ਜਲੰਧਰ, 30 ਮਈ : ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਦੇਸ਼ ਵਿੱਚ ਨੰਬਰ-1 ਆਉਣ ਦੀ ‘ਨੀਤੀ ਆਯੋਗ’ ਦੀ ਰਿਪੋਰਟ ਤਹਿਤ ਅੱਜ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ‘ਸਿੱਖਿਆ ਦਾ ਮਹਾਂ ਜਸ਼ਨ’ ਮਨਾਇਆ ਗਿਆ, ਜਿਸ ਤਹਿਤ ਮੈਗਾ ਮਾਪੇ-ਅਧਿਆਪਕ ਮਿਲਣੀ ਅਤੇ ਵਰਕਸ਼ਾਪ ਕਰਵਾਈ ਗਈ, ਜਿਸ ਨੂੰ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਬਾਰਿਸ਼ ਦੇ ਬਾਵਜੂਦ ਜਲੰਧਰ ਜ਼ਿਲ੍ਹੇ ਦੇ ਕਰੀਬ 1377 ਸਕੂਲਾਂ ਵਿਚ ਭਾਰੀ ਗਿਣਤੀ ਮਾਪਿਆਂ ਨੇ ਮਿਲਣੀ ਅਤੇ ਵਰਕਸ਼ਾਪ ਵਿੱਚ ਸ਼ਮੂਲੀਅਤ ਕਰਦਿਆਂ ਜਿਥੇ ਆਪਣੇ ਬੱਚਿਆਂ ਦੀ ਪੜ੍ਹਾਈ, ਹਾਜ਼ਰੀ, ਪ੍ਰੀਖਿਆ ਨਤੀਜਿਆਂ ਅਤੇ ਸਹਿ ਪਾਠਕ੍ਰਮ ਗਤੀਵਿਧੀਆਂ ਬਾਰੇ ਅਧਿਆਪਕਾਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ, ਉਥੇ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਗੁਰਿੰਦਰਜੀਤ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਰਾਜੀਵ ਜੋਸ਼ੀ ਨੇ ਸਾਂਝੇ ਤੌਰ ‘ਤੇ ਸਕੂਲ ਆਫ਼ ਐਮੀਨੈਂਸ ਲਾਡੋਵਾਲੀ ਰੋਡ, ਸਰਕਾਰੀ ਸਹਿ-ਸਿੱਖਿਆ ਮਾਡਲ ਸਕੂਲ ਲਾਡੋਵਾਲੀ ਰੋਡ, ਸਕੂਲ ਆਫ਼ ਐਮੀਨੈਂਸ ਆਦਮਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜਾਰਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਸਰਕਾਰੀ ਹਾਈ ਸਕੂਲ ਜੰਡੂ ਸਿੰਘਾ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਤੇ ਸਰਵਪੱਖੀ ਵਿਕਾਸ ਲਈ ਜਾਗਰੂਕ ਕੀਤਾ।
ਡਾ. ਗੁਰਿੰਦਰਜੀਤ ਕੌਰ ਨੇ ਨੀਤੀ ਆਯੋਗ ਦੀ ਸਕੂਲ ਸਿੱਖਿਆ ਗੁਣਵੱਤਾ ਰਿਪੋਰਟ-2026 ਵਿੱਚ ਪੰਜਾਬ ਵੱਲੋਂ ਪਹਿਲਾ ਰੈਂਕ ਹਾਸਲ ਕਰਨ ’ਤੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਵਿੱਚ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਆਈ ਹੈ।
ਉਨ੍ਹਾਂ ਕਿਹਾ ਕਿ ਮੈਗਾ ਪੀ.ਟੀ.ਐਮ. ਦਾ ਮੁੱਖ ਉਦੇਸ਼ ਸਕੂਲ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਵਿਚਕਾਰ ਮਜ਼ਬੂਤ ਤਾਲਮੇਲ ਸਥਾਪਤ ਕਰਨਾ ਹੈ, ਤਾਂ ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਹੋਰ ਹੁਲਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ, ਆਧੁਨਿਕ ਸਹੂਲਤਾਂ ਅਤੇ ਸੁਰੱਖਿਅਤ ਸਿੱਖਣ ਵਾਲਾ ਵਾਤਾਵਰਣ ਪ੍ਰਦਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਅਧਿਆਪਕਾਂ ਨਾਲ ਲਗਾਤਾਰ ਤਾਲਮੇਲ ਰੱਖਣ ਲਈ ਕਿਹਾ।
ਰਾਜੀਵ ਜੋਸ਼ੀ ਨੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ, ਸਕੂਲ ਵਿੱਚ ਚੱਲ ਰਹੀਆਂ ਨਵੀਨਤਮ ਗਤੀਵਿਧੀਆਂ, ਖੇਡਾਂ, ਵਿਗਿਆਨਕ ਤੇ ਸੱਭਿਆਚਾਰਕ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਭਾਗੀਦਾਰੀ ਬੱਚਿਆਂ ਦੀ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਇਸ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਵਿਦਿਆਰਥੀਆਂ ਦੀਆਂ ਤਾਕਤਾਂ ਅਤੇ ਸੁਧਾਰ ਵਾਲੇ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਉਣ ਲਈ ਲੋੜੀਂਦੇ ਸੁਝਾਅ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਮਾਪਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਦੇ ਸੌਖੇ ਤਰੀਕਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਮਾਪਿਆਂ ਨੇ ਸਕੂਲਾਂ ਵਿੱਚ ਉਪਲਬਧ ਸਹੂਲਤਾਂ ਜਿਵੇਂ ਸਮਾਰਟ ਕਲਾਸਰੂਮ, ਲਾਇਬ੍ਰੇਰੀਆਂ, ਵਿਗਿਆਨ ਅਤੇ ਗਣਿਤ ਲੈਬਜ਼ ਸਮੇਤ ਹੋਰ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਦੀ ਭਰਪੂਰ ਸ਼ਲਾਘਾ ਕੀਤੀ।
ਸਕੂਲ ਆਫ਼ ਐਮੀਨੈਂਸ ਆਦਮਪੁਰ ਦੇ ਪ੍ਰਿੰਸੀਪਲ ਰਾਮ ਆਸਰਾ ਨੇ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਨੂੰ ਮਜ਼ਬੂਤ ਕਰਦੇ ਹਨ, ਸਗੋਂ ਮਾਪਿਆਂ ਅਤੇ ਸਕੂਲਾਂ ਵਿਚਕਾਰ ਆਪਸੀ ਵਿਸ਼ਵਾਸ ਅਤੇ ਸਹਿਯੋਗ ਨੂੰ ਵੀ ਹੋਰ ਮਜ਼ਬੂਤ ਬਣਾਉਂਦੇ ਹਨ।
ਇਸ ਦੌਰਾਨ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਾਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਕੂਲਾਂ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਮਾਡਲਾਂ, ਪ੍ਰਾਜੈਕਟਾਂ ਅਤੇ ਹੋਰ ਰਚਨਾਤਮਕ ਵਸਤਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਨ੍ਹਾਂ ਦੀ ਮਾਪਿਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਕੌਰ, ਅਧਿਆਪਕ ਹਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਆਪਕ, ਸਕੂਲ ਸਟਾਫ਼, ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਵੱਡੀ ਗਿਣਤੀ ਮਾਪੇ ਮੌਜੂਦ ਸਨ।

















































