ਜਲੰਧਰ, 10 ਨਵੰਬਰ – ਜ਼ਿਲ੍ਹੇ ਦੇ ਪਿੰਡ ਮੱਲੀਆਂ ਦੇ ਅਗਾਂਹਵਧੂ ਕਿਸਾਨ ਗਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਵਾਰ ਆਲੂ ਦੀ ਬਿਜਾਈ ਨਾਈਟ੍ਰੋ ਫਾਸਫੇਟ 20:20:13 ਵਰਤ ਕੇ ਕੀਤੀ ਜਾ ਰਹੀ ਹੈ।
ਕਿਸਾਨ ਨੇ ਦੱਸਿਆ ਕਿ ਪਹਿਲਾਂ ਉਹ ਆਲੂ ਦੀ ਬਿਜਾਈ ਲਈ ਡੀ.ਏ.ਪੀ. ਵਰਤਦੇ ਸਨ ਪਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਪਾਸੋਂ ਡੀ.ਏ.ਪੀ. ਦੇ ਬਦਲ ਵਜੋਂ ਵਰਤੀਆਂ ਜਾਣ ਵਾਲੀਆਂ ਖਾਦਾਂ ਬਾਰੇ ਜਾਣਕਾਰੀ ਮਿਲਣ ’ਤੇ ਇਸ ਵਾਰ ਉਨ੍ਹਾਂ 20:20:13 ਖਾਦ ਦੀ ਵਰਤੋਂ ਕਰਕੇ ਆਲੂ ਦੀ ਸਮੇਂ ਸਿਰ ਬਿਜਾਈ ਕੀਤੀ ਹੈ। ਹੋਰਨਾਂ ਲਈ ਰਾਹ ਦਸੇਰਾ ਬਣੇ ਕਿਸਾਨ ਦਾ ਕਹਿਣਾ ਹੈ ਕਿ ਇਹ ਖਾਦ ਡੀ.ਏ.ਪੀ. ਵਾਂਗ ਹੀ ਕਾਰਗਰ ਹੈ ਅਤੇ ਇਸ ਨਾਲ ਮਿੱਟੀ ਵਿੱਚ ਲੋੜੀਂਦੇ ਖੁਰਾਕੀ ਤੱਤ ਵੀ ਬਰਕਰਾਰ ਰਹਿੰਦੇ ਹਨ।
ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਫ਼ਸਲ ਦੀ ਬਿਜਾਈ ਲਈ ਡੀ.ਏ.ਪੀ. ’ਤੇ ਆਪਣੀ ਨਿਰਭਰਤਾ ਘੱਟ ਕਰਕੇ ਇਸਦੇ ਬਦਲਾਂ ਨੂੰ ਅਪਨਾਉਣ ਦੀ ਸਲਾਹ ਦਿੱਤੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਫ਼ਸਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨ ਡੀ.ਏ.ਪੀ. ਖਾਦ ’ਤੇ ਨਿਰਭਰ ਨਾ ਰਹਿ ਕੇ ਇਸ ਦੇ ਬਦਲ ਦੇ ਰੂਪ ਵਿੱਚ ਟ੍ਰਿਪਲ ਸੁਪਰ ਫਾਸਫੇਟ (0:46:0), ਐੱਨ.ਪੀ.ਕੇ 12:32:16, ਸਿੰਗਲ ਸੁਪਰ ਫਾਸਫੇਟ ਐੱਨ.ਪੀ.ਕੇ. 16:16:16 ਅਤੇ ਨਾਈਟ੍ਰੋ ਫਾਸਫੇਟ 20:20:13 ਖਾਦ ਦੀ ਵੀ ਵਰਤੋਂ ਕਰ ਸਕਦੇ ਹਨ, ਜੋ ਕਿ ਫਸਲਾਂ ਲਈ ਬਹੁਤ ਉਪਯੋਗੀ ਹਨ। ਉਨ੍ਹਾਂ ਕਿਹਾ ਕਿ ਉਕਤ ਫਾਸਫੋਰਸ ਤੱਤ ਵਾਲੀਆਂ ਖਾਦਾਂ ’ਚੋਂ ਕਿਸੇ ਵੀ ਖਾਦ ਨੂੰ ਡੀ.ਏ.ਪੀ. ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਦਲਵੀਆਂ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਨੂੰ ਹੋਰ ਖੁਰਾਕੀ ਤੱਤ ਵੀ ਮਿਲ ਜਾਂਦੇ ਹਨ, ਜੋ ਕਿ ਫ਼ਸਲਾਂ ਲਈ ਬਹੁਤ ਲਾਹੇਵੰਦ ਹਨ।
- +91 99148 68600
- info@livepunjabnews.com