ਜਲੰਧਰ (ਸੁਲਿੰਦਰ ਕੰਡੀ) – ਸ਼ਹੀਦ ਨੈਬ ਸਿੰਘ ਦਾ ਜਨਮ 21 ਮਾਰਚ 1967 ਨੂੰ ਪਿਤਾ ਸ. ਅਜੀਤ ਸਿੰਘ ਪਿੰਡ ਗੰਧੋ ਕਲਾਂ ਜਿਲਾ ਰੋਪੜ ਵਿੱਚ ਹੋਇਆ। ਸਰਦਾਰ ਨੈਬ ਸਿੰਘ ਨੇ ਮੁੱਢਲੀ ਪੜ੍ਹਾਈ ਸੀਨੀਅਰ ਸੈਕੈਂਡਰੀ ਸਕੂਲ ਮੀਆਂਪੁਰ ਵਿਖੇ ਕੀਤੀ। ਪੜ੍ਹਾਈ ਦੇ ਨਾਲ-ਨਾਲ ਇਹਨਾਂ ਨੇ ਐਨਸੀਸੀ ਵੀ ਜੁਆਇਨ ਕੀਤੀ ਕਿਉਂਕਿ ਨੈਬ ਸਿੰਘ ਨੂੰ ਫੋਰਸ ਦੀ ਨੌਕਰੀ ਬਹੁਤ ਪਸੰਦ ਸੀ। ਘਰ ਵਿੱਚ ਕਦੇ ਆਪਣੇ ਪਿਤਾ ਜੀ ਨੂੰ ਅਤੇ ਕਦੇ ਆਪਣੀ ਮਾਤਾ ਜੀ ਨੂੰ ਸਲੂਟ ਮਾਰਦੇ ਹੀ ਰਹਿੰਦੇ। ਇਕ ਦਿਨ ਖਬਰਾਂ ਤੋਂ ਪਤਾ ਲੱਗਿਆ ਕਿ ਸੀ.ਆਰ.ਪੀ.ਐਫ. ਦੀ ਭਰਤੀ ਹੋਣੀ ਹੈ ਤਾਂ ਨੈਬ ਸਿੰਘ ਨੇ ਆਪਣੇ ਘਰੋਂ ਆਗਿਆ ਲਈ ਅਤੇ ਭਾਰਤੀ ਦੇਖਣ ਚਲੇ ਗਏ।

ਸੀ. ਆਰ.ਪੀ.ਐਫ. ਦੇ ਟਰੇਲਰ ਬਹੁਤ ਸਖਤ ਸੀ ਪਰ ਨੈਬ ਸਿੰਘ ਨੇ ਜਦੋ ਜਾਹਿਰ ਕਰਕੇ ਇਹ ਭਰਤੀ ਹਾਸਲ ਕਰ ਲਈ। ਘਰ ਪਹੁੰਚਣ ਤੇ ਮਾਤਾ ਪਿਤਾ ਪਹਿਲਾਂ ਤਾਂ ਯਕੀਨ ਨਹੀਂ ਕਰ ਰਹੇ ਸੀ। ਪਰ ਕੁਝ ਪੇਪਰ ਦੇਖਣ ਤੋਂ ਬਾਅਦ ਘਰਦਿਆਂ ਨੂੰ ਯਕੀਨ ਹੋ ਗਿਆ ਅਤੇ ਨਾਲ ਹੀ ਉਹਨਾਂ ਨੂੰ ਚਿੱਠੀ ਆ ਗਈ ਕਿ ਤੁਸੀਂ ਟ੍ਰੇਨਿੰਗ ਲਈ ਗਰੁੱਪ ਸੈਂਟਰ ਅਬਾੜੀ ਜਾਣਾ ਹੈ। ਸਰਦਾਰ ਨੈਬ ਸਿੰਘ ਨੇ ਫਟਾਫਟ ਤਿਆਰੀ ਕੀਤੀ ਅਤੇ ਟਰੇਨ ਰਾਹੀਂ ਨਿਮਸ ਦੇ ਟ੍ਰੇਨਿੰਗ ਸੈਂਟਰ ਪਹੁੰਚ ਗਏ। ਜਾਂਦਿਆਂ ਹੀ ਨੈਬ ਸਿੰਘ ਨੂੰ ਫੋਰਸ ਨੰਬਰ ਅਤੇ ਹੋਰ ਸਮਾਨ ਮਿਲਣ ਤੋਂ ਬਾਅਦ ਕੁਝ ਹੀ ਦਿਨਾਂ ਵਿੱਚ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਗਈ। ਸਰਦਾਰ ਨੈਬ ਸਿੰਘ ਬਹੁਤ ਹੀ ਮਿਹਨਤ ਨਾਲ ਟਰੇਨਿੰਗ ਕਰਦੇ ਅਤੇ ਕੋਈ ਗੱਲ ਦਾ ਪਤਾ ਨਾ ਲੱਗਣ ਤੇ ਆਪਣੇ ਉਸਤਾਦਾਂ ਕੋਲੋਂ ਜਾਣਕਾਰੀ ਵੀ ਹਾਸਿਲ ਕਰਦੇ। ਟ੍ਰੇਨਿੰਗ ਕਰਨ ਤੋਂ ਬਾਅਦ ਜਦੋਂ ਇਹਨਾਂ ਦਾ ਟੈਸਟ ਹੋਇਆ ਤਾਂ ਉਸ ਵਿੱਚ ਸਰਦਾਰ ਨੈਬ ਸਿੰਘ ਨੇ ਜਦੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ ਤਾਂ ਸੀ.ਆਰ.ਪੀ.ਐਫ. ਦੇ ਅਧਿਕਾਰੀ ਬਹੁਤ ਪ੍ਰਸੰਨ ਹੋਏ ਕੁਝ ਹੀ ਦਿਨਾਂ ਵਿੱਚ ਇਹਨਾਂ ਦੀ ਬਟਾਲੀਅਨ ਵਿੱਚ ਬਾਲੀਵਾਲ ਦੇ ਮੈਚ ਵੀ ਹੋਏ। ਉਸ ਵਿੱਚ ਵੀ ਨੈਬ ਸਿੰਘ ਨੇ ਆਪਣੇ ਕਰਤੱਬ ਦਿਖਾਏ।

ਕੁਝ ਹੀ ਦਿਨਾਂ ਵਿੱਚ ਇਹਨਾਂ ਦੀ ਬਟਾਲੀਅਨ ਜੰਗਲ ਕੈਂਪ ਲਈ ਨੀਮਸ ਦੇ ਨੇੜਲੇ ਜੰਗਲਾਂ ਵਿੱਚ ਪਹੁੰਚ ਗਈ। ਜਿਸ ਜੰਗਲ ਵਿੱਚ ਇਹਨਾਂ ਦੀ ਟ੍ਰੇਨਿੰਗ ਸੀ ਉਸ ਜਗ੍ਹਾ ਤੇ ਨਾ ਕੋਈ ਬਿਜਲੀ ਦਾ ਸਾਧਨ ਸੀ ਅਤੇ ਨਾ ਹੀ ਕੋਈ ਮਾਰਕੀਟ ਸੀ। ਜੰਗਲ ਵਿੱਚ ਪਾਣੀ ਦੀ ਉੱਥੇ ਕਮੀ ਪਾਈ ਜਾਂਦੀ ਸੀ। ਵਾਟਰ ਟੈਂਕਰਾਂ ਦੇ ਰਾਹੀਂ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾਂਦਾ ਸੀ। ਜੰਗਲ ਵਿੱਚ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੀ ਟ੍ਰੇਨਿੰਗ ਚੱਲ ਰਹੀ ਸੀ। ਅਚਾਨਕ ਸੀ.ਆਰ.ਪੀ.ਐਫ. ਦੇ ਟਰੇਨਿੰਗ ਵਾਲੇ ਜਵਾਨ ਗਰਮੀ ਨਾ ਸਹਾਰਦੇ ਹੋਏ ਬਿਮਾਰ ਹੋਣੇ ਸ਼ੁਰੂ ਹੋ ਗਏ। ਸੀਨੀਅਰ ਅਧਿਕਾਰੀਆਂ ਨੇ ਟ੍ਰੇਨਿੰਗ ਦੇ ਨਾਲ ਨਾਲ ਜਵਾਨਾਂ ਦੀ ਬਿਮਾਰੀ ਦਾ ਵੀ ਇਲਾਜ ਕਰਵਾਇਆ ਅਤੇ ਜੰਗਲ ਟ੍ਰੇਨਿੰਗ ਪੂਰੀ ਹੋ ਗਈ। ਟ੍ਰੇਨਿੰਗ ਪੂਰੀ ਹੋਣ ਤੇ ਸਾਰੀ ਬਟਾਲੀਅਨ ਹੈਡ ਕੁਆਰਟਰ ਪਹੁੰਚ ਗਈ ਅਤੇ ਪਹੁੰਚਦਿਆਂ ਹੀ 81 ਬਟਾਲੀਅਨ ਦਾ ਜੀ ਆਇਆ ਕੀਤਾ ਗਿਆ।

ਕੁਝ ਦਿਨਾਂ ਬਾਅਦ ਇਹਨਾਂ ਦੀ ਕਸਮ ਪਰੇਡ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ। ਸੀ.ਆਰ.ਪੀ.ਐਫ. ਦੇ ਟਰੇਡ ਜਵਾਨਾਂ ਨੇ ਇਸ ਤਰ੍ਹਾਂ ਤਿਆਰੀ ਕੀਤੀ ਸੀ ਜਿਵੇਂ ਏ ਕਲਾਸ ਦੇ ਕਮਾਂਡੋ ਤਿਆਰ ਕੀਤੇ ਹੋਣ। ਇਹਨਾਂ ਦੀ ਕਸਮ ਪਰੇਡ ਤੇ ਡੀਜੀ ਸੀ.ਆਰ.ਪੀ.ਐਫ. ਵੀ ਪਹੁੰਚ ਰਹੇ ਸੀ। ਸੀਨੀਅਰ ਅਧਿਕਾਰੀਆਂ ਨੇ ਇਹ ਤਿਆਰੀ ਹੋਰ ਵੀ ਸਖਤ ਕਰ ਦਿੱਤੀ। ਜਦੋਂ ਕਸਮ ਪਰੇਡ ਹੋਣ ਜਾ ਰਹੀ ਸੀ ਤਾਂ 81 ਬਟਾਲੀਅਨ ਦੇ ਜਵਾਨਾਂ ਨੇ ਟ੍ਰੇਨਿੰਗ ਦੇ ਨਾਲ ਨਾਲ ਹੋਰ ਕਰਤੱਬ ਵੀ ਦਿਖਾਏ ਤਾਂ ਡੀਜੀ ਸੀ.ਆਰ.ਪੀ.ਐਫ. ਬਹੁਤ ਖੁਸ਼ ਹੋਏ। ਮੌਕੇ ਤੇ ਆਏ ਮੰਤਰੀ ਸਾਹਿਬਾਨਾਂ ਨੇ 81 ਬਟਾਲੀਅਨ ਦੇ ਜਵਾਨਾਂ ਦੀ ਤਾਰੀਫ ਕੀਤੀ। ਇਸ ਬਟਾਲੀਅਨ ਨੂੰ ਕਸਮ ਪਰੇਡ ਤੋਂ ਬਾਅਦ ਮਨੀਪੁਰ ਦੇ ਜੰਗਲਾਂ ਲਈ ਡਿਟੇਨ ਕਰ ਦਿੱਤਾ। ਮਨੀਪੁਰ ਦੇ ਜੰਗਲਾਂ ਵਿੱਚ 81 ਬਟਾਲੀਅਨ ਦੇ ਜਵਾਨਾਂ ਨੇ ਦੇਸ਼ ਦੇ ਦੁਸ਼ਮਣਾਂ ਦਾ ਮੂੰਹ ਖੱਟਾ ਕਰ ਦਿੱਤਾ ਅਤੇ ਬਹੁਤ ਸਾਰੇ ਅੱਤਵਾਦੀ ਆਪਣੇ ਟਿਕਾਣਿਆਂ ਨੂੰ ਛੱਡ ਕੇ ਹੋਰ ਜਗ੍ਹਾ ਚਲੇ ਗਏ।

ਸਰਦਾਰ ਨੈਬ ਸਿੰਘ 15 ਦਿਨ ਦੀ ਛੁੱਟੀ ਲੈ ਕੇ ਪਿੰਡ ਆਏ ਤਾਂ ਘਰਦਿਆਂ ਨੇ ਇਹਨਾਂ ਦੇ ਵਿਆਹ ਦੀ ਚਰਚਾ ਕੀਤੀ ਪਰ ਨੈਬ ਸਿੰਘ ਅਜੇ ਵਿਆਹ ਤੋਂ ਕੰਨੀ ਕਤਰਾ ਰਿਹਾ ਸੀ। ਪਰ ਫਿਰ ਵੀ ਘਰਦਿਆਂ ਨੇ 28 ਨਵੰਬਰ 1992 ਨੂੰ ਬੀਬੀ ਪਰਮਜੀਤ ਕੌਰ ਨਾਲ ਇਹਨਾਂ ਦਾ ਵਿਆਹ ਕਰ ਦਿੱਤਾ। ਸਰਦਾਰ ਨੈਬ ਸਿੰਘ ਵਿਆਹ ਤੋਂ ਬਾਅਦ ਆਪਣੀ ਛੁੱਟੀ ਕੱਟ ਕੇ 81 ਬਟਾਲੀਅਨ ਵਿੱਚ ਵਾਪਸ ਚਲੇ ਗਏ ਅਤੇ ਰੁਟੀਨ ਵਿੱਚ ਆਪਣੀ ਡਿਊਟੀ ਕਰਨ ਲੱਗੇ। ਸਰਦਾਰ ਨੈਬ ਸਿੰਘ ਦੇ ਘਰ 26 ਸਤੰਬਰ 1993 ਨੂੰ ਬੇਟੇ ਰਾਜਵੀਰ ਨੇ ਜਨਮ ਲਿਆ। ਇਹ ਖੁਸ਼ੀ ਉਹਨਾਂ ਨੇ ਆਪਣੀ ਯੂਨਿਟ ਵਿੱਚ ਸਾਂਝੀ ਕੀਤੀ ਅਤੇ ਛੁੱਟੀ ਲੈ ਕੇ ਬੇਟੇ ਨੂੰ ਦੇਖਣ ਲਈ ਆਪਣੇ ਘਰ ਆ ਗਏ। ਪਿੰਡ ਪਹੁੰਚਦਿਆਂ ਹੀ ਪਿਤਾ ਸ. ਅਜੀਤ ਸਿੰਘ ਅਤੇ ਮਾਤਾ ਨੇ ਆਪਣੇ ਬੇਟੇ ਨੂੰ ਖੁਸ਼ੀ ਨਾਲ ਗਲਵੱਕੜੀ ਵਿੱਚ ਲਿਆ ਅਤੇ ਵਧਾਈਆਂ ਦਿੱਤੀਆਂ। ਖੁਸ਼ੀ ਨਾਲ ਨੈਬ ਸਿੰਘ ਦੇ ਅੱਖਾਂ ਵਿੱਚ ਵੀ ਹੰਝੂ ਆ ਗਏ। ਬੇਟੇ ਅਤੇ ਪਤਨੀ ਨੂੰ ਦੇਖ ਕੇ ਨੈਬ ਸਿੰਘ ਬਹੁਤ ਪ੍ਰਸੰਨ ਹੋਏ। ਨੈਬ ਸਿੰਘ ਨੇ ਕੁਝ ਹੀ ਦਿਨਾਂ ਵਿੱਚ ਪੂਰੇ ਪਿੰਡ ਵਿੱਚ ਬੇਟੇ ਹੋਣ ਦੀ ਖੁਸ਼ੀ ਸਾਂਝੀ ਕੀਤੀ। ਛੁੱਟੀ ਖਤਮ ਹੋਣ ਤੇ ਵਾਪਸ ਆਪਣੀ ਯੂਨਿਟ ਵਿੱਚ ਚਲਾ ਗਿਆ।

ਯੂਨਿਟ ਵਿੱਚ ਪਹੁੰਚਦਿਆਂ ਹੀ ਪਤਾ ਲੱਗਾ ਕਿ 81 ਬਟਾਲੀਅਨ ਦੇ ਨਾਲ ਅੱਤਵਾਦੀਆਂ ਦੀ ਲੜਾਈ ਜਾਰੀ ਸੀ। ਹਰ ਰੋਜ਼ ਕਿਤੇ ਨਾ ਕਿਤੇ ਮੁੱਠਭੇੜ ਹੁੰਦੀ ਹੀ ਰਹਿੰਦੀ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਇਹਨਾਂ ਨੂੰ ਭਜਾਉਣ ਵਿੱਚ ਕੋਈ ਕਸਰ ਨਾ ਛੱਡੀ। ਇੱਕ ਦਿਨ ਅੱਤਵਾਦੀਆਂ ਨੇ ਅਣਪਛਾਤੇ ਰਸਤੇ ਵਿੱਚ ਸੀ.ਆਰ.ਪੀ.