ਤਲਵਾੜਾ (ਸੋਨੂੰ ਥਾਪਰ) 8 ਜੂਨ: ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ.) ਤਲਵਾੜਾ ਦੀ ਇੱਕ ਜਰੂਰੀ ਸਾਹਿਤਕ ਮੀਟਿੰਗ ਪ੍ਰੋਫੈਸਰ ਸੁਰਿੰਦਰ ਮੰਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮੰਚ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਪ੍ਰੋਫੈਸਰ ਸੁਰਿੰਦਰ ਮੰਡ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸਮਰਜੀਤ ਸਿੰਘ ਸ਼ਮੀ ਨੂੰ ਜਨਰਲ ਸਕੱਤਰ, ਡਾ. ਅਮਰਜੀਤ ਅਨੀਸ ਅਤੇ ਡਾ. ਵਿਸ਼ਾਲ ਧਰਵਾਲ ਨੂੰ ਮੀਤ ਪ੍ਰਧਾਨ, ਰਾਜਿੰਦਰ ਮਹਿਤਾ ਨੂੰ ਚੀਫ ਕੋਆਰਡੀਨੇਟਰ, ਅਨੁਰਾਧਾ ਸ਼ਰਮਾ ਨੂੰ ਪ੍ਰੈਸ ਸਕੱਤਰ, ਧਿਆਨ ਸਿੰਘ ਚੰਦਨ ਨੂੰ ਸੰਯੁਕਤ ਸਕੱਤਰ, ਹਰਸ਼ਵਿੰਦਰ ਕੌਰ ਨੂੰ ਵਿੱਤ ਸਕੱਤਰ ਅਤੇ ਉਮਾ ਕਮਲ ਨੂੰ ਪ੍ਰਬੰਧਕੀ ਸਕੱਤਰ, ਮਦਨ ਲਾਲ ਵਸ਼ਿਸ਼ਟ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਆਪਣੀਆਂ ਰਚਨਾਵਾਂ ਨਾਲ ਸਾਹਿਤਕ ਹਾਜ਼ਰੀ ਵੀ ਲਗਵਾਈ ਗਈ। ਇਸ ਤੋਂ ਇਲਾਵਾ ਸਾਹਿਤ, ਕਲਾ ਅਤੇ ਸੰਗੀਤ ਜਗਤ ਨਾਲ ਸਬੰਧਿਤ ਹਸਤੀਆਂ ਤੇ ਸਦੀਵੀ ਵਿਛੋੜੇ ਉੱਤੇ ਸ਼ੋਕ ਮਤੇ ਪੇਸ਼ ਕੀਤੇ ਗਏ ਅਤੇ ਕਹਾਣੀਕਾਰ ਲਾਲ ਸਿੰਘ ਦਸੂਹਾ, ਧਰਮਿੰਦਰ, ਆਸ਼ਾ ਭੋਸਲੇ, ਸੁਮਨ ਕਲਿਆਣਪੁਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

















































