੀਤ ਸਿੰਘ ਕੰਗ 29 ਅਗਸਤ 2008 ਨੂੰ ਸ਼ਹੀਦ ਹੋ ਗਏ।

ਸੀਨੀਅਰ ਅਧਿਕਾਰੀਆਂ ਨੂੰ ਖਬਰ ਮਿਲਣ ਤੇ ਫੋਰਸ ਸਮੇਤ ਉੱਥੇ ਪਹੁੰਚ ਗਏ ਅਤੇ ਕਾਫੀ ਸਰਚ ਤੋਂ ਬਾਅਦ ਆਪਣੇ ਜਵਾਨਾਂ ਨੂੰ ਆਪਣੇ ਕਬਜ਼ੇ ਵਿੱਚ ਲਿਆਂਦਾ। ਸੀ.ਆਰ.ਪੀ.ਐਫ. ਦੇ ਜ਼ਖਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸ਼ਹੀਦ ਹੋਏ ਜਵਾਨਾਂ ਨੂੰ ਤਿਰੰਗੇ ਵਿੱਚ ਲਪੇਟ ਕੇ ਹੈਡ ਕੁਆਰਟਰ ਯੂਨਿਟ ਵਿਖੇ ਲਿਆਂਦਾ ਗਿਆ। ਇਸ ਸ਼ਹਾਦਤ ਦੀ ਖਬਰ ਗਰੁੱਪ ਸੈਂਟਰ ਜਲੰਧਰ ਨੂੰ ਦਿੱਤੀ ਗਈ।

ਜਲੰਧਰ ਗਰੁੱਪ ਸੈਂਟਰ ਤੋਂ ਕੁਝ ਸੀਨੀਅਰ ਅਧਿਕਾਰੀ ਬਹਾਦਰਪੁਰ ਹੁਸ਼ਿਆਰਪੁਰ ਸ਼ਹੀਦ ਰਣਜੀਤ ਸਿੰਘ ਦੇ ਘਰ ਪਹੁੰਚ ਗਏ। ਜਦੋਂ ਸ਼ਹੀਦੀ ਦੀ ਖਬਰ ਉਹਨਾਂ ਦੀ ਪਤਨੀ ਨਰਿੰਦਰ ਕੌਰ ਅਤੇ ਉਹਨਾਂ ਦੇ ਪਿਤਾ ਸਰਦਾਰ ਜਰਨੈਲ ਸਿੰਘ ਨੂੰ ਦੱਸੀ ਤਾਂ ਪਿਤਾ ਗਮ ਦਾ ਮਾਰਿਆ ਉਸੇ ਜਗ੍ਹਾ ਬੈਠ ਗਿਆ। ਸ਼ਹੀਦ ਰਣਜੀਤ ਸਿੰਘ ਦੀ ਪਤਨੀ ਨਰਿੰਦਰ ਕੌਰ ਰੋਂਦੀ ਕੁਰਲਾਉਂਦੀ ਆਪਣੇ ਬੱਚਿਆਂ ਨੂੰ ਗਲਵੱਕੜੀ ਵਿੱਚ ਲੈ ਕੇ ਬੈਠ ਗਈ। ਉਸ ਸਮੇਂ ਉਹਨਾਂ ਦੀ ਬੇਟੀ ਢਾਈ ਸਾਲ ਅਤੇ ਬੇਟਾ ਡੇਢ ਕੁ ਸਾਲ ਦਾ ਸੀ। ਸ਼ਹੀਦ ਰਣਜੀਤ ਸਿੰਘ ਦੀ ਸ਼ਹੀਦੀ ਦੀ ਖਬਰ ਸਾਰੇ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਬਹੁਤ ਸਾਰੇ ਲੋਕ ਸ਼ਹੀਦ ਰਣਜੀਤ ਸਿੰਘ ਦੇ ਘਰ ਪਹੁੰਚ ਗਏ। ਇਹ ਮਾਹੌਲ ਦੇ ਕੇ ਸਭ ਦੀਆਂ ਅੱਖਾਂ ਨਮ ਹੋ ਰਹੀਆਂ ਸਨ ਕਿਉਂਕਿ ਰਣਜੀਤ ਸਿੰਘ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣਾ ਪਿਆਰ ਬਹੁਤ ਵੰਡਿਆ ਹੋਇਆ ਸੀ। ਜੋ ਵੀ ਆਦਮੀ ਉਨ੍ਹਾਂ ਦੇ ਘਰ ਵੱਲ ਆ ਰਿਹਾ ਤਾਂ ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਤੋਂ ਵਾਰ-ਵਾਰ ਸ਼ਹੀਦ ਰਣਜੀਤ ਸਿੰਘ ਬਾਰੇ ਪੁੱਛ ਰਿਹਾ ਸੀ।