ਐਫ. ਦੀ ਟੁਕੜੀ ਤੇ ਫਾਇਰ ਕਰ ਦਿੱਤੇ। ਜਵਾਬ ਵਿੱਚ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਵੀ ਮੂੰਹ ਤੋੜਵਾਂ ਜਵਾਬ ਦਿੱਤਾ। ਇਹ ਮੁਕਾਬਲਾ ਲਗਾਤਾਰ ਤਿੰਨ ਚਾਰ ਘੰਟੇ ਚਲਦਾ ਰਿਹਾ। ਜਿਸ ਵਿੱਚ ਛੇ ਸੱਤ ਅੱਤਵਾਦੀਆਂ ਨੂੰ ਗਿਰਫਤਾਰ ਕਰ ਲਿਆ, ਕੁਝ ਕੁ ਨੂੰ ਭੱਜਾ ਦਿੱਤਾ ਅਤੇ ਕੁਝ ਮੁਕਾਬਲੇ ਵਿੱਚ ਮਾਰੇ ਗਏ। ਸੀ.ਆਰ.ਪੀ.ਐਫ. ਦੇ ਜਵਾਨ ਵੀ ਜ਼ਖਮੀ ਹੋ ਗਏ। ਜਿਸ ਵਿੱਚ ਇੱਕ ਬ੍ਰਸਟ ਨੈਬ ਸਿੰਘ ਦੇ ਲੱਗ ਗਿਆ ਸੀ। ਜਦੋਂ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤਰ੍ਹਾਂ ਸਰਦਾਰ ਨੈਬ ਸਿੰਘ 3 ਅਕਤੂਬਰ 1999 ਨੂੰ ਸ਼ਹੀਦੀ ਪ੍ਰਾਪਤ ਕਰ ਗਏ।
ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀ ਇਹਨਾਂ ਦੇ ਸਰੀਰ ਨੂੰ ਤਿਰੰਗੇ ਵਿੱਚ ਲਪੇਟ ਕੇ ਆਪਣੇ ਹੈਡ ਕੁਆਰਟਰ ਲੈ ਗਏ ਅਤੇ ਜਖਮੀਆਂ ਦਾ ਹਸਪਤਾਲ ਵਿੱਚ ਇਲਾਜ ਸ਼ੁਰੂ ਕਰਵਾ ਦਿੱਤਾ। ਸੀਨੀਅਰ ਅਧਿਕਾਰੀਆਂ ਨੇ ਜਦੋਂ ਸ਼ਹੀਦ ਨੈਬ ਸਿੰਘ ਦੀ ਸ਼ਹੀਦੀ ਦੀ ਖਬਰ ਉਹਨਾਂ ਦੇ ਪਿਤਾ ਸ. ਅਜੀਤ ਸਿੰਘ ਨੂੰ ਦਿੱਤੀ ਤਾਂ ਪਿਤਾ ਅਜੀਤ ਸਿੰਘ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਖਬਰ ਮੈਂ ਬਾਕੀ ਮੈਂਬਰਾਂ ਨੂੰ ਕਿਵੇਂ ਦੱਸਾਂ। ਜਦੋਂ ਇਹ ਖਬਰ ਪਿਤਾ ਅਜੀਤ ਸਿੰਘ ਨੇ ਘਰ ਦੱਸੀ ਤਾਂ ਪਰਮਜੀਤ ਕੌਰ ਅਤੇ ਉਸਦੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਬਾਕੀ ਪਰਿਵਾਰ ਦਾ ਵੀ ਬੁਰਾ ਹਾਲ ਦੇਖਿਆ ਨਹੀਂ ਜਾ ਰਿਹਾ ਸੀ। ਪਿੰਡ ਵਿੱਚ ਸੋਗ ਛਾ ਗਿਆ ਅਤੇ ਸਾਰੇ ਲੋਕ ਉਹਨਾਂ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਪਿੰਡ ਦੇ ਲੋਕਾਂ ਨੇ ਪਰਮਜੀਤ ਕੌਰ ਅਤੇ ਉਹਨਾਂ ਦੇ ਪਰਿਵਾਰ ਨੂੰ ਸੰਭਾਲਿਆ। ਉਸ ਸਮੇਂ ਉਹਨਾਂ ਦਾ ਬੇਟਾ ਛੇ ਕੁ ਸਾਲ ਦਾ ਸੀ ਉਹ ਬੜੀ ਹੈਰਾਨੀ ਨਾਲ ਸਾਰਿਆਂ ਵਲ ਦੇਖ ਰਿਹਾ ਸੀ ਅਤੇ ਕਦੇ ਮਾਂ ਦੇ ਗਲੇ ਲੱਗ ਕੇ ਰੋ ਰਿਹਾ ਸੀ। ਪਰਮਜੀਤ ਕੌਰ ਕਦੇ ਬੇਟੇ ਨੂੰ ਗਲਵੱਕੜੀ ਵਿੱਚ ਲੈ ਕੇ ਰੋਂਦੀ ਅਤੇ ਕਦੇ ਆਪਣੀ ਸੁੱਧ ਬੁੱਧ ਖੋਹ ਬੈਠਦੀ।
ਦੋ ਦਿਨਾਂ ਬਾਅਦ ਸ਼ਹੀਦ ਨੈਬ ਸਿੰਘ ਦਾ ਮਿ੍ਤਕ ਸਰੀਰ ਲੈ ਕੇ ਉਹਨਾਂ ਦੇ ਪਿੰਡ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਪਹੁੰਚੀਆਂ। ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਨੇ ਸ਼ਹੀਦ ਨੈਬ ਸਿੰਘ ਦੀ ਗੱਡੀ ਦੇ ਨਾਲ ਨਾਲ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਕੱਠ ਇਹਨਾਂ ਭਾਰਾ ਸੀ ਕਿ ਰਸਤੇ ਵਿੱਚ ਤੁਰਨਾ ਵੀ ਔਖਾ ਸੀ। ਸ਼ਹੀਦ ਨੈਬ ਸਿੰਘ ਦੀ ਵੱਡੀ ਸਾਰੀ ਫੋਟੋ ਗੱਡੀ ਦੇ ਅੱਗੇ ਲਗਾਈ ਹੋਈ ਸੀ। ਸੀ. ਆਰ.ਪੀ.ਐਫ. ਦੇ ਜਵਾਨ ਸ਼ਹੀਦ ਨੈਬ ਸਿੰਘ ਅਮਰ ਰਹੇ…….ਸ਼ਹੀਦ ਨੈਬ ਸਿੰਘ ਜਿੰਦਾਬਾਦ……ਭਾਰਤ ਮਾਤਾ ਦੀ ਜੈ…ਦੇ ਨਾਅਰੇ ਵੀ ਲਗਾ ਰਹੇ ਸਨ।

ਜਦੋਂ ਇਹ ਗੱਡੀ ਉਹਨਾਂ ਦੇ ਘਰ ਪਹੁੰਚੀ ਤਾਂ ਪਰਮਜੀਤ ਕੌਰ ਅਤੇ ਉਨਾਂ ਦਾ ਪਰਿਵਾਰ ਨੇ ਜਦੋਂ ਸ਼ਹੀਦ ਨੈਬ ਸਿੰਘ ਦੇ ਦਰਸ਼ਨ ਕੀਤੇ ਤਾਂ ਸਾਰਾ ਪਰਿਵਾਰ ਉਹਨਾਂ ਦੇ ਮ੍ਰਿਤਕ ਸਰੀਰ ਦੇ ਉੱਪਰ ਢਾਹਾਂ ਮਾਰਦਾ ਹੋਇਆ ਰੋਣ ਕੁਰਲਾਉਣ ਲੱਗ ਗਿਆ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਇਹਨਾਂ ਦੇ ਪਰਿਵਾਰ ਨੂੰ ਸੰਭਾਲਿਆ। ਸ਼ਹੀਦ ਨੈਬ ਸਿੰਘ ਦਾ ਉਹਨਾਂ ਦੇ ਪਰਿਵਾਰ ਨੇ ਇਸ਼ਨਾਨ ਕਰਵਾ ਕੇ ਸਾਰੀਆਂ ਰਸਮਾਂ ਨੂੰ ਪੂਰਾ ਕੀਤਾ ਅਤੇ ਸੀ.