ਵੱਡੀ ਖ਼ਬਰ:- ਸੁਸ਼ੀਲ ਕੁਮਾਰ ਰਿੰਕੂ ਦੀ ਨਰਾਜਗੀ ਦੇ ਕੀ ਕਾਰਨ ਰਹੇ ?

ਜਲੰਧਰ:– ਭਾਰਤੀ ਜਨਤਾ ਪਾਰਟੀ ’ਚ ਅੱਜ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਇਕਲੌਤੇ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਜੋ ਕਿ 7-8 ਮਹੀਨੇ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਆਖ ਕੇ ‘ਆਪ’ ’ਚ ਸ਼ਾਮਲ ਹੋਏ ਸਨ, ਅਚਾਨਕ ਨਾਰਾਜ਼ਗੀ ਦੇ ਆਖਿਰ ਕੀ ਕਾਰਨ ਸਨ? ਜਿਸ ਕਾਰਨ ਉਨ੍ਹਾਂ ਨੂੰ ਇੰਨਾ ਵੱਡਾ ਕਦਮ ਮੁੜ ਚੁੱਕਣਾ ਪਿਆ। ਸੁਸ਼ੀਲ ਰਿੰਕੂ ਦੇ ਨਜ਼ਦੀਕੀਆਂ ਦਾ ਮੰਨਣਾ ਹੈ ,ਕਿ ਪਿਛਲੇ 1-2 ਮਹੀਨਿਆਂ ਤੋਂ ਰਿੰਕੂ ਦੀਆਂ ਨਾਰਾਜ਼ਗੀਆਂ ਆਮ ਆਦਮੀ ਪਾਰਟੀ ਨਾਲ ਵਧਣੀਆਂ ਸ਼ੁਰੂ ਹੋ ਗਈਆਂ ਸਨ। ਇਨ੍ਹਾਂ ਨਾਰਾਜ਼ਗੀਆਂ ਦੇ ਕਈ ਕਾਰਨ ਸਨ, ਜੋ ਕਿ ਹੇਠ ਲਿਖੇ ਹਨ–

