ਗਿੱਲ ਕਲਾਂ, ਬਠਿੰਡਾ ਭਾਰਤ ਸਰਕਾਰ ਵੱਲੋਂ ਭਾਈਚਾਰਕ ਸਾਂਝ ‘ਤੇ ਅਧਾਰਿਤ ਜਲ ਪ੍ਰਬੰਧਨ ਲਈ ਮਾਡਲ ਪਿੰਡ ਵਜੋਂ ਉਭਰਿਆ: ਡੀ.ਸੀ.

ਚੰਡੀਗੜ੍ਹ/ ਬਠਿੰਡਾ, 20 ਮਈ:- ਰਾਮਪੁਰਾ ਬਲਾਕ ਦਾ ਪਿੰਡ ਗਿੱਲ ਕਲਾਂ ਭਾਈਚਾਰਕ ਸਾਂਝ ‘ਤੇ ਅਧਾਰਿਤ ਜਲ ਪ੍ਰਬੰਧਨ ਦਾ ਇਕ ਸ਼ਾਨਦਾਰ ਮਾਡਲ ਬਣ ਕੇ ਉਭਰਿਆ ਹੈ, ਜਿੱਥੇ ਜਨ ਭਾਗੀਦਾਰੀ ਅਤੇ ਸਾਂਝੀ ਜ਼ਿੰਮੇਵਾਰੀ ਨੇ ਹਰ ਘਰ ਤੱਕ ਟੈਪ ਵਾਟਰ ਸਪਲਾਈ ਪਹੁੰਚਾਇਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪਿੰਡ ਦੇ ਜਲ ਪ੍ਰਬੰਧਨ ਯਤਨਾਂ ਨੂੰ ਅੱਜ ਜਲ ਜੀਵਨ ਮਿਸ਼ਨ ਤਹਿਤ ਹੋਈ ‘ਸੁਜਲ ਗ੍ਰਾਮ ਸੰਵਾਦ’ ਦੀ ਵਰਚੁਅਲ ਕਾਨਫਰੰਸ ਦੌਰਾਨ ਸ਼ਲਾਘਾ ਮਿਲੀ। ਇਸ ਨਾਲ ਬਠਿੰਡਾ ਜ਼ਿਲ੍ਹੇ ਨੂੰ ਪ੍ਰਭਾਵਸ਼ਾਲੀ ਭਾਗੀਦਾਰੀ ਅਤੇ ਟਿਕਾਊ ਜਲ ਸਪਲਾਈ ਪ੍ਰਬੰਧਨ ਲਈ ਕੌਮੀ ਪੱਧਰ ’ਤੇ ਮਾਨਤਾ ਪ੍ਰਾਪਤ ਹੋਈ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਿੱਲ ਕਲਾਂ ਨੇ ਇਹ ਸਾਬਤ ਕੀਤਾ ਹੈ ਕਿ ਜਾਗਰੂਕਤਾ ਅਤੇ ਲੋਕਾਂ ਦਾ ਭਰੋਸਾ ਪਿੰਡਾਂ ਦੀ ਜਲ ਸਪਲਾਈ ਪ੍ਰਣਾਲੀ ਵਿੱਚ ਕਿਵੇਂ ਬਦਲਾਅ ਲਿਆ ਸਕਦੇ ਹਨ। ਨਹਿਰੀ ਪਾਣੀ ’ਤੇ ਆਧਾਰਿਤ ਪਿੰਡ ਦੀ ਜਲ ਸਪਲਾਈ ਸਕੀਮ ਨੂੰ ਸਾਲ 2020 ਵਿੱਚ 2.96 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਸੀ। ਇਸ ਤੋਂ ਬਾਅਦ ਸਾਲ 2021-22 ਦੌਰਾਨ ਇਸ ਦੀ ਮਜ਼ਬੂਤੀ ਲਈ ਹੋਰ ਕੰਮ ਵੀ ਮੁਕੰਮਲ ਕੀਤੇ ਗਏ। ਬਾਅਦ ਵਿੱਚ ਸਤੰਬਰ 2022 ਵਿੱਚ ਇਸ ਸਕੀਮ ਨੂੰ ਸਥਾਨਕ ਪ੍ਰਬੰਧਨ ਅਤੇ ਸੰਚਾਲਨ ਲਈ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ  ਦੇ ਹਵਾਲੇ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਪਿੰਡ ਦੇ ਸਾਰੇ 784 ਘਰਾਂ ਵਿੱਚ ਹੁਣ ਟੈਪ ਵਾਟਰ ਕੁਨੈਕਸ਼ਨ ਉਪਲਬਧ ਹਨ। ਸ਼ੁਰੂ ਵਿੱਚ ਕਈ ਪਿੰਡ ਵਾਸੀ ਸਪਲਾਈ ਦੇ ਪਾਣੀ ਦੀ ਵਰਤੋਂ ਕਰਨ ਤੋਂ ਹਿਚਕਿਚਾਉਂਦੇ ਸਨ ਅਤੇ ਸਬਮਰਸੀਬਲ ਪੰਪ ਦੇ ਪਾਣੀ ਨੂੰ ਤਰਜੀਹ ਦਿੰਦੇ ਸਨ। ਹਾਲਾਂਕਿ ਨਿਯਮਿਤ ਜਾਗਰੂਕਤਾ ਮੁਹਿੰਮਾਂ, ਘਰ-ਘਰ ਸੰਪਰਕ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਫੀਲਡ ਟੈਸਟਿੰਗ ਕਿੱਟਾਂ ਰਾਹੀਂ ਕੀਤੀ ਗਈ ਪਾਣੀ ਦੀ ਗੁਣਵੱਤਾ ਜਾਂਚ ਨਾਲ ਲੋਕਾਂ ਦਾ ਭਰੋਸਾ ਵਧਿਆ। ਪਾਰਦਰਸ਼ੀ ਜਾਂਚ ਪ੍ਰਕਿਰਿਆ ਅਤੇ ਚੰਗੇ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਵਾਸੀਆਂ ਨੇ ਆਪਣੀ ਮਰਜ਼ੀ ਨਾਲ ਘਰੇਲੂ ਪਾਣੀ ਕੁਨੈਕਸ਼ਨਾਂ ਲਈ ਅਰਜ਼ੀਆਂ ਦਿੱਤੀਆਂ, ਜਿਸ ਨਾਲ 100 ਫੀਸਦੀ ਕਵਰੇਜ ਹਾਸਲ ਹੋਈ।