ਆਰ.ਪੀ.ਐਫ. ਦੇ ਜਵਾਨ ਉਹਨਾਂ ਦੀ ਮ੍ਰਿਤਕ ਦੇਹ ਲੈ ਕੇ ਸਿਵਿਆਂ ਨੂੰ ਚੱਲ ਪਏ। ਇੱਕ ਪਾਸੇ ਉਹਨਾਂ ਦੇ ਪਿਤਾ ਅਤੇ ਭਰਾਵਾਂ ਨੇ ਮੋਢਾ ਲਾਇਆ ਅਤੇ ਸ਼ਹੀਦ ਨੈਬ ਸਿੰਘ ਅਮਰ ਰਹੇ ਦੇ ਨਾਅਰੇ ਲਗਾਉਦੇ ਹੋਏ ਸਿਵਿਆਂ ਵਿੱਚ ਪਹੁੰਚ ਗਏ। ਉੱਥੇ ਪਹੁੰਚਣ ਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਵਿੱਚ ਪਰਿਵਾਰ ਪ੍ਰਤੀ ਬਹੁਤ ਹੀ ਹਮਦਰਦੀ ਦੇਖਣ ਨੂੰ ਮਿਲੀ। ਸੀ.ਆਰ.ਪੀ.ਐਫ. ਦੇ ਜਵਾਨ ਉਹਨਾਂ ਦੇ ਬੇਟੇ ਨੂੰ ਵਾਰ ਵਾਰ ਦੇਖ ਰਹੇ ਸੀ ਬੇਟਾ ਇਸ ਗੱਲੋਂ ਅਣਜਾਣ ਸੀ ਕਿ ਇਹ ਸਾਰਾ ਕੁਝ ਕੀ ਹੋ ਰਿਹਾ ਹੈ।
ਰਸਮਾਂ ਪੂਰੀਆਂ ਹੋਣ ਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਫਾਇਰ ਕਰਕੇ ਉਹਨਾਂ ਨੂੰ ਸਲਾਮੀ ਭੇਟ ਕੀਤੀ। ਪਹੁੰਚੇ ਹੋਏ ਲੋਕਲ ਪ੍ਰਸ਼ਾਸਨ ਨੇ ਵੀ ਸ਼ਹੀਦ ਨੈਬ ਸਿੰਘ ਨੂੰ ਸਲੂਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਦੇ ਪਿਤਾ ਸਰਦਾਰ ਅਜੀਤ ਸਿੰਘ ਨੇ ਸ਼ਹੀਦ ਨੈਬ ਸਿੰਘ ਦੇ ਮ੍ਰਿਤਕ ਸਰੀਰ ਨੂੰ ਅਗਨੀ ਭੇਟ ਕਰ ਦਿੱਤਾ। ਸੀ.ਆਰ.ਪੀ.ਐਫ. ਦੇ ਸੀਨੀਅਰ ਅਧਿਕਾਰੀਆਂ ਸ਼ਹੀਦ ਨੈਬ ਸਿੰਘ ਦੇ ਪਿਤਾ ਅਜੀਤ ਸਿੰਘ ਅਤੇ ਉਨਾਂ ਦੀ ਪਤਨੀ ਪਰਮਜੀਤ ਕੌਰ ਨੂੰ ਮਿਲੇ ਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਅਤੇ ਕੁਝ ਸੀ.ਆਰ.ਪੀ.ਐਫ. ਦੀਆਂ ਫੋਰਮੈਲਟੀਆਂ ਪੂਰੀਆਂ ਕੀਤੀਆਂ।
