ਸੰਤਾਂ ਭਿੰਡਰਾਂਵਾਲੇ ਦੀ ਸ਼ਖ਼ਸੀਅਤ ਤੋਂ ਕਿਵੇਂ ਪ੍ਰਭਾਵਿਤ ਹੋ ਗਈ ਫਰਾਂਸੀਸੀ ਮੁਟਿਆਰ?

ਬਿਊਰੋ ਰਿਪੋਰਟ – ਜਦੋ ਸੰਤਾਂ ਦੀ ਸੰਗਤ ਵਿੱਚ ਪੁੱਜੀ ਇੱਕ ਫਰਾਂਸੀਸੀ ਮੁਟਿਆਰ।
ਉਹ ਲੜਕੀ ਕੌਣ ਸੀ ? ਉਸ ਦਾ ਮਕਸਦ ਕੀ ਸੀ ? ਸੰਤਾਂ ਦੀ ਸ਼ਖ਼ਸੀਅਤ ਤੋਂ ਉਹ ਕਿਵੇਂ ਪ੍ਰਭਾਵਿਤ ਹੋ ਗਈ ? ਇਨ੍ਹਾਂ ਸਵਾਲਾਂ ਦੇ ਜਵਾਬ ਕਿਸੇ ਕੋਲ ਨਹੀਂ ਹਨ। ਹਾਂ ਏਨਾ ਜ਼ਰੂਰ ਪਤਾ ਹੈ ਕਿ ਉਹ ਬੀਬੀ ਫਰਾਂਸੀਸੀ ਮੂਲ ਦੀ ਸੀ। ਜਦੋਂ ਸੰਤ ਜੀ ਦਿਨੇ ਲੰਗਰ ਹਾਲ ਤੇ ਆਈਆਂ ਸੰਗਤਾਂ ਅਤੇ ਪੰਥਕ ਆਗੂਆਂ ਨਾਲ ਵਿਚਾਰਾਂ ਕਰਦੇ, ਤਾਂ ਉਹ ਬੀਬੀ ਵੀ ਮੌਕੇ ਤੇ ਪਹੁੰਚ ਕੇ ਬੜੇ ਗਹੁ ਨਾਲ ਆਉਂਦੀਆਂ ਜਾਂਦੀਆਂ ਸੰਗਤਾਂ ਦਾ ਵਰਤਾਰਾ ਵੇਖਦੀ ਰਹਿੰਦੀ ਤੇ ਫਿਰ ਆਪਣੀ ਰਿਹਾਇਸ਼ ਤੇ ਪਹੁੰਚ ਜਾਂਦੀ, ਜਿੱਥੇ ਆਮ ਤੌਰ ਤੇ ਵਿਦੇਸ਼ੀ ਪੱਤਰਕਾਰ ਠਹਿਰਦੇ ਸਨ।
ਸੰਤਾਂ ਦੀ ਸੰਗਤ ਨੂੰ ਮਾਨਣ ਅਤੇ ਇਸ ਤੋਂ ਵੱਧ ਤੋਂ ਵੱਧ ਮਾਨਸਿਕ ਜਾਂ ਆਤਮਿਕ ਲਾਭ ਲੈਣ ਲਈ ਉਹ ਹਮੇਸ਼ਾ ਹੀ ਯਤਨਸ਼ੀਲ ਰਹਿੰਦੀ ਸੀ। ਸੰਗਤ ਵਿੱਚ ਬੈਠ ਕੇ ਦੋ-ਭਾਸ਼ੀਏ ਦੀ ਮਦਦ ਨਾਲ ਉਹ ਸੰਤਾਂ ਤੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਦੀ ਤੇ ਉਨ੍ਹਾਂ ਦਾ ਜਵਾਬ ਹਾਸਲ ਕਰ ਕੇ ਸੰਤੁਸ਼ਟੀ ਹਾਸਲ ਕਰਦੀ, ਜਿਵੇਂ ਉਸ ਨੂੰ ਪਹਿਲੀ ਵਾਰ ਅਧਿਆਤਮਕਤਾ ਦਾ ਇੱਕ ਖਜ਼ਾਨਾ ਹਾਸਲ ਹੋਇਆ ਸੀ।
ਸੰਤਾਂ ਦੀ ਇਸ ਸੰਗਤ ਦਾ ਉਸ ਦੀ ਕੋਮਲ ਮਾਨਸਿਕਤਾ ਉੱਪਰ ਇਹ ਪ੍ਰਭਾਵ ਉਦੋਂ ਸੰਗਤ ਵਿੱਚ ਪ੍ਰਗਟ ਹੋਇਆ, ਜਦੋਂ ਉਸ ਨੇ ਸੰਤਾਂ ਦੀ ਸੰਗਤ ਦਾ ਨਿੱਘ ਮਾਣਦਿਆਂ ਹੋਇਆ ਇੱਕ ਵਾਰ ਸੰਤਾਂ ਦੇ ਹੀ ਕਿਸੇ ਸ਼ਰਧਾਲੂ ਨੌਜਵਾਨ ਨਾਲ ਵਿਆਹ ਕਰਾਉਣ ਦਾ ਇਰਾਦਾ ਪ੍ਰਗਟ ਕਰ ਦਿੱਤਾ। ਸੰਤਾਂ ਨੇ ਹੱਸ ਕੇ ਪੁੱਛਿਆ, “ਕਿਹੜਾ ਸਿੰਘ ਤੈਨੂੰ ਇਸ ਲਈ ਪਸੰਦ ਐ ?” ਤਾਂ ਉਸ ਨੇ ਭਾਈ ਹਰਮਿੰਦਰ ਸਿੰਘ ਸੰਧੂ ਵੱਲ ਇਸ਼ਾਰਾ ਕਰ ਦਿੱਤਾ। ਸੰਤਾਂ ਨੇ ਭਾਈ ਸੰਧੂ ਨੂੰ ਕੋਲ ਸੱਦਿਆ ਤੇ ਮਜ਼ਾਕੀਆ ਢੰਗ ਨਾਲ ਪੁੱਛਿਆ “ਓ ਸੰਧੂ…! ਆਹ ਬੀਬੀ ਕੀ ਆਂਹਦੀ ਐ …?” ਭਾਈ ਸੰਧੂ ਨੂੰ ਜਦੋਂ ਪਤਾ ਲੱਗਾ, ਤਾਂ ਉਹ ਵੀ ਹੈਰਾਨ ਹੋਏ। ਸੰਤਾਂ ਨੇ ਭਾਈ ਸੰਧੂ ਤੋਂ ਹੀ ਉਸ ਬੀਬੀ ਤੋਂ ਵਿਆਹ ਦੀਆਂ ਸ਼ਰਤਾਂ ਪੁੱਛਣ ਲਈ ਕਿਹਾ। ਫਰਾਂਸੀਸੀ ਬੀਬੀ ਨਾਲ ਗੱਲ ਕਰਨ ਤੋਂ ਬਾਅਦ ਭਾਈ ਸੰਧੂ ਨੇ ਸੰਤਾਂ ਨੂੰ ਦੱਸਿਆ, “ਬੀਬੀ ਦਾ ਕਹਿਣੈ ਹੈ ਕਿ ਸਾਡੇ ਉੱਥੇ ਬਰਾਬਰ ਦੇ ਹੀ ਹੱਕ ਨੇ ਤੇ ਬਰਾਬਰ ਦੇ ਹੀ ਫਰਜ਼, ਇਸ ਲਈ ਇੱਕ ਟਾਈਮ ਰੋਟੀ ਮੈਂ ਪਕਾਵਾਂਗੀ ਤੇ ਇੱਕ ਟਾਈਮ ਇਹ… ਇੱਕ ਟਾਈਮ ਭਾਂਡੇ ਮੈਂ ਮਾਂਜੂ ਤੇ ਇੱਕ ਟਾਈਮ ਇਹ…।”
“ਅੱਛਾ !” ਸੰਤਾਂ ਨੇ ਹੱਸ ਕੇ ਤੀਰ ਦਾ ਪੋਲਾ ਜਿਹਾ ਵਾਰ ਭਾਈ ਸੰਧੂ ਦੇ ਕਰਦਿਆਂ ਝਾੜ ਪਾਈ। “ਕੱਲ੍ਹ ਨੂੰ ਤਾਂ ਇਹ ਕਹੂ ਪਈ ਇੱਕ ਨਿਆਣਾ ਮੈਂ ਜੰਮੂੰ ਤੇ ਇੱਕ ਇਹ….।” ਇਸ ਤਰ੍ਹਾਂ ਹਾਸੇ ਠੱਠੇ ਦਾ ਮਾਹੌਲ ਜਦੋਂ ਗੰਭੀਰਤਾ ਵਿੱਚ ਬਦਲਿਆ, ਤਾਂ ਸੰਤਾਂ ਦੇ ਕਹਿਣ ਤੇ ਭਾਈ ਸੰਧੂ ਨੇ ਉਸ ਬੀਬੀ ਨੂੰ ਇਹ ਗੱਲ ਗੰਭੀਰਤਾ ਨਾਲ ਸਮਝਾ ਦਿੱਤੀ ਕਿ ਇੱਥੇ ਇਸ ਸੰਗਤ ਵਿੱਚ ਜਿੰਨੇ ਵੀ ਨੌਜਵਾਨ ਰਹਿ ਰਹੇ ਨੇ, ਉਹ ਸਾਰੇ ਹੀ ਮੌਤ ਦਾ ਖਾਜਾ ਨੇ, ਤੇ ਬੀਬੀ ਤੈਨੂੰ ਆਪਣਾ ਜੀਵਨ ਸਾਥੀ ਲੱਭਣ ਲਈ ਕਿਸੇ ਹੋਰ ਮੰਜ਼ਿਲ ਵੱਲ ਰੁੱਖ ਕਰਨਾ ਪਵੇਗਾ।
ਮਾਹੌਲ ਜਜ਼ਬਾਤੀ ਹੋ ਗਿਆ । ਉਸ ਵੇਲੇ ਉਹ ਅੱਖਾਂ ਭਰ ਕੇ, ਪਰ ਮੁਸਕਰਾ ਕੇ ਸੰਤਾਂ ਦੀ ਸੰਗਤ ਤੋਂ ਵਿਦਾ ਹੋਈ। ਉਸ ਬੀਬੀ ਬਾਰੇ ਇੰਨਾ ਕੁ ਪਤਾ ਲੱਗਾ ਸੀ ਕਿ ਉਸ ਨੇ ਫਰਾਂਸ ਦੀ ਇੱਕ ਅਖ਼ਬਾਰ ਵਿੱਚ ਆਪਣੇ ਸਫ਼ਰਨਾਮੇ ਵਿੱਚ ਇਹ ਲਿਖਿਆ ਸੀ ਕਿ “ਹਿੰਦੁਸਤਾਨ ਦੇ ਲੀਡਰਾਂ ਅੰਦਰ ਕੇਵਲ ਇੱਕ ਹੀ ਸੱਚਾਈ ਤੇ ਪਹਿਰਾ ਦੇਣ ਵਾਲਾ ਮਰਦ ਆਗੂ ਹੈ, ਤੇ ਉਸ ਦਾ ਨਾਂ ਹੈ ‘ਭਿੰਡਰਾਂਵਾਲਾ’। “

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top