  1. ਸੁਸ਼ੀਲ ਰਿੰਕੂ ਨੂੰ ਜਿਤਾਉਣ ਲਈ ‘ਆਪ’ ਸਰਕਾਰ ਨੇ ਵੱਡੇ-ਵੱਡੇ ਵਾਅਦੇ ਕਰ ਦਿੱਤੇ ਸਨ, ਜੋ ਪੂਰੇ ਨਹੀਂ ਕੀਤੇ ਜਾ ਸਕੇ ਸਨ।ਉਹ ਦੁਬਾਰਾ ਲੋਕ ਸਭਾ ਚੋਣ ਲੜਨ ਲਈ ਕੀ ਮੂੰਹ ਲੈ ਕੇ ਜਨਤਾ ’ਚ ਜਾਣਗੇ। ਇਸ ਨਾਲ ਰਿੰਕੂ ਨੂੰ ਇਹ ਪ੍ਰਤੀਤ ਹੋ ਰਿਹਾ ਸੀ ।
  2. ਸੁਸ਼ੀਲ ਰਿੰਕੂ ਨੇ ਜਲੰਧਰ ’ਚ ਵੱਡਾ ਮੈਡੀਕਲ ਹਸਪਤਾਲ ਬਣਾਉਣ ਦਾ ਮਾਮਲਾ ਕੇਜਰੀਵਾਲ ਤੇ ਭਗਵੰਤ ਮਾਨ ਦੇ ਸਾਹਮਣੇ ਚੁੱਕਿਆ ਸੀ। ਇਹ ਵਾਅਦਾ ਕੇਜਰੀਵਾਲ ਵਲੋਂ ਉਪ ਚੋਣ ਦੌਰਾਨ ਕੀਤਾ ਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਪੀ. ਜੀ. ਆਈ. ਦੀ ਤਰਜ਼ ’ਤੇ ਵੱਡਾ ਮੈਡੀਕਲ ਹਸਪਤਾਲ ਜਲੰਧਰ ’ਚ ਬਣਾਇਆ ਜਾਵੇਗਾ।
  3. ਸੁਸ਼ੀਲ ਰਿੰਕੂ ਨੂੰ ਜਲੰਧਰ ’ਚ ‘ਆਪ’ ਨੇਤਾਵਾਂ ਤੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਸੀ। ਰਿੰਕੂ ਨੇ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਪਿਛਲੇ ਦਿਨੀਂ ਚੁੱਕਿਆ ਸੀ ਪਰ ਮੁੱਖ ਮੰਤਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਰਿੰਕੂ ਆਪਣੇ ਭਵਿੱਖ ਨੂੰ ਲੈ ਕੇ ਸ਼ਸ਼ੋਪੰਜ ’ਚ ਸਨ।
  4. ਸੁਸ਼ੀਲ ਰਿੰਕੂ ਦੇ ਕਹਿਣ ’ਤੇ ਪੰਜਾਬ ਸਰਕਾਰ ਨੇ ਜਲੰਧਰ ’ਚ ਪਿਛਲੇ 6 ਮਹੀਨਿਆਂ ’ਚ ਕਿਸੇ ਵੀ ਵੱਡੇ ਅਧਿਕਾਰੀ ਦੀ ਤਾਇਨਾਤੀ ਨਹੀਂ ਕੀਤੀ ਸੀ। ਉਨ੍ਹਾਂ ਨੇ ਕਈ ਅਧਿਕਾਰੀਆਂ ਨੂੰ ਤਾਇਨਾਤ ਕਰਨ ਲਈ ਕਿਹਾ ਸੀ, ਜਿਸ ਵੱਲ ‘ਆਪ’ ਸਰਕਾਰ ਨੇ ਧਿਆਨ ਨਹੀਂ ਦਿੱਤਾ। ਰਿੰਕੂ ਨੂੰ ਅਜਿਹਾ ਪ੍ਰਤੀਤ ਹੋਇਆ ਕਿ ਹੁਣ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ।
  5. ਸੁਸ਼ੀਲ ਰਿੰਕੂ ਦਾ ਮੰਨਣਾ ਸੀ ਕਿ ‘ਆਪ’ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਜੋ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਹੋਇਆ ਤੇ ਜਲੰਧਰ ’ਚ ਅਧਿਕਾਰੀਆਂ ਦੇ ਹੱਥ ਭ੍ਰਿਸ਼ਟਾਚਾਰ ਨਾਲ ਰੰਗੇ ਹੋਏ ਹਨ। ਉਨ੍ਹਾਂ ਨੇ ਇਹ ਮਾਮਲਾ ਕਈ ਵਾਰ ਸਰਕਾਰ ਨੇ ਸਾਹਮਣੇ ਚੁੱਕਿਆ ਤੇ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।
  6. ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਇਕ ਵਿਧਾਇਕ ਤੋਂ ਬਹੁਤ ਖਫ਼ਾ ਸਨ, ਜਿਸ ਨੇ ਕੁਝ ਦਿਨ ਪਹਿਲਾਂ ਅਧਿਕਾਰੀਆਂ ਨੂੰ ਫੋਨ ਕਰਕੇ ਰਿੰਕੂ ਦੇ ਭਾਜਪਾ ’ਚ ਜਾਣ ਦੀ ਗੱਲ ਫੈਲਾਅ ਦਿੱਤੀ ਸੀ। ਰਿੰਕੂ ਨੇ ਇਹ ਮਾਮਲਾ ਜਦੋਂ ‘ਆਪ’ ਦੇ ਰਾਸ਼ਟਰੀ ਜਨਰਲ ਸਕੱਤਰ ਸੰਦੀਪ ਪਾਠਕ ਦੇ ਸਾਹਮਣੇ ਚੁੱਕਿਆ ਤਾਂ ਉਨ੍ਹਾਂ ਨੇ ਉਕਤ ਵਿਧਾਇਕ ਦੀ ਕਲਾਸ ਵੀ ਲਗਾਈ ਸੀ। ਇਸ ਤੋਂ ਬਾਅਦ ਵੀ ਰਿੰਕੂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਚਲਦੀਆਂ ਰਹੀਆਂ।
  7. ਰਿੰਕੂ ਦਾ ਕਹਿਣਾ ਸੀ ਕਿ ਪਿਛਲੇ 10 ਦਿਨਾਂ ’ਚ ਉਨ੍ਹਾਂ ਦੇ ਚੋਣ ਪ੍ਰਚਾਰ ਵੱਲ ਸਥਾਨਕ ਨੇਤਾ ਧਿਆਨ ਨਹੀਂ ਦੇ ਰਹੇ ਸਨ।
  8. ਰਿੰਕੂ ਨੂੰ ਇਹ ਗਿਲਾ ਵੀ ਸੀ ਕਿ ਉਨ੍ਹਾਂ ਨੇ ‘ਆਪ’ ਸਰਕਾਰ ਨੂੰ ਆਪਣੇ ਸਮਰਥਕਾਂ ਨੂੰ ਸਰਕਾਰ ’ਚ ਐਡਜਸਟ ਕਰਨ ਦੀਆਂ ਜੋ ਸੂਚੀਆਂ ਦਿੱਤੀਆਂ ਸਨ, ਉਸ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ ਤੇ ਇਹ ਸਾਰੇ ਸਮਰਥਕ ਉਨ੍ਹਾਂ ਤੋਂ ਸਵਾਲ-ਜਵਾਬ ਕਰ ਰਹੇ ਸਨ ਕਿ ਉਨ੍ਹਾਂ ਦਾ ਸਿਆਸੀ ਤੌਰ ’ਤੇ ਕੀ ਸੰਵਾਰਿਆ ਹੈ?
  9. ਰਿੰਕੂ ਇਸ ਗੱਲ ਨੂੰ ਲੈ ਕੇ ਵੀ ਖਫ਼ਾ ਸਨ ਕਿ ਜਲੰਧਰ ’ਚ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੱਤਾ ਗਿਆ। ਜਲੰਧਰ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ ਤੇ ਲੋਕਾਂ ਦੀਆਂ ਪਾਣੀ ਤੇ ਸੀਵਰੇਜ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ।

