ਮਾਨ ਅਤੇ ਕੇਜਰੀਵਾਲ ਉੱਪਰ ਪੰਜਾਬ ਦੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦੇ ਲਗਾਏ ਦੋਸ਼

ਚੰਡੀਗੜ੍ਹ, 10 ਜੂਨ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਪਰ ਤਿੱਖਾ ਹਮਲਾ ਬੋਲਦਿਆਂ, ਬੇਰੁਜ਼ਗਾਰ ਨੌਜਵਾਨਾਂ ਖ਼ਿਲਾਫ਼ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਸਖ਼ਤ ਕਾਰਵਾਈ ਦੀ ਨਿੰਦਾ ਕੀਤੀ ਹੈ, ਜਿਸ ਵੱਲੋਂ ਪਹਿਲਾਂ ਸਿਖਲਾਈ ਪ੍ਰਾਪਤ ਆਈਟੀਆਈ ਅਪਰੈਂਟਿਸਾਂ ਅਤੇ ਹੁਣ ਲਾਈਨਮੈਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਵੀ ਆਲੋਚਨਾ ਕੀਤੀ ਹੈ, ਜਿਹੜੇ ਪੰਜਾਬ ਦੇ ਵਪਾਰੀਆਂ ਨੂੰ ਇੱਕ ਖ਼ਾਸ ਧਰਮ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਫਿਰਕੂ ਪਣੇ ਅਤੇ ਵੰਡ ਪਾਉਣ ਵਿੱਚ ਵਿਸ਼ਵਾਸ ਨਹੀਂ ਕਰਦੇ ਤੇ ਨਾ ਹੀ ਉਹ ਇਸ ਤਰ੍ਹਾਂ ਦੀ ਸਿਆਸਤ ਨੂੰ ਸਵੀਕਾਰ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਇਹ ਸੱਚ ਹੈ ਕਿ ਭਾਜਪਾ ਲੋਕਾਂ ਨੂੰ ਡਰਾਉਣ ਅਤੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸਨੂੰ ਧਾਰਮਿਕ ਰੰਗ ਦੇ ਕੇ ਆਪ ਆਗੂ ਅਸਲ ਵਿੱਚ ਉਸੇ ਪਾਰਟੀ ਦੀ ਮਦਦ ਕਰ ਰਹੇ ਹਨ ਅਤੇ ਉਸਦੀ ਵੰਡ ਪਾਊ ਸਿਆਸਤ ਨੂੰ ਮਜ਼ਬੂਤ ਕਰ ਰਹੇ ਹਨ।

