ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ

ਜਲੰਧਰ, 3 ਜੂਨ : ਭਾਰਤ ਚੋਣ ਕਮਿਸ਼ਨ ਵਲੋਂ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.) ਸਬੰਧੀ ਜਾਰੀ ਸਮਾਂ ਸਾਰਣੀ ਵਿੱਚ ਸੋਧ ਕਰਦਿਆਂ ਨਵਾਂ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵੱਲੋਂ ਅੱਜ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਨਵੇਂ ਸੋਧੇ ਗਏ ਸ਼ਡਿਊਲ ਅਨੁਸਾਰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 31 ਜੁਲਾਈ 2026 ਦੀ ਬਜਾਏ ਹੁਣ 3 ਅਗਸਤ 2026 ਨੂੰ ਕੀਤੀ ਜਾਵੇਗੀ। ਇਸੇ ਤਰ੍ਹਾਂ ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ 3 ਅਗਸਤ 2026 ਤੋਂ 2 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ। ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਅਤੇ ‘ਨੋਟਿਸ ਫੇਜ਼’ ਦੀ ਪ੍ਰਕਿਰਿਆ 3 ਅਗਸਤ 2026 ਤੋਂ 28 ਸਤੰਬਰ 2026 ਤੱਕ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸੁਧਾਈ ਮੁਹਿੰਮ ਦੀਆਂ ਬਾਕੀ ਰਹਿੰਦੀਆਂ ਸਾਰੀਆਂ ਗਤੀਵਿਧੀਆਂ ਦਾ ਸ਼ਡਿਊਲ ਪਹਿਲਾਂ ਵਾਲਾ ਹੀ ਰਹੇਗਾ।
ਉਨ੍ਹਾਂ ਦੱਸਿਆ ਕਿ 25 ਜੂਨ ਤੋਂ 24 ਜੁਲਾਈ 2026 ਤੱਕ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਘਰ-ਘਰ ਜਾ ਕੇ ਵੋਟਰਾਂ ਪਾਸੋਂ ਫਾਰਮ ਭਰਵਾਉਣਗੇ। ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਤਹਿਤ ਜ਼ਿਲ੍ਹੇ ਦੇ ਹਰੇਕ ਵੋਟਰ ਨੂੰ ਬੀ.ਐਲ.ਓ. ਵੱਲੋਂ ਦਿੱਤਾ ਜਾਣ ਵਾਲਾ ਇਨੂਮੀਰੇਸ਼ਨ ਫਾਰਮ ਭਰਨਾ ਜ਼ਰੂਰੀ ਹੈ। ਜੇਕਰ ਕੋਈ ਵੋਟਰ ਇਨੂਮੀਰੇਸ਼ਨ ਫਾਰਮ ਨਹੀਂ ਭਰਦਾ ਹੈ ਤਾਂ ਉਸ ਨੂੰ ਡ੍ਰਾਫ਼ਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਵੋਟਰਾਂ ਨੂੰ 2003 ਦੀ ਵੋਟਰ ਸੂਚੀ ਨਾਲ ਵੋਟਰ ਮੈਪਿੰਗ ਦੀ ਵਿਸ਼ੇਸ਼ ਸਹੂਲਤ ਦੇਣ ਲਈ 7 ਜੂਨ 2026 ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੂਥ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ , ਜਿਸ ਦੌਰਾਨ ਬੀ.ਐਲ.ਓਜ਼ ਵੋਟਰਾਂ ਦੀ ਸਹੂਲਤ ਲਈ ਆਪਣੇ ਬੂਥਾਂ ’ਤੇ ਮੌਜੂਦ ਰਹਿਣਗੇ।
ਉਨ੍ਹਾਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਨਮੈਪਡ ਵੋਟਰਾਂ ਦੀ ਸੂਚੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਇਸ ਕੈਂਪ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਕਿਹਾ, ਤਾਂ ਜੋ ਬਾਕੀ ਰਹਿੰਦੇ ਵੋਟਰਾਂ ਦੀ ਮੈਪਿੰਗ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਅਜਿਹੇ ਵੋਟਰਾਂ, ਜਿਨ੍ਹਾਂ ਦੀ ਅਜੇ ਤੱਕ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਨਹੀਂ ਹੋਈ, ਨੂੰ ਸਬੰਧਤ ਬੀ.ਐਲ.ਓਜ਼ ਨਾਲ ਤਾਲਮੇਲ ਕਰਕੇ ਆਪਣੀ ਮੈਪਿੰਗ ਕਰਵਾਉਣ ਦੀ ਅਪੀਲ ਵੀ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਨੂੰ ਇਸ ਹਫ਼ਤੇ ਦੇ ਅਖੀਰ ਤੱਕ ਆਪਣੇ ਬੀ.ਐਲ.ਏ. ਨਿਯੁਕਤ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਬੀ.ਐਲ.ਏਜ਼ ਲਈ ਟ੍ਰੇਨਿੰਗ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਸਮੂਹ ਰਾਜਨੀਤਕ ਪਾਰਟੀਆਂ ਨੂੰ ਕਿਹਾ ਕਿ ਆਪਣੇ ਬੀ.ਐਲ.ਏਜ਼ ਦੀ ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਸ਼ਮੂਲੀਅਤ ਯਕੀਨੀ ਬਣਾਉਣ।
ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਆਪਣੇ ਵੇਰਵਿਆਂ ਦੀ ਤਸਦੀਕ ਕਰਵਾਉਣ ਅਤੇ ਲੋੜੀਂਦੇ ਦਸਤਾਵੇਜ਼ ਸਮੇਂ-ਸਿਰ ਬੀ.ਐਲ.ਓਜ਼ ਨੂੰ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ, ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ ਬਣਾਇਆ ਜਾ ਸਕੇ।
ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top