ਜੇਬ ਹੋਵੇਗੀ ਢਿੱਲੀ, ਕਿੰਨੇ ਫੀਸਦੀ ਮਹਿੰਗੀ ਹੋਣ ਜਾ ਰਹੀ ਸ਼ਰਾਬ

ਜਲੰਧਰ:– ਵਿੱਤੀ ਸਾਲ 2024-25 ਲਈ ਨਵੀਂ ਸਿਸਟਮ ਰਾਹੀਂ ਠੇਕਿਆਂ ਦਾ ਡਰਾਅ ਕੱਢਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਲਈ 17 ਮਾਰਚ ਤੱਕ ਅਪਲਾਈ ਕਰਨ ਦਾ ਸਮਾਂ ਦਿੱਤਾ ਗਿਆ ਸੀ। ਜਲੰਧਰ ਜ਼ਿਲੇ ਦੇ 21 ਗਰੁੱਪਾਂ ਲਈ ਵਿਭਾਗੀ ਦਫ਼ਤਰ ’ਚ 300 ਅਰਜ਼ੀਆਂ ਪ੍ਰਾਪਤ ਹੋਈਆਂ ਸਨ ।ਪਰ ਬੈਂਕਿੰਗ ਸਿਸਟਮ ਰਾਹੀਂ ਪ੍ਰਾਪਤ ਹੋਏ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ,ਕਿਉਂਕਿ 21 ਗਰੁੱਪਾਂ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ 835 ਤੱਕ ਪਹੁੰਚ ਗਈ ਹੈ।

ਵਿਭਾਗ ਨੇ ਜਲੰਧਰ ਤੋਂ ਕਮਾਏ 6.26 ਕਰੋੜ ਰੁਪਏ
ਡਿਪਟੀ ਕਮਿਸ਼ਨਰ ਆਬਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ 22 ਮਾਰਚ ਨੂੰ ਰੈੱਡ ਕਰਾਸ ਦੀ ਇਮਾਰਤ ’ਚ ਨਿਲਾਮੀ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਕੇਵਲ ਪਰਚੀ ਪ੍ਰਣਾਲੀ ਰਾਹੀਂ ਮਹਿਜ਼ 6.26 ਕਰੋੜ ਰੁਪਏ ਦੀ ਕਮਾਈ ਕੀਤੀ ਗਈ ਹੈ। ਪ੍ਰਤੀ ਬਿਨੈ-ਪੱਤਰ ਦੀ ਲਾਗਤ 75000 ਰੁਪਏ ਰੱਖੀ ਗਈ ਸੀ, ਜੋ ਕਿ ਇਕ ਨਾ-ਵਾਪਸੀਯੋਗ ਰਕਮ ਹੈ। ਇਸ ਅਨੁਸਾਰ ਵਿਭਾਗ ਨੂੰ ਜਲੰਧਰ ਦੇ 21 ਗਰੁੱਪਾਂ ਤੋਂ 6.26 ਕਰੋੜ ਰੁਪਏ ਦੀ ਆਮਦਨ ਹੋਈ ਹੈ। ਡਰਾਅ ਬਾਰੇ ਗੱਲ ਕਰਦਿਆਂ ਵਿਭਾਗ ਨੇ ਐੱਸ. ਬੀ. ਆਈ. ਤੇ ਪੀ. ਐੱਨ. ਬੀ. ਬੈਂਕ ਰਾਹੀਂ ਅਪਲਾਈ ਕਰਨ ਦਾ ਵਿਕਲਪ ਸੀ ,ਅਤੇ ਫਾਈਲ ਸਿੱਧੇ ਆਬਕਾਰੀ ਵਿਭਾਗ ਦੇ ਦਫ਼ਤਰ ’ਚ ਵੀ ਜਮ੍ਹਾ ਕਰਵਾਈ ਜਾ ਸਕਦੀ ਸੀ।

