ਨਵੀਂ ਦਿੱਲੀ- ਦਿੱਲੀ ਦੇ ਸ਼ਰਾਬ ਨੀਤੀ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਈ.ਡੀ. ਦੀ ਟੀਮ ਵੀਰਵਾਰ ਦੁਪਹਿਰ ਨੂੰ ਰਾਊਜ਼ ਐਵੇਨਿਊ ਕੋਰਟ ਪਹੁੰਚੀ, ਜਿੱਥੇ ਈ.ਡੀ. ਅਤੇ ਕੇਜਰੀਵਾਲ ਦੋਵਾਂ ਵੱਲੋਂ ਜ਼ੋਰਦਾਰ ਦਲੀਲਾਂ ਦਿੱਤੀਆਂ ਗਈਆਂ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਈ.ਡੀ. ਨੇ ਦਲੀਲ ਦਿੱਤੀ ਕਿ ਉਹ ਗੋਆ ਦੇ ਨੇਤਾਵਾਂ ਨਾਲ ਕੇਜਰੀਵਾਲ ਦਾ ਸਾਹਮਣਾ ਕਰਵਾਉਣਾ ਚਾਹੁੰਦੇ ਹਨ। ਈ.ਡੀ. ਨੇ ਕਿਹਾ ਕਿ ਕੇਜਰੀਵਾਲ ਜਾਣਬੁੱਝ ਕੇ ਵੇਰਵੇ ਅਤੇ ਆਪਣਾ ਈ.ਟੀ.ਆਰ. ਸਾਂਝਾ ਨਹੀਂ ਕਰ ਰਹੇ। ਈ.ਡੀ. ਨੇ ਅਰਵਿੰਦ ਕੇਜਰੀਵਾਲ ਦੀ 7 ਦਿਨਾਂ ਦੀ ਕਸਟਡੀ ਦੀ ਮੰਗ ਕੀਤੀ।ਕੁਝ ਲੋਕਾਂ ਨੂੰ ਗੋਆ ਤੋਂ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਬਿਆਨ ਦਰਜ ਕਰਵਾਏ ਜਾਣਗੇ।
ਏ.ਐੱਸ.ਜੀ. ਐੱਸ.ਵੀ. ਰਾਜੂ ਨੇ ਕਿਹਾ ਕਿ ਕੇਜਰੀਵਾਲ ਦਾ ਬਿਆਨ ਦਰਜ ਕੀਤਾ ਗਿਆ ਹੈ ਅਤੇ ਉਹ ਸਵਾਲਾਂ ਦੇ ਸਿੱਧੇ-ਸਿੱਧੇ ਜਵਾਬ ਨਹੀਂ ਦੇ ਰਹੇ। ਏ.ਐੱਸ.ਜੀ. ਨੇ ਕਿਹਾ ਕਿ ਜੋ ਡਿਜੀਟਲ ਡਾਟਾ ਮਿਲਿਆ ਹੈ, ਉਸਦੀ ਵੀ ਜਾਂਚ ਕੀਤੀ ਜਾ ਰਹੀ ਹੈ।

















