ਤਿੰਨ ਚਾਰ ਦਿਨਾਂ ਬਾਅਦ ਸ਼ਹੀਦ ਰਣਜੀਤ ਸਿੰਘ ਦਾ ਮ੍ਰਿਤਕ ਸਰੀਰ ਹੁਸ਼ਿਆਰਪੁਰ ਉਹਨਾਂ ਦੇ ਪਿੰਡ ਸੀ.ਆਰ.ਪੀ.ਐਫ. ਦੇ ਜਵਾਨ ਗੱਡੀਆਂ ਵਿੱਚ ਉਹਨਾਂ ਦੇ ਘਰ ਲੈ ਆਏ। ਸੀ.ਆਰ.ਪੀ.ਐਫ. ਦੀ ਗੱਡੀ ਪਹੁੰਚਦਿਆਂ ਹੀ ਬਹੁਤ ਲੋਕਾਂ ਦੀ ਭੀੜ ਸ਼ਹੀਦ ਰਣਜੀਤ ਸਿੰਘ ਦੇ ਦਰਸ਼ਨਾਂ ਲਈ ਪਹੁੰਚ ਗਈ। ਸੀਨੀਅਰ ਅਧਿਕਾਰੀ ਵੀ ਇਸ ਗੱਡੀ ਦੇ ਨਾਲ ਨਾਲ ਜਾ ਰਹੇ ਸਨ। ਹੁਸ਼ਿਆਰਪੁਰ ਦੇ ਲੋਕ ਸ਼ਹੀਦ ਰਣਜੀਤ ਸਿੰਘ ਅਮਰ ਰਹੇ….ਸ਼ਹੀਦ ਰਣਜੀਤ ਸਿੰਘ ਜਿੰਦਾਬਾਦ….ਦੇ ਨਾਅਰੇ ਵੀ ਲਗਾ ਰਹੇ ਸਨ। ਜਦੋਂ ਇਹ ਗੱਡੀ ਸ਼ਹੀਦ ਰਣਜੀਤ ਸਿੰਘ ਦੇ ਘਰ ਪਹੁੰਚ ਗਈ ਤਾਂ ਲੋਕਾਂ ਦਾ ਕਾਫੀ ਵੱਡਾ ਇਕੱਠ ਹੋ ਗਿਆ ਸੀ।

