ਜਲੰਧਰ (ਸੁਲਿੰਦਰ ਕੰਢੀ)- ਸ਼ਹੀਦ ਅਸ਼ੋਕ ਕੁਮਾਰ ਪਰਵਾਲ ਕਲੋਨੀ ਜ਼ਿਲਾ ਪਠਾਨਕੋਟ ਦਾ ਰਹਿਣ ਵਾਲਾ ਸੀ। ਅਸ਼ੋਕ ਕੁਮਾਰ ਤਿੰਨ ਭਰਾ ਅਤੇ ਦੋ ਭੈਣਾਂ ਸਨ। ਅਸ਼ੋਕ ਕੁਮਾਰ ਸਾਰੇ ਭੈਣ ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਆਉਂਦਾ ਸੀ। ਇਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਕੀਤੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਫਰਵਰੀ 1954 ਜ਼ਿਲ੍ਹਾ ਗੁਰਦਾਸਪੁਰ ਵਿਖੇ ਸੀ.ਆਰ.ਪੀ.ਐਫ. ਵਿੱਚ ਭਰਤੀ ਹੋ ਗਏ। ਭਰਤੀ ਹੋਣ ਤੋਂ ਬਾਅਦ ਇਹਨਾਂ ਨੇ ਆਪਣੀ ਮੁੱਢਲੀ ਟ੍ਰੇਨਿੰਗ ਪਿੰਜੌਰ ਗਰੁੱਪ ਸੈਂਟਰ ਵਿੱਚ ਸ਼ੁਰੂ ਕੀਤੀ। ਛੋਟੀ ਉਮਰ ਦਾ ਹੋਣ ਕਰਕੇ ਯੂਨਿਟ ਦੇ ਸਾਰੇ ਅਫਸਰ ਇਹਨਾਂ ਨੂੰ ਬਹੁਤ ਪਿਆਰ ਕਰਦੇ ਸਨ। ਅਫਸਰ ਹਮੇਸ਼ਾ ਇਸ ਨੂੰ ਬੱਚਿਆਂ ਵਾਂਗ ਰੱਖਦੇ। ਅਸ਼ੋਕ ਕੁਮਾਰ ਸਵੇਰੇ ਪਰੇਡ ਵਿੱਚ ਬਹੁਤ ਹੀ ਮਿਹਨਤ ਨਾਲ ਆਪਣੀ ਪੀਟੀ ਪਰੇਡ ਕਰਦਾ ਸੀ। ਪੀਟੀ ਕਰਨ ਦੇ ਵਿੱਚ ਅਸ਼ੋਕ ਬਹੁਤ ਹੀ ਫੁਰਤੀਲਾ ਸੀ। ਉਸਤਾਦ ਇਸ ਨੂੰ ਕਦੇ ਕਦਾਈ ਬਾਕੀ ਜਵਾਨਾਂ ਦਾ ਗਾਈਡ ਵੀ ਲਗਾ ਦਿੰਦੇ ਸਨ। ਪਿੰਜੌਰ ਗਰੁੱਪ ਸੈਂਟਰ ਦੇ ਵਿੱਚ ਅਸ਼ੋਕ ਕੁਮਾਰ ਦੀ ਆਮ ਚਰਚਾ ਹੁੰਦੀ ਰਹਿੰਦੀ ਸੀ। ਟਰੇਨਿੰਗ ਦੇ ਕੁਝ ਸਟੰਟ ਅਸ਼ੋਕ ਕੁਮਾਰ ਬੜੇ ਹੀ ਉਤਸਾਹ ਨਾਲ ਕਰਦਾ ਸੀ।

ਅਸ਼ੋਕ ਕੁਮਾਰ ਦੀ ਟ੍ਰੇਨਿੰਗ ਪੂਰੀ ਹੋਣ ਤੇ ਜੰਗਲ ਕੈਂਪ ਲਗਾਇਆ ਗਿਆ ਅਤੇ ਜੰਗਲ ਕੈਂਪ ਵਿੱਚ ਅਸ਼ੋਕ ਨੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ। ਵਾਪਸ ਆ ਕੇ ਅਸ਼ੋਕ ਕੁਮਾਰ ਨੇ ਟ੍ਰੇਨਿੰਗ ਪੂਰੀ ਕਰਕੇ ਦੇਸ਼ ਦੀ ਆਨ ਅਤੇ ਸ਼ਾਨ ਲਈ ਆਪਣੀ ਜਿੰਮੇਵਾਰੀਆਂ ਨਿਭਾਉਣ ਦੀ ਸੋਹ ਵੀ ਖਾਧੀ। ਟਰੇਨਿੰਗ ਪੂਰੀ ਹੋਣ ਤੇ ਅਸ਼ੋਕ ਕੁਮਾਰ ਨੂੰ ਅਸਾਮ 54 ਬਟਾਲੀਅਨ ਵਿੱਚ ਭੇਜ ਦਿੱਤਾ ਗਿਆ। ਨਵਾਂ ਜਵਾਨ ਹੋਣ ਕਰਕੇ ਅਸਾਮ ਦੇ ਨਸਲਵਾਦੀਆਂ ਦੇ ਚੰਗੇ ਛੱਕੇ ਛੁਡਾਉਂਦਾ ਸੀ। ਥੋੜੀ ਦੇਰ ਬਾਅਦ ਇਹਨਾਂ ਦੀ ਪੋਸਟਿੰਗ ਅੰਡੋਮਾਨ ਨਿਕੋਬਾਰ ਹੋ ਗਈ। ਉੱਥੇ ਵੀ ਅਸ਼