ਚੰਡੀਗੜ੍ਹ:-ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੀਆਂ ਕੁੜੀਆਂ ਨੂੰ ਮਾਹਵਾਰੀ ਦੌਰਾਨ ਸਫ਼ਾਈ ਨੂੰ ਧਿਆਨ ਵਿਚ ਰੱਖਦਿਆਂ 11 ਕਰੋੜ ਰੁਪਏ ਦਾ ਬਜਟ ਖ਼ਰਚ ਕੀਤਾ ਜਾਵੇਗਾ। ਸਕੂਲਾਂ ਵਿਚ ਪੜ੍ਹਦੀਆਂ ਕੁੜੀਆਂ ਦੀ ਸਕੂਲ ਛੱਡਣ ਦੀ ਦਰ ਨੂੰ ਘਟਾਉਣ ਲਈ ਸੂਬੇ ਦੀਆਂ 6.80 ਲੱਖ ਨਾਬਾਲਿਗ ਕੁੜੀਆਂ ਨੂੰ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਏ ਜਾਣਗੇ। ਸਰਕਾਰੀ ਸਕੂਲਾਂ ਵਿਚ 6ਵੀਂ ਤੋਂ 12ਵੀਂ ਜਮਾਤ ਤੱਕ ਪੜ੍ਹਦੀਆਂ ਨਾਬਾਲਿਗ ਕੁੜੀਆਂ ਲਈ ਇਹ ਵਿਵਸਥਾ ਕੀਤੀ ਹੈ।
ਬਜਟ ਵਿਚ ਕੁੜੀਆਂ ਨੂੰ ਸੈਨੇਟਰੀ ਨੈਪਕਿਨ ਦੇਣ ਦੇ ਨਾਲ-ਨਾਲ ਵਿਸ਼ੇਸ਼ ਪਖਾਨੇ ਵੀ ਬਣਾਏ ਜਾਣਗੇ। ਪੰਜਾਬ ਸਿੱਖਿਆ ਵਿਭਾਗ ਨੇ ਸੈਨੇਟਰੀ ਨੈਪਕਿਨ ਖਰੀਦਣ ਦਾ ਠੇਕਾ 6 ਫਰਵਰੀ 2023 ਨੂੰ ਦੋ ਕੰਪਨੀਆਂ ਨੂੰ ਦਿੱਤਾ ਗਿਆ ਸੀ।

















