ਸੁਸ਼ੀਲ ਕੁਮਾਰ ਰਿੰਕੂ ਦੀ ਨਾਰਾਜ਼ਗੀ ਨੂੰ ਭਾਜਪਾ ਨੇ ਭਾਂਪ ਲਿਆ ਸੀ ,ਤੇ ਉਸ ਨੇ ਆਪਣੇ ਇਰਦ-ਗਿਰਦ ਨੇਤਾਵਾਂ ਨੂੰ ਰਿੰਕੂ ’ਤੇ ਡੋਰੇ ਪਾਉਣ ਲਈ ਛੱਡ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਕੱਲ ਰਿੰਕੂ ਨੇ ਆਖਿਰ ਭਾਜਪਾ ਜੁਆਇਨ ਕਰਨ ਦਾ ਮਨ ਬਣਾ ਲਿਆ ਸੀ। ਉਨ੍ਹਾਂ ਨੇ ਪੰਜਾਬ ਭਾਜਪਾ ਦੇ ਇੰਚਾਰਜ ਤੇ ਸੰਗਠਨ ਮਹਾਮੰਤਰੀ ਸ਼੍ਰੀਨਿਵਾਸਲੂ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਸੰਪਰਕ ਸਾਧਿਆ। ਕੱਲ ਰਵਨੀਤ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਰਿੰਕੂ ਨੇ ਤੁਰੰਤ ਸੁਨੀਲ ਜਾਖੜ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਕੇਂਦਰੀ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਰਿੰਕੂ ਦੀ ਰਾਹ ਆਸਾਨ ਕਰ ਦਿੱਤੀ। ਰਿੰਕੂ ਨੇ ਪਿਛਲੇ ਦਿਨੀਂ ਆਪਣੇ ਮਨ-ਮੁਟਾਵ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਵੀ ਦੂਰ ਕਰ ਲਏ ਸਨ ਤੇ ਉਨ੍ਹਾਂ ਨੂੰ ਵੀ ਉਹ ਆਪਣੇ ਨਾਲ ਲੈ ਗਏ।

ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਅੱਜ ਸਵੇਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੌਰਾਨ ਭਾਜਪਾ ਜੁਆਇਨ ਕਰਨ ਦੀ ਇੱਛਾ ਜ਼ਾਹਿਰ ਕੀਤੀ। ਅਮਿਤ ਸ਼ਾਹ ਨੇ ਉਨ੍ਹਾਂ ਨੂੰ ਆਪਣੇ ਵਲੋਂ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਗ੍ਰਹਿ ਮੰਤਰੀ ਨਾਲ ਬੈਠਕ ਤੋਂ ਬਾਅਦ ਹੀ ਸੁਸ਼ੀਲ ਰਿੰਕੂ ਦੇ ਭਾਜਪਾ ’ਚ ਆਉਣ ਦੀ ਚਰਚਾ ਸੋਸ਼ਲ ਮੀਡੀਆ ’ਤੇ ਸ਼ੁਰੂ ਹੋ ਗਈ ਤੇ ਅਖੀਰ ਦੁਪਹਿਰ 2 ਵਜੇ ਰਿੰਕੂ ਦੇ ਭਾਜਪਾ ’ਚ ਜਾਣ ਦੀ ਗੱਲ ਸੱਚ ਸਾਬਿਤ ਹੋਈ। ਰਿੰਕੂ ਨੇ ਦੁਪਹਿਰ ਸਮੇਂ ਖ਼ੁਦ ਮੀਡੀਆ ਨੂੰ ਇਸ ਦੀ ਪੁਸ਼ਟੀ ਕਰ ਦਿੱਤੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਜਲੰਧਰ ’ਚ ਉਨ੍ਹਾਂ ਨੂੰ ਆਪਣੇ ਵਲੋਂ ਚੋਣ ਮੈਦਾਨ ’ਚ ਉਤਾਰੇਗੀ, ਜਦਕਿ ਭਾਜਪਾ ਵਲੋਂ ਚੋਣ ਜੰਗ ’ਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਨੂੰ ਲੈ ਕੇ ਇਕ ਪ੍ਰਕਿਰਿਆ ਅਪਣਾਈ ਜਾਂਦੀ ਹੈ ਪਰ ਉਸ ’ਚ ਰਿੰਕੂ ਦਾ ਨਾਂ ਸਾਹਮਣੇ ਆਵੇਗਾ।

Leave a Comment

Your email address will not be published. Required fields are marked *

Scroll to Top