ਜਲੰਧਰ, 12 ਮਈ : ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਬਿਊਰੋ ਨੀਲਮ ਮਹੇ ਵਲੋਂ ਅੱਜ ਸਥਾਨਕ ਪੇਂਡੂ ਵਿਕਾਸ ਅਤੇ ਸਵੈ ਰੋਜ਼ਗਾਰ ਸੰਸਥਾ (ਰੂਡਸੈਟ) ਦਾ ਦੌਰਾ ਕੀਤਾ ਗਿਆ। ਦੌਰੇ ਦਾ ਮੁੱਖ ਮੰਤਵ ਸਿਲਾਈ-ਕਢਾਈ ਅਤੇ ਬਿਊਟੀ ਪਾਰਲਰ ਦੇ ਕੋਰਸਾਂ ਤਹਿਤ ਸਿਖ਼ਲਾਈ ਪ੍ਰਾਪਤ ਕਰ ਰਹੀਆਂ ਸਿਖਿਆਰਥਣਾਂ ਨੂੰ ਬਿਹਤਰ ਭਵਿੱਖ ਲਈ ਲਗਨ ਤੇ ਮਿਹਨਤ ਨਾਲ ਕੋਰਸ ਪੂਰਾ ਕਰਨ ਲਈ ਪ੍ਰੇਰਿਤ ਕਰਨਾ ਸੀ।
ਡਿਪਟੀ ਡਾਇਰੈਕਟਰ ਨੇ ਸਿਖਿਆਰਥਣਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਸਿਖ਼ਲਾਈ ਉਪਰੰਤ ਢੁੱਕਵੀਂ ਪਲੇਸਮੈਂਟ ਬਾਰੇ ਚਰਚਾ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਇਲਾਵਾ ਸਵੈ-ਰੋਜ਼ਗਾਰ ਲਈ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਸਵੈ ਰੋਜ਼ਗਾਰ ਸ਼ੁਰੂ ਕਰਨ ਦੀਆਂ ਚਾਹਵਾਨ ਸਿਖਿਆਰਥਣਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਅਤੇ ਸਬਸਿਡੀ ਦਰਾਂ ‘ਤੇ ਮੁਹੱਈਆ ਕਰਵਾਏ ਜਾਣ ਵਾਲੇ ਕਰਜ਼ਿਆਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸੰਜੀਵ ਚੌਹਾਨ ਨੇ ਸਿਖਿਆਰਥਣਾਂ ਨੂੰ ਬੈਂਕਾਂ ਵਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਵੈ ਰੋਜ਼ਗਾਰ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾਂ ਸਹੂਲਤਾਂ ਦਾ ਲਾਭ ਲੈਣ ਲਈ ਅਪਲਾਈ ਕਰਨ ਦੀ ਢੁੱਕਵੀਂ ਕਾਰਜਵਿਧੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਡਿਪਟੀ ਡਾਇਰੈਕਟਰ ਨੇ ਸਿਲਾਈ-ਕਢਾਈ ਦਾ ਕੋਰਸ ਕਰ ਰਹੀਆਂ ਸਿਖਿਆਰਥਣਾਂ ਨੂੰ ਟੂਲ ਕਿੱਟਾਂ ਅਤੇ ਬਿਊਟੀ ਪਾਰਲਰ ਦਾ ਕੋਰਸ ਕਰ ਰਹੀਆਂ ਸਿਖਿਆਰਥਣਾਂ ਨੂੰ ਲੋੜੀਂਦੀ ਸਹਾਇਤਾ ਸਮੱਗਰੀ ਵੀ ਵੰਡੀ। ਇਸ ਮੌਕੇ ਸੰਸਥਾ ਦੇ ਫੈਕਲਟੀ ਮੈਂਬਰ ਪ੍ਰਗਟ ਵਾਲੀਆ ਵੀ ਮੌਜੂਦ ਸਨ।

















