ਡੀਸੀ ਰਾਜੇਸ਼ ਧੀਮਾਨ ਨੇ ਅੱਗੇ ਦੱਸਿਆ ਕਿ ਪਿੰਡ ਵਿੱਚ ਹੁਣ ਰੋਜ਼ਾਨਾ ਚਾਰ ਘੰਟੇ ਪੀਣ ਯੋਗ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਪੂਰੇ ਸੰਚਾਲਨ ਦਾ ਪ੍ਰਬੰਧ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਵੱਲੋਂ ਕੁਸ਼ਲਤਾਪੂਰਵਕ ਕੀਤਾ ਜਾ ਰਿਹਾ ਹੈ। ਕਮੇਟੀ ਨੇ ਸਿਸਟਮ ਦੇ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਨਿਯਮਿਤ ਰੱਖ-ਰਖਾਅ ਲਈ ਇਕ ਨਿੱਜੀ ਪੰਪ ਆਪਰੇਟਰ ਨੂੰ ਨਿਯੁਕਤ ਕੀਤਾ ਹੈ। ਸਾਲਾਨਾ ਸੰਚਾਲਨ ਖਰਚੇ ਪੂਰੇ ਕਰਨ ਤੋਂ ਬਾਅਦ ਕਮੇਟੀ ਨੂੰ ਹਰ ਸਾਲ ਕਰੀਬ 2 ਲੱਖ ਰੁਪਏ ਦੀ ਆਮਦਨ ਹੋ ਰਹੀ ਹੈ ਅਤੇ ਪਾਣੀ ਸਪਲਾਈ ਸੰਚਾਲਨ ਤੋਂ ਕਰੀਬ 6 ਲੱਖ ਰੁਪਏ ਦੀ ਬਚਤ ਇਕੱਠੀ ਹੋ ਚੁੱਕੀ ਹੈ।

ਉਨ੍ਹਾਂ ਪਿੰਡ ਦੀ ਪੰਚਾਇਤ, ਪਾਣੀ ਸਬੰਧੀ ਕਮੇਟੀ ਦੇ ਮੈਂਬਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਕੀਮ ਨੂੰ ਲੰਬੇ ਸਮੇਂ ਤੱਕ ਟਿਕਾਊ ਬਣਾਉਣ ਲਈ ਸਾਂਝੇ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਜਾਗਰੂਕਤਾ ਕੈਂਪ, ਪਿੰਡ ਵਾਸੀਆਂ ਦੀਆਂ ਮੀਟਿੰਗਾਂ ਅਤੇ ਪਾਣੀ ਜਾਂਚ ਗਤੀਵਿਧੀਆਂ ਲੋਕ ਭਾਗੀਦਾਰੀ ਅਤੇ ਜਵਾਬਦੇਹੀ ਨੂੰ ਕਾਇਮ ਰੱਖਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ, ਜਿਸ ਨਾਲ ਗਿੱਲ ਕਲਾਂ ਕਮਿਊਨਿਟੀ ਪ੍ਰਬੰਧਿਤ ਜਲ ਸਪਲਾਈ ਪ੍ਰਣਾਲੀਆਂ ਲਈ ਇਕ ਮਾਡਲ ਪਿੰਡ ਬਣ ਗਿਆ ਹੈ।

Leave a Comment

Your email address will not be published. Required fields are marked *

Scroll to Top