ਵਿਭਾਗ ਨੂੰ ਜਲੰਧਰ ਦੇ 21 ਸਮੂਹਾਂ ਲਈ ਦਫ਼ਤਰ ’ਚ 300 ਦਰਖ਼ਾਸਤਾਂ ਪ੍ਰਾਪਤ ਹੋਈਆਂ, ਜਦਕਿ ਬੈਂਕਿੰਗ ਪ੍ਰਣਾਲੀ ਰਾਹੀਂ ਇਹ ਹੈਰਾਨੀਜਨਕ ਅੰਕੜਾ 835 ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਬਿਨੈਕਾਰ ਵੀ ਹੈਰਾਨ ਨਜ਼ਰ ਆ ਰਹੇ ਹਨ ,ਅਤੇ ਇਸ ਅੰਕੜੇ ਨੇ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇਸ ਤੋਂ ਵੀ ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਜਲੰਧਰ ਦੇ ਠੇਕਿਆਂ ਦੇ ਡਰਾਅ ਸਿਸਟਮ ’ਚ ਦਿੱਲੀ ਦੇ ਠੇਕੇਦਾਰ ਦਾਖ਼ਲ ਹੋ ਗਏ ਹਨ। ਬਿਨੈਕਾਰਾਂ ’ਚ ਦਿੱਲੀ ਤੋਂ ਆਏ ਠੇਕੇਦਾਰਾਂ ਦੇ ਨਾਂ ਵੇਖ ਕੇ ਲੱਗਦਾ ਹੈ, ਕਿ ਜਲੰਧਰ ’ਚ ਸ਼ਰਾਬ ਦੇ ਕੰਮ ’ਚ ਵੱਡੀ ਕਮਾਈ ਹੋਵੇਗੀ। ਇਸ ਲਈ ਦਿੱਲੀ ਦੇ ਠੇਕੇਦਾਰਾਂ ਨੇ ਜਲੰਧਰ ’ਚ ਠੇਕਿਆਂ ਦਾ ਗਰੁੱਪ ਲੈਣ ਲਈ ਅਪਲਾਈ ਕੀਤਾ ਹੈ।

15 ਫ਼ੀਸਦੀ ਮਹਿੰਗੀ ਹੋਵੇਗੀ ਸ਼ਰਾਬ, ਬੀਅਰ ਹੋ ਸਕਦੀ ਸਸਤੀ
ਉਥੇ ਹੀ ਦਿੱਲੀ ਤੋਂ ਇਲਾਵਾ ਮੋਹਾਲੀ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਠੇਕੇਦਾਰਾਂ ਨੇ ਜਲੰਧਰ ਗਰੁੱਪਾਂ ’ਚ ਦਿਲਚਸਪੀ ਦਿਖਾਈ ਹੈ। ਇਸ ਦੇ ਨਾਲ ਹੀ ਇਸ ਵਾਰ ਸ਼ਰਾਬ ਦੀਆਂ ਕੀਮਤਾਂ ’ਚ 15 ਫ਼ੀਸਦੀ ਤੱਕ ਦਾ ਵਾਧਾ ਹੋਵੇਗਾ, ਜਦਕਿ ਬੀਅਰ ਦੀਆਂ ਕੀਮਤਾਂ ਹੇਠਾਂ ਆ ਸਕਦੀਆਂ ਹਨ। ਠੇਕਿਆਂ ਦੇ ਗਰੁੱਪਾਂ ਲਈ ਜੇਕਰ ਅਰਜ਼ੀਆਂ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ (ਕਾਰਪੋਰੇਸ਼ਨ ਦੀ ਹੱਦ) ਅਧੀਨ ਆਉਂਦੇ 14 ਗਰੁੱਪਾਂ ’ਚ 296 ਠੇਕੇ ਹੋਣਗੇ ਤੇ ਇਨ੍ਹਾਂ ਗਰੁੱਪਾਂ ਤੋਂ ਵਿਭਾਗ ਨੂੰ 526.52 ਕਰੋੜ ਰੁਪਏ ਦੀ ਆਮਦਨ ਹੋਵੇਗੀ। ਇਸ ਦੇ ਨਾਲ ਹੀ 7 ਪੇਂਡੂ ਗਰੁੱਪਾਂ ’ਚ 344 ਠੇਕੇ ਹੋਣਗੇ, ਜਦਕਿ ਇਸ ਤੋਂ 269.33 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਵੇਗਾ। ਜਲੰਧਰ ’ਚ ਕੁਲ 640 ਠੇਕੇ ਹੋਣਗੇ ਤੇ ਵਿਭਾਗ ਨੂੰ ਜਲੰਧਰ ਜ਼ਿਲੇ ’ਚੋਂ 795.85 ਕਰੋੜ ਰੁਪਏ ਦੀ ਆਮਦਨ ਹੋਵੇਗੀ।

Leave a Comment

Your email address will not be published. Required fields are marked *

Scroll to Top