ਸੀਨੀਅਰ ਅਧਿਕਾਰੀਆਂ ਨੇ ਪਰਮਜੀਤ ਕੌਰ ਨੂੰ ਗਰੁੱਪ ਸੈਂਟਰ ਜਲੰਧਰ ਬੁਲਾਇਆ। ਉੱਥੇ ਪਹੁੰਚਣ ਤੇ ਸੀਨੀਅਰ ਅਧਿਕਾਰੀਆਂ ਨੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਭਰੋਸਾ ਵੀ ਦਿੱਤਾ। 2014 ਵਿੱਚ ਪਰਮਜੀਤ ਕੌਰ ਨੂੰ ਡੀਆਈਜੀ ਸੁਨੀਲ ਥੋਰਪੇ ਵੱਲੋਂ ਗਰੁੱਪ ਸੈਂਟਰ ਬੁਲਾਇਆ ਗਿਆ। ਸੀ.ਆਰ.ਪੀ.ਐਫ. ਐਸੋਸੀਏਸ਼ਨ ਬਾਰੇ ਜਾਣਕਾਰੀ ਦਿੱਤੀ। ਸੀ.ਆਰ.ਪੀ.ਐਫ. ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੇ ਉਹਨਾਂ ਨੂੰ ਪੂਰਨ ਭਰੋਸਾ ਦਿੱਤਾ ਅਤੇ ਸ਼ਹੀਦ ਨੈਬ ਸਿੰਘ ਦੀ ਪਤਨੀ ਪਰਮਜੀਤ ਕੌਰ ਦਾ ਸਨਮਾਨ ਵੀ ਕੀਤਾ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਇਹਨਾਂ ਸ਼ਹੀਦਾਂ ਦਾ ਸਾਲ ਵਿੱਚ ਕਈ ਵਾਰ ਸਨਮਾਨ ਕਰਦੇ ਹਨ ਅਤੇ ਉਹਨਾਂ ਨੂੰ ਪੰਜਾਬ ਕੇਸਰੀ ਗਰੁੱਪ ਵਰਗੀਆਂ ਸੰਸਥਾਵਾਂ ਤੋਂ ਮਦਦ ਵੀ ਕਰਾਉਂਦੇ ਹਨ। ਐਸੋਸੀਏਸ਼ਨ ਇਸ ਗੱਲ ਤੋਂ ਵਚਨਬੱਧ ਹੈ ਕਿ ਅਸੀਂ ਇਹਨਾਂ ਸ਼ਹੀਦਾਂ ਦਾ ਇਸੇ ਤਰ੍ਹਾਂ ਹੀ ਕੁਦਰਤ ਦੀ ਮਿਹਰਬਾਨੀ ਨਾਲ ਸਨਮਾਨ ਕਰਦੇ ਰਹਾਂਗੇ।
ਮੇਰੇ ਦੇਸ਼ ਦੀ ਰਾਖੀ ਕਰਨਾ ਹੀ ਫਰਜ਼ ਹੈ ਮੇਰਾ,
ਤੇ ਮੇਰਾ ਦੇਸ਼ ਹੀ ਮੇਰੀ ਜਾਨ ਹੈ।
ਇਸ ਤੇ ਕੁਰਬਾਨ ਹੈ ਮੇਰਾ ਸਭ ਕੁਝ,
ਨਹੀ ਇਸ ਤੋਂ ਉਪਰ ਸਾਨੂੰ ਆਪਣੀ ਜਾਨ ਹੈ।
ਜੈ ਹਿੰਦ🇮🇳🫡

















