ਵੜਿੰਗ ਨੇ ਅੱਜ ਲਾਈਨਮੈਨਾਂ ਦੇ ਚੱਲ ਰਹੇ ਧਰਨੇ ‘ਤੇ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਟੈਂਟ ਉਖਾੜੇ ਗਏ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਹਟਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਆਈਟੀਆਈ ਅਪਰੈਂਟਿਸਾਂ ਖਿਲਾਫ਼ ਵੀ ਪੁਲਿਸ ਨੇ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਕੀਤੀ ਸੀ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਮੀਡੀਆ ਨੂੰ ਵੀ ਘਟਨਾਵਾਂ ਦੀ ਰਿਪੋਰਟਿੰਗ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਨ ਦੇ ਸ਼ਾਸਨ ਵਿੱਚ ਪੰਜਾਬ ਇਸ ਮਕਾਮ ‘ਤੇ ਪਹੁੰਚ ਗਿਆ ਹੈ, ਜਿੱਥੇ ਪਟਿਆਲਾ ਵਿੱਚ ਮੀਡੀਆ ਨੂੰ ਪ੍ਰਦਰਸ਼ਨ ਸਥਾਨ ‘ਤੇ ਜਾਣ ਤੋਂ ਰੋਕਿਆ ਜਾਂਦਾ ਹੈ, ਨੌਜਵਾਨ ਬੇਹੋਸ਼ ਹੋ ਰਹੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਪੁਲਿਸ ਟੈਂਟ ਉਖਾੜ ਰਹੀ ਹੈ ਅਤੇ ਮੰਦੀ ਸ਼ਬਦਾਵਲੀ ਬੋਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਹੀ ਭਗਵੰਤ ਮਾਨ ਹਨ, ਜਿਹੜੇ ਕਦੇ ਆਪਣੇ ਆਪ ਨੂੰ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਦੱਸਦੇ ਸਨ। ਅੱਜ ਇਨ੍ਹਾਂ ਦੀ ਸਰਕਾਰ ਉਸੇ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਇਹ ਉਹੀ ਲੋਕਤੰਤਰ ਹੈ, ਜਿਸ ਲਈ ਪੰਜਾਬ ਦੇ ਲੋਕਾਂ ਨੇ ਵੋਟ ਪਾਈ ਸੀ ਜਾਂ ਫਿਰ ਇਹ ਭਗਵੰਤ ਮਾਨ ਦੀ ਤਾਨਾਸ਼ਾਹੀ ਹੈ? ਉਨ੍ਹਾਂ ਨੇ ਕਿਹਾ ਕਿ ਜਿਹੜੀ ਸਰਕਾਰ ਸਵਾਲਾਂ ਤੋਂ ਡਰਦੀ ਹੈ, ਉਹ ਜ਼ਬਰ ਦਾ ਸਹਾਰਾ ਲੈਂਦੀ ਹੈ। ਪੰਜਾਬ ਦੇ ਨੌਜਵਾਨ ਦਮਨ ਨਹੀਂ, ਗੱਲਬਾਤ ਨਾਲ ਮਸਲਾ ਸੁਲਝਾਉਣ ਦੇ ਹੱਕਦਾਰ ਹਨ।

ਉਨ੍ਹਾਂ ਨੇ ਯਾਦ ਕਰਵਾਇਆ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਧਰਨਿਆਂ ਵਿੱਚ ਜਾ ਕੇ ਇਹ ਵਾਅਦਾ ਕਰਦੇ ਸਨ ਕਿ ਆਪ ਸਰਕਾਰ ਬਣਨ ‘ਤੇ ਨੌਕਰੀਆਂ ਦਿੱਤੀਆਂ ਜਾਣਗੀਆਂ, ਪਰ ਹੁਣ ਚੋਣਾਂ ਜਿੱਤਣ ਤੋਂ ਬਾਅਦ ਇਹ ਕਹਿੰਦੇ ਹਨ ਕਿ ਇਨ੍ਹਾਂ ਕੋਲ ਮਿਲਣ ਲਈ ਸਮਾਂ ਹੀ ਨਹੀਂ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਦੇਣ ਦੇ ਵਾਅਦੇ ਤੋਂ ਪਿੱਛੇ ਹਟਣ ਕਾਰਨ ਪੰਜਾਬ ਦੇ ਨੌਜਵਾਨ 440 ਕੇ.ਵੀ ਬਿਜਲੀ ਦੇ ਟਾਵਰਾਂ ‘ਤੇ ਚੜ੍ਹ ਕੇ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਰਹੇ ਹਨ।

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇੱਕ ਪਾਸੇ ਤੁਸੀਂ ਖੁਦ ਨੂੰ ‘ਆਮ ਆਦਮੀ’ ਦਾ ਆਗੂ ਦੱਸਦੇ ਹੋ, ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰਦੇ ਹੋ, ਲੇਕਿਨ ਦੂਜੇ ਪਾਸੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਤੁਹਾਡੇ ਕੁਝ ਮਿੰਟਾਂ ਦਾ ਸਮਾਂ ਵੀ ਨਹੀਂ ਮਿਲ ਰਿਹਾ ਹੈ।

Leave a Comment

Your email address will not be published. Required fields are marked *

Scroll to Top