ਜਲੰਧਰ, 4 ਸਤੰਬਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਗਰ ਨਿਗਮ/ਕੌਂਸਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਬਾਰਿਸ਼ਾਂ ਦੇ ਮੱਦੇਨਜ਼ਰ ਬਰਸਾਤੀ ਪਾਣੀ ਦੀ ਸੁਚੱਜੀ ਨਿਕਾਸੀ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।
ਇੱਕ ਲਿਖਤੀ ਹੁਕਮ ਵਿੱਚ ਡਾ. ਅਗਰਵਾਲ ਨੇ ਜਲੰਧਰ ਨਗਰ ਨਿਗਮ, ਇੰਪਰੂਵਮੈਂਟ ਟਰੱਸਟ ਜਲੰਧਰ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੂੰ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸੜਕਾਂ ‘ਤੇ ਡਰੇਨੇਜ ਪੁਆਇੰਟਾਂ ਤੋਂ ਸਾਰੀਆਂ ਰੋਕਾਂ (ਬਲਾਕੇਜ) ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਡਰੇਨੇਜ ਪੁਆਇੰਟਾਂ ਦੀ ਜੰਗੀ ਪੱਧਰ ’ਤੇ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਬਰਸਾਤੀ ਪਾਣੀ ਦੀ ਫੌਰੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਵਿਭਾਗਾਂ ਨੂੰ ਡਰੇਨੇਜ ਪੁਆਇੰਟਾਂ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਕਿਸੇ ਵੀ ਕਬਜ਼ੇ ਨੂੰ ਹਟਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਪਾਣੀ ਜਮ੍ਹਾ ਹੋਣ ਤੋਂ ਰੋਕਣ ਲਈ ਪ੍ਰਭਾਵੀ ਡਰੇਨੇਜ ਸਿਸਟਮ ਬਣਾਈ ਰੱਖਣ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਡਾ. ਅਗਰਵਾਲ ਨੇ ਸ਼ਹਿਰ ਵਿੱਚ ਰੇਨ ਵਾਟਰ ਹਾਰਵੈਸਟਿੰਗ ਅਤੇ ਬਿਹਤਰ ਸੀਵਰੇਜ ਸਿਸਟਮ ਨੂੰ ਧਿਆਨ ਵਿੱਚ ਰੱਖਦਿਆਂ ਵਿਆਪਕ ਯੋਜਨਾ ਤਿਆਰ ਕਰਨ ਲਈ ਵੀ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਬਰਸਾਤੀ ਪਾਣੀ ਦੇ ਪ੍ਰਬੰਧਨ ਅਤੇ ਸੀਵਰੇਜ ਨੈਟਵਰਕ ਨੂੰ ਬਿਹਤਰ ਬਣਾਉਣ ਲਈ ਦੀਰਘਕਾਲੀ ਹੱਲ ਨੂੰ ਯਕੀਨੀ ਬਣਾਉਣ ਲਈ ਇੱਕ ਹਫ਼ਤੇ ਦੇ ਅੰਦਰ-ਅੰਦਰ ਇਹ ਯੋਜਨਾ ਉਨ੍ਹਾਂ ਦੇ ਦਫ਼ਤਰ ਵਿੱਚ ਜਮ੍ਹਾ ਕਰਵਾਈ ਜਾਵੇ।
ਇਕ ਵੱਖਰੇ ਹੁਕਮ ਵਿੱਚ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ, ਨਗਰ ਨਿਗਮ ਜਲੰਧਰ, ਨਗਰ ਸੁਧਾਰ ਟਰੱਸਟ ਅਤੇ ਵਧੀਕ ਡਿਪਟੀ ਕਮਿਸ਼ਨਰਾਂ (ਸ਼ਹਿਰੀ ਵਿਕਾਸ ਅਤੇ ਪੇਂਡੂ ਵਿਕਾਸ) ਨੂੰ ਮਾਨਸੂਨ ਸੀਜ਼ਨ ਦੌਰਾਨ ਵਿਆਪਕ ਫੋਗਿੰਗ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ। ਇਸ ਪਹਿਲਕਦਮੀ ਦਾ ਉਦੇਸ਼ ਬਰਸਾਤ ਦੇ ਮੌਸਮ ਦੌਰਾਨ ਮੱਛਰਾਂ ਦੇ ਵਾਧੇ ਨੂੰ ਰੋਕਣਾ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣਾ ਹੈ।
ਡਾ. ਅਗਰਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਬਰਸਾਤ ਦੌਰਾਨ ਪਾਣੀ ਦੀ ਨਿਕਾਸੀ ਅਤੇ ਲੋਕਾਂ ਦੀ ਸਿਹਤ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਲੰਧਰ ਦੇ ਵਸਨੀਕਾਂ ਲਈ ਸਾਫ ਸੁਥਰਾ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਉਣ ਲਈ ਨਗਰ ਨਿਗਮ/ਕੌਂਸਲਾ ਵੱਲੋਂ ਠੋਸ ਉਪਰਾਲੇ ਜ਼ਰੂਰੀ ਹਨ।