ਪੰਜਾਬ ਪੁਲਿਸ ਤੇਲ ਅਤੇ ਗੈਸ ਕੰਪਨੀਆਂ ਦੀਆਂ ਸੁਰੱਖਿਆ ਸਬੰਧੀ ਸ਼ਿਕਾਇਤਾਂ ’ਤੇ ਤੁਰੰਤ ਕਰੇਗੀ ਕਾਰਵਾਈ

ਚੰਡੀਗੜ੍ਹ, 9 ਜੂਨ: ਪੰਜਾਬ ਰਾਜ ਲਈ 6ਵੀਂ ਔਨਸ਼ੋਰ ਸੁਰੱਖਿਆ ਤਾਲਮੇਲ ਕਮੇਟੀ (ਓ.ਐਸ.ਸੀ.ਸੀ.) ਦੀ ਮੀਟਿੰਗ ਅੱਜ ਇੱਥੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸੁਰੱਖਿਆ ਡਾ. ਕੌਸਤੁਭ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਏ.ਡੀ.ਜੀ.ਪੀ. ਸੁਰੱਖਿਆ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੀ ਤਰਫ਼ੋਂ ਇਸ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਮੀਟਿੰਗ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਗੁਲਨੀਤ ਸਿੰਘ ਖੁਰਾਨਾ, ਡੀ.ਆਈ.ਜੀ. ਬੀ.ਐਸ.ਐਫ. ਅੰਕਿਤ ਗੋਇਲ, ਈ.ਡੀ. (ਓ ਐਂਡ ਐਮ) ਗੇਲ ਸੰਜੇ ਚੌਹਾਨ, ਸੀ.ਜੀ.ਐਮ. (ਐਚ.ਆਰ.ਡੀ. ਅਤੇ ਸੁਰੱਖਿਆ) ਕੇ. ਦੇਵ ਕੁਮਾਰ, ਸੀ.ਜੀ.ਐਮ. (ਓ ਐਂਡ ਐਮ) ਅਤੇ ਓ.ਆਈ.ਸੀ. ਗੇਲ ਐਨ.ਸੀ.ਆਰ. ਵਿਜੇ ਮਿੱਤਲ ਦੇ ਨਾਲ-ਨਾਲ ਵੱਖ-ਵੱਖ ਤੇਲ ਅਤੇ ਗੈਸ ਕੰਪਨੀਆਂ, ਇੰਟੈਲੀਜੈਂਸ ਬਿਊਰੋ, ਸੀਮਾ ਸੁਰੱਖਿਆ ਬਲ, ਕੇਂਦਰੀ ਰਿਜ਼ਰਵ ਪੁਲਿਸ ਬਲ  ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਵੀ ਸ਼ਾਮਲ ਸਨ।

ਇਸ ਵਿਚਾਰ-ਵਟਾਂਦਰੇ ਦੌਰਾਨ, ਗੇਲ, ਓਐਨਜੀਸੀ, ਆਈਓਸੀਐਲ, ਐਚਪੀਸੀਐਲ, ਬੀਪੀਸੀਐਲ, ਐਚਐਮਈਐਲ, ਥਿੰਕ ਗੈਸ, ਅਤੇ ਟੌਰਿੰਟ ਗੈਸ ਆਦਿ ਤੇਲ ਅਤੇ ਗੈਸ ਕੰਪਨੀਆਂ ਦੇ ਨੁਮਾਇੰਦਿਆਂ ਨੇ ਆਪਣੇ ਕਾਰਜਾਂ ਦੀ ਸੰਖੇਪ ਜਾਣਕਾਰੀ ਦਿੱਤੀ ਅਤੇ ਪਾਈਪਲਾਈਨਾਂ ਸਥਾਪਤ ਕਰਨ ਸਮੇਂ ਸੁਰੱਖਿਆ ਨੂੰ ਯਕੀਨੀ ਬਣਾਉਣ ਦੌਰਾਨ ਪੇਸ਼ ਆਉਂਦੀਆਂ ਚੁਣੌਤੀਆਂ ਬਾਰੇ ਦੱਸਿਆ।


ਇਨ੍ਹਾਂ ਅਹਿਮ ਊਰਜਾ ਅਸਾਸਿਆਂ ਨੂੰ ਸੁਰੱਖਿਅਤ ਕਰਨ ਲਈ  ਸਰਗਰਮ ਪਹੁੰਚ ਅਪਣਾਉਂਦਿਆਂ ਏਡੀਜੀਪੀ ਡਾ. ਕੌਸਤੁਭ ਸ਼ਰਮਾ ਨੇ ਜ਼ਿਲ੍ਹਾ ਨੋਡਲ ਪੁਲਿਸ ਅਧਿਕਾਰੀਆਂ ਨੂੰ ਤੇਲ ਅਤੇ ਗੈਸ ਕੰਪਨੀਆਂ ਤੋਂ ਪ੍ਰਾਪਤ ਸਾਰੀਆਂ ਸ਼ਿਕਾਇਤਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਗੈਸ ਪਾਈਪਲਾਈਨਾਂ ਨੂੰ ਹੋਣ ਵਾਲੇ ਕਿਸੇ ਵੀ ਖ਼ਤਰੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਗੈਸ ਲੀਕ ਹੋਣ ਨਾਲ ਗੰਭੀਰ ਰੂਪ ਵਿੱਚ ਅੱਗ ਲੱਗਣ ਜਾਂ ਲੋਕਾਂ ਦੇ ਦਮ ਘੁੱਟਣ ਦਾ ਖਤਰ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਅਜਿਹੇ ਸਾਰੇ ਮਾਮਲਿਆਂ ਵਿੱਚ ਪੁਲਿਸ ਨੂੰ ਤੁਰੰਤ ਐਫ਼ਆਈਆਰ ਦਰਜ ਕਰਨ ਅਤੇ ਫੌਰੀ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ।

ਐਮਰਜੈਂਸੀ ਰਿਸਪਾਂਸ ਨੂੰ ਸੁਚਾਰੂ ਬਣਾਉਣ ਲਈ, ਏਡੀਜੀਪੀ ਨੇ ਤੇਲ ਅਤੇ ਗੈਸ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਸਲਾਹ ਦਿੱਤੀ ਕਿ ਉਹ ਐਮਰਜੈਂਸੀ ਦੌਰਾਨ ਤੁਰੰਤ ’112’ ਐਮਰਜੈਂਸੀ ਹੈਲਪਲਾਈਨ ਜਾਂ ਸਬੰਧਤ ਜ਼ਿਲ੍ਹਾ ਪੁਲਿਸ ਕੰਟਰੋਲ ਰੂਮਾਂ ਨਾਲ ਸੰਪਰਕ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬੇ ਭਰ ਦੇ ਸਾਰੇ ਪੁਲਿਸ ਕੰਟਰੋਲ ਰੂਮ ਦੇ ਮੁਲਾਜ਼ਮਾਂ ਨੂੰ ਤੇਲ ਅਤੇ ਗੈਸ ਨਾਲ ਸਬੰਧਤ ਐਮਰਜੈਂਸੀ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਬਾਰੇ ਪੂਰੀ ਤਰ੍ਹਾਂ ਜਾਣੂ ਕਰਵਾਇਆ ਜਾਵੇਗਾ।

ਸੈਸ਼ਨ ਦੌਰਾਨ ਕਮੇਟੀ ਨੇ ਪਿਛਲੀ ਓ.ਐਸ.ਸੀ.ਸੀ. ਮੀਟਿੰਗ ਦੇ ਨੁਕਤਿਆਂ ’ਤੇ ਕੀਤੀ ਗਈ ਕਾਰਵਾਈ ਦੀ ਸਮੀਖਿਆ ਵੀ ਕੀਤੀ। ਫੋਰਮ ਨੇ ਅੰਤਰਰਾਸ਼ਟਰੀ ਸਪਲਾਈ, ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਅਤੇ ਪੈਟਰੋਲੀਅਮ ਉਤਪਾਦਾਂ ਦੀਆਂ ਵਧਦੀਆਂ ਕੀਮਤਾਂ ਸਬੰਧੀ ਤੇਲ ਅਤੇ ਗੈਸ ਕੰਪਨੀਆਂ ਨੂੰ ਦਰਪੇਸ਼ ਚੁਣੌਤੀਆਂ ਜੋ ਲੋਕਾਂ ਵਿੱਚ ਬੇਚੈਨੀ ਅਤੇ ਕਾਲਾਬਾਜ਼ਾਰੀ ਦਾ ਕਾਰਨ ਬਣ ਸਕਦੀਆਂ ਹਨ, ’ਤੇ ਚਰਚਾ ਕੀਤੀ। ਸੁਰੱਖਿਆ ਪੈਨਲ ਨੇ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਸੂਬੇ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਣ ਵਾਲੀਆਂ ਸੰਭਾਵੀ ਸਾਜਿਸ਼ਾਂ ਦਾ ਵੀ ਮੁਲਾਂਕਣ ਕੀਤਾ।


ਇਸ ਦੌਰਾਨ ਭਾਈਵਾਲਾਂ ਨੂੰ ਕਾਨੂੰਨੀ ਢਾਂਚੇ ਬਾਰੇ ਜਾਣੂ ਕਰਵਾਉਣ ਲਈ, ਪੈਟਰੋਲੀਅਮ ਅਤੇ ਨੈਚੂਰਲ ਗੈਸ ਰੈਗੂਲੇਟਰੀ ਬੋਰਡ (ਪੀਐਨਜੀਆਰਬੀ) ਐਕਟ, ਪੈਟਰੋਲੀਅਮ ਅਤੇ ਮਿਨਰਲ ਪਾਈਪਲਾਈਨਸ (ਪੀਐਮਪੀ) ਐਕਟ (ਜ਼ਮੀਨ ਦੀ ਵਰਤੋਂ ਦੇ ਅਧਿਕਾਰ ਦੀ ਪ੍ਰਾਪਤੀ) ਅਤੇ ਤੇਲ ਤੇ ਗੈਸ ਬੁਨਿਆਦੀ ਢਾਂਚੇ ਲਈ ਖ਼ਤਰਿਆਂ ਨਾਲ ਨਜਿੱਠਣ ਵਾਲੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੇ ਸਬੰਧਿਤ ਉਪਬੰਧਾਂ ਬਾਰੇ ਵਿਆਪਕ ਪੇਸ਼ਕਾਰੀ ਦਿੱਤੀ ਗਈ।

ਮੀਟਿੰਗ ਵਿੱਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਗਤੀਵਿਧੀਆਂ ਅਤੇ ਕਾਰਜਸ਼ੀਲ ਤੇਲ ਅਤੇ ਗੈਸ ਕੰਪਨੀਆਂ ਵੱਲੋਂ ਅਪਣਾਏ ਜਾ ਰਹੇ ਬਿਹਤਰ ਅਭਿਆਸਾਂ ’ਤੇ ਵੀ ਚਰਚਾ ਕੀਤੀ ਗਈ।

ਸੈਸ਼ਨ ਦੀ ਸਮਾਪਤੀ ਕਰਦਿਆਂ, ਡਾ. ਕੌਸਤੁਭ ਸ਼ਰਮਾ ਨੇ ਰਾਸ਼ਟਰੀ ਅਰਥਵਿਵਸਥਾ ਵਿੱਚ ਤੇਲ ਅਤੇ ਗੈਸ ਖੇਤਰ ਦੀ ਰਣਨੀਤਕ ਮਹੱਤਤਾ ਨੂੰ ਦੁਹਰਾਇਆ ਅਤੇ ਪੰਜਾਬ ਭਰ ਵਿੱਚ ਸਾਰੇ ਊਰਜਾ ਬੁਨਿਆਦੀ ਢਾਂਚੇ ਦੇ ਸੁਰੱਖਿਅਤ ਅਤੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇ ਅਟੁੱਟ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ।

Leave a Comment

Your email address will not be published. Required fields are marked *

Scroll to Top