ਜਲੰਧਰ, 7 ਜੂਨ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਸਵੀਰ ਸਿੰਘ ਗੜ੍ਹੀ ਵੱਲੋਂ ਗੁਰਾਇਆ ਅਤੇ ਫਿਲੌਰ ਬਲਾਕਾਂ ਦੇ ਪਿੰਡਾਂ ਦੇ ਦੌਰੇ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੀ ਸ਼ੁਰੂ ਕੀਤੀ ਲੜੀ ਤਹਿਤ ਅੱਜ ਉਨ੍ਹਾਂ ਵੱਲੋਂ ਪਿੰਡ ਰੁੜਕਾ ਕਲਾਂ, ਰੁੜਕੀ, ਅਕਲਪੁਰ, ਪਿੰਡ ਗੰਨਾ ਅਤੇ ਗੁਰਾਇਆ ਦੇ ਮੁਹੱਲਾ ਲਾਂਗੜੀਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦੀ ਸੁਣਵਾਈ ਕੀਤੀ ਗਈ।
ਆਪਣੇ ਦੌਰੇ ਦੌਰਾਨ ਸ਼੍ਰੀ ਗੜ੍ਹੀ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਮਸਲਿਆਂ ਦਾ ਢੁੱਕਵਾਂ ਹੱਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਇਸ ਦੌਰਾਨ ਚੇਅਰਮੈਨ ਨੇ ਯੂਥ ਫੁੱਟਬਾਲ ਕਲੱਬ, ਰੁੜਕਾ ਕਲਾਂ ਪਹੁੰਚ ਕੇ ਮੈਕਸੀਕੋ ’ਚ ਹੋਏ ਸਟ੍ਰੀਟ ਚਾਈਲਡ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਰਨਰਅਪ ਦਾ ਮਾਣ ਹਾਸਲ ਕਰਕੇ ਪਰਤੀ ਟੀਮ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਆਪਣੀ ਨੇਕ ਕਮਾਈ ਵਿੱਚੋਂ ਕਲੱਬ ਨੂੰ ਇਕ ਲੱਖ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਵਾਈ.ਐਫ.ਸੀ. ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰਜ਼ ’ਤੇ ਹੋਰ ਉਪਰਾਲੇ ਹੋਣੇ ਚਾਹੀਦੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ।
ਸ਼੍ਰੀ ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤੋਂ ਇਲਾਵਾ ਆਧੁਨਿਕ ਸਹੂਲਤਾਂ ਨਾਲ ਲੈਸ 3000 ਤੋਂ ਵੱਧ ਖੇਡ ਮੈਦਾਨਾਂ ਨੂੰ ਵਿਕਸਿਤ ਕਰਨ, ਖਿਡਾਰੀਆਂ ਦੇ ਬਣਦੇ ਮਾਣ-ਸਨਮਾਨ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਹਨ।
ਉਨ੍ਹਾਂ ਕਲੱਬ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਾਈ.ਐਫ.ਸੀ. ਦੇ ਚੇਅਰਮੈਨ ਗੁਰਮੰਗਲ ਦਾਸ, ਕਲੱਬ ਦੀ ਪ੍ਰਬੰਧਕ ਕਮੇਟੀ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਡੇਰਾ ਬਾਬਾ ਭਾਈ ਸਾਧੂ ਜੀ, ਸਰਪੰਚ ਇਕਵਿੰਦਰ ਕੌਰ ਅਤੇ ਪਿੰਡ ਵਾਸੀਆਂ ਦਾ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਪ੍ਰਗਟ ਕੀਤਾ।
ਦੌਰੇ ਦੌਰਾਨ ਸ਼੍ਰੀ ਗੜ੍ਹੀ ਨੇ ਮੰਦਰ ਬਾਬਾ ਸ਼੍ਰੀ ਬਾਲਕ ਨਾਥ ਜੀ ਗੁਰਾਇਆ, ਡੇਰਾ ਬਾਬਾ ਭਾਈ ਸਾਧੂ ਜੀ ਰੁੜਕਾ ਕਲਾਂ ਅਤੇ ਡੇਰਾ ਬਾਬਾ ਬ੍ਰਹਮਦਾਸ ਅਕਲਪੁਰ ਵਿਖੇ ਨਤਮਸਤਕ ਹੋ ਕੇ ਸੂਬਾ ਵਾਸੀਆਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
ਉਪਰੰਤ ਭਗਵਾਨ ਵਾਲਮੀਕਿ ਆਸ਼ਰਮ ਪ੍ਰਬੰਧਕ ਕਮੇਟੀ ਗੁਰਾਇਆ ਨਾਲ ਮੀਟਿੰਗ ਦੌਰਾਨ ਆਸ਼ਰਮ ਨੇੜੇ ਕੂੜੇ ਦੇ ਡੰਪ ਨੂੰ ਚੁਕਾਉਣ ਦੀ ਮੰਗ ’ਤੇ ਜਲਦ ਕਾਰਵਾਈ ਦਾ ਭਰੋਸਾ ਦਿਵਾਉਂਦਿਆਂ ਸ਼੍ਰੀ ਗੜ੍ਹੀ ਨੇ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ, ਗੁਰਾਇਆ ਨੂੰ ਨਿਰਦੇਸ਼ ਜਾਰੀ ਕਰਕੇ ਯੋਗ ਕਾਰਵਾਈ ਲਈ ਪਾਬੰਦ ਕੀਤਾ ਜਾਵੇਗਾ।
ਅਖੀਰ ਵਿੱਚ ਸ਼੍ਰੀ ਗੜ੍ਹੀ ਨੇ ਪਿੰਡ ਗੰਨਾ ਵਿਖੇ ਪਹੁੰਚ ਕੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਕਰਵਾਇਆ ਜਾਵੇਗਾ ਅਤੇ ਭਾਈਚਾਰੇ ਦੇ ਲੋਕਾਂ ਦੇ ਮਸਲੇ ਜਲਦ ਤੋਂ ਜਲਦ ਹੱਲ ਕਰਵਾਏ ਜਾਣਗੇ।

















