ਸੀ.ਆਰ.ਪੀ.ਐਫ.  ਦੇ ਅਧਿਕਾਰੀਆਂ ਨੇ ਨਰਿੰਦਰ ਕੌਰ ਅਤੇ ਉਨਾਂ ਦੇ ਪਿਤਾ ਤੇ ਬਾਕੀ ਪਰਿਵਾਰ ਨੂੰ ਸ਼ਹੀਦ ਰਣਜੀਤ ਸਿੰਘ ਕੰਗ ਦੇ ਦਰਸ਼ਨ ਕਰਵਾਏ ਅਤੇ ਲੋਕਾਂ ਨੇ ਵੀ ਸ਼ਹੀਦ ਦੇ ਦਰਸ਼ਨ ਕੀਤੇ। ਛੋਟੇ ਬੱਚਿਆਂ ਨੇ ਆਪਣੇ ਪਿਤਾ ਨੂੰ ਦੇਖ ਰਹੇ ਸੀ ਕਿ ਅੱਜ ਸਾਡਾ ਪਿਤਾ ਇਸ ਤਰ੍ਹਾਂ ਕਿਉਂ ਪਿਆ ਹੈ ਤੇ ਨਾ ਹੀ ਸਾਡੇ ਲਈ ਕੁਝ ਲੈ ਕੇ ਆਇਆ ਹੈ ਤੇ ਨਾ ਹੀ ਅੱਜ ਸਾਨੂੰ ਲੋਰੀਆਂ ਗਾ ਕੇ ਸੁਣਾ ਰਿਹਾ ਹੈ। ਕੁਝ ਸਮੇਂ ਬਾਅਦ ਲੋਕ ਨਾਅਰੇ ਲਗਾਉਂਦੇ ਹੋਏ ਸਿਵਿਆਂ ਵਿੱਚ ਪਹੁੰਚ ਗਏ। ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਸ਼ਹੀਦ ਰਣਜੀਤ ਸਿੰਘ ਨੂੰ ਫਾਇਰ ਕਰਕੇ ਸਲਾਮੀ ਭੇਟ ਕੀਤੀ ਗਈ। ਆਏ ਹੋਏ ਲੋਕਲ ਪ੍ਰਸ਼ਾਸਨ ਅਤੇ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਹੀਦ ਰਣਜੀਤ ਸਿੰਘ ਕੰਗ ਨੂੰ ਸਲਿਊਟ ਮਾਰ ਕੇ ਸ਼ਰਧਾਂਜਲੀ ਭੇਟ ਕੀਤੀ।

ਜਦੋਂ ਉਹਨਾਂ ਦੀ ਧਰਮ ਪਤਨੀ ਨਰਿੰਦਰ ਕੌਰ ਨੇ ਸ਼ਹੀਦ ਰਣਜੀਤ ਸਿੰਘ ਦੇ ਆਖਰੀ ਵਾਰ ਦਰਸ਼ਨ ਕੀਤੇ ਤਾਂ ਨਰਿੰਦਰ ਕੌਰ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪਤੀ ਸ਼ਹੀਦ ਰਣਜੀਤ ਸਿੰਘ ਨੂੰ ਆਪਣੀ ਆਖਰੀ ਵਾਰ ਦਾ ਸਲਿਊਟ ਕੀਤਾ। ਸਲੂਟ ਕਰਨ ਤੋਂ ਬਾਅਦ ਨਰਿੰਦਰ ਕੌਰ ਤੋਂ ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ ਸੀ। ਆਪਣੇ ਨੰਨੇ ਮੁੰਨੇ ਬੱਚਿਆਂ ਨੂੰ ਗਲਵੱਕੜੀ ਵਿੱਚ ਲੈ ਰਹੀ ਸੀ। ਪਰਿਵਾਰ ਨੇ ਨਰਿੰਦਰ ਕੌਰ ਨੂੰ ਸੰਭਾਲਿਆ ਅਤੇ ਬੱਚਿਆਂ ਨੂੰ ਗੋਦੀ ਚੁੱਕ ਲਿਆ। ਸੀ.ਆਰ.ਪੀ.ਐਫ. ਦੇ ਅਧਿਕਾਰੀਆਂ ਨੇ ਪਿਤਾ ਜਰਨੈਲ ਸਿੰਘ, ਮਾਤਾ ਅਤੇ ਧਰਮ ਪਤਨੀ ਨਰਿੰਦਰ ਕੌਰ ਨੂੰ ਦਿਲਾਸਾ ਦਿੱਤਾ ਅਤੇ ਬੱਚਿਆਂ ਨੂੰ ਵੀ ਪਿਆਰ ਕੀਤਾ।

ਪਿਤਾ ਸਰਦਾਰ ਜਰਨੈਲ ਸਿੰਘ ਨੇ ਆਪਣੇ ਬੇਟੇ ਸ਼ਹੀਦ ਰਣਜੀਤ ਸਿੰਘ ਨੂੰ ਅਗਨੀ ਭੇਟ ਕਰ ਦਿੱਤਾ। ਅਗਨੀ ਭੇਟ ਕਰਨ ਤੋਂ ਬਾਅਦ ਪਿਤਾ ਬਹੁਤ ਅੰਦਰੋਂ ਟੁੱਟ ਚੁੱਕਿਆ ਸੀ ਅਤੇ ਛੋਟੇ ਛੋਟੇ ਬੱਚਿਆਂ ਵੱਲ ਵਾਰ ਵਾਰ ਦੇਖ ਰਹੇ ਸਨ। ਸ਼ਹੀਦ ਰਣਜੀਤ ਸਿੰਘ ਦੀ ਪਤਨੀ ਨਰਿੰਦਰ ਕੌਰ ਆਪਣੇ ਛੋਟੇ ਬੱਚਿਆਂ ਨੂੰ ਲੈ ਕੇ ਇੱਕ ਜਗ੍ਹਾ ਬੈਠ ਕੇ ਅਗਨੀ ਭੇਟ ਹੁੰਦੀ ਦੇਖਦੇ ਹੋਏ ਰੋ ਕੁਰਲਾ ਰਹੀ ਸੀ। ਕੁਝ ਦੇਰ ਬਾਅਦ ਸਾਰਾ ਪਰਿਵਾਰ ਘਰ ਪਹੁੰਚ ਗਿਆ। ਸੀ.ਆਰ.ਪੀ.ਐਫ. ਦੇ ਅਧਿਕਾਰੀਆਂ ਨੇ ਸ਼ਹੀਦ ਰਣਜੀਤ ਸਿੰਘ ਕੰਗ ਦੀ ਪਤਨੀ ਨਰਿੰਦਰ ਕੌਰ ਅਤੇ ਉਹਨਾਂ ਦੇ ਪਿਤਾ ਨੂੰ ਗਰੁੱਪ ਸੈਂਟਰ ਜਲੰਧਰ ਬੁਲਾਇਆ।

ਕੁਝ ਦਿਨਾਂ ਬਾਅਦ ਸ਼ਹੀਦ ਰਣਜੀਤ ਸਿੰਘ ਦੇ ਪਿਤਾ ਸਰਦਾਰ ਜਰਨੈਲ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਨਰਿੰਦਰ ਕੌਰ ਬੱਚਿਆਂ ਸਮੇਤ ਗਰੁੱਪ ਸੈਂਟਰ ਜਲੰਧਰ ਪਹੁੰਚ ਗਏ। ਉੱਥੇ ਪਹੁੰਚਣ ਤੇ ਮੌਕੇ ਦੇ ਡੀਆਈਜੀ ਨੇ ਇਹਨਾਂ ਦਾ ਸਵਾਗਤ ਕੀਤਾ ਅਤੇ ਵਿਸ਼ੇਸ਼ ਸਨਮਾਨ ਵੀ ਕੀਤਾ। 2014 ਵਿੱਚ ਗਰੁੱਪ ਸੈਂਟਰ ਜਲੰਧਰ ਦੇ ਡੀਆਈਜੀ ਸੁਨੀਲ ਥੋਰਪੇ ਨੇ ਨਰਿੰਦਰ ਕੌਰ ਨੂੰ ਗਰੁੱਪ ਸੈਂਟਰ ਜਲੰਧਰ ਬੁਲਾ ਕੇ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨਾਲ ਮੁਲਾਕਾਤ ਕਰਵਾਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਨਰਿੰਦਰ ਕੌਰ ਦਾ ਸਨਮਾਨ ਕੀਤਾ ਅਤੇ ਭਰੋਸਾ ਵੀ ਦਿੱਤਾ ਕਿ ਅਸੀਂ ਰਣਜੀਤ ਸਿੰਘ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਸਲਾਮ ਕਰਦੇ ਹਾਂ। ਨਾਲ ਇਹ ਵੀ ਭਰੋਸਾ ਦਿੱਤਾ ਕਿ ਅਸੀਂ ਬਾਕੀ ਸ਼ਹੀਦਾਂ ਵਾਂਗ ਇਹਨਾਂ ਨੂੰ ਵੀ ਹਰ ਸਾਲ ਸਨਮਾਨਿਤ ਕਰਕੇ ਇਹਨਾਂ ਦੀ ਯਾਦ ਨੂੰ ਤਾਜਾ ਰੱਖਾਂਗੇ।

ਸੀ.ਆਰ.ਪੀ.ਐਫ.  ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਸਾਲ ਵਿੱਚ ਹਰ ਸਾਲ ਸ਼ਹੀਦਾਂ ਦੇ ਪ੍ਰੋਗਰਾਮ ਗਰੁੱਪ ਸੈਂਟਰ ਜਲੰਧਰ ਵਿਖੇ ਕਰਵਾਉਂਦੇ ਹਨ ਅਤੇ ਸ਼ਹੀਦ ਪਰਿਵਾਰਾਂ ਦਾ ਮਾਨ ਸਨਮਾਨ ਵੀ ਕਰਦੇ ਹਨ। ਭਰਤੀ ਹੋਣ ਵਾਲੇ ਬੱਚਿਆਂ ਨੂੰ ਡੀਆਈਜੀ ਸਰ ਨਾਲ ਮਿਲਵਾ ਕੇ ਉਹਨਾਂ ਨੂੰ ਸੀ.ਆਰ.ਪੀ.ਐਫ. ਵਿੱਚ ਸੇਵਾ ਕਰਨ ਦਾ ਮੌਕਾ ਵੀ ਦਿੰਦੇ ਹਨ ਅਤੇ ਲੋੜਵੰਦ ਮਹਿਲਾਵਾਂ ਨੂੰ ਗਰੁੱਪ ਸੈਂਟਰ ਦੇ ਅੰਦਰ ਰਿਹਾਇਸ਼ ਦਾ ਪ੍ਰਬੰਧ ਵੀ ਕਰਦੇ ਹਨ। ਮੌਕੇ ਦੇ ਡੀਆਈ ਜੀ ਰਕੇਸ਼ ਰਾਓ ਜੀ ਸ਼ਹੀਦ ਪਰਿਵਾਰਾਂ ਦੀਆਂ ਵੀਰ ਨਾਰੀਆਂ ਨੂੰ ਮਿਲਦੇ ਹੀ ਰਹਿੰਦੇ ਹਨ ਅਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਵੀ ਦੂਰ ਕਰਦੇ ਹਨ। ਵੀਰ ਨਾਰੀਆਂ ਡੀਆਈਜੀ ਸਰ ਅਤੇ ਐਸ਼ੋਸੀਏਸ਼ਨ ਦਾ ਸ਼ੁਕਰ ਗੁਜ਼ਾਰ ਕਰਦੀਆਂ ਹਨ।

🇮🇳ਖੁਸ਼ਕਿਸਮਤ ਨੇ ਉਹ ਲੋਕ ਜੋ ਇਸ ਦੇਸ਼ ਲਈ ਆਪਣੀਆਂ ਜਾਨਾਂ ਕਰਦੇ ਨੇ ਕੁਰਬਾਨ ,

ਆਪਣੀ ਜਾਨ ਦੇ ਕੇ ਵੀ ਹੋ ਜਾਂਦੇ ਜਿਹੜੇ ਅਮਰ,

ਅਸੀਂ ਉਨ੍ਹਾਂ ਦੇਸ਼ ਭਗਤਾਂ ਨੂੰ ਕਰਦੇ ਹਾਂ ਸਲਾਮ,

ਜਿਨ੍ਹਾਂ ਦੀ ਬਦੌਲਤ ਇਸ ਤਿਰੰਗੇ ਨੂੰ ਮਿਲਦਾ ਹੈ ਸਤਿਕਾਰ।

ਜੈ ਹਿੰਦ🙏🫡

Leave a Comment

Your email address will not be published. Required fields are marked *

Scroll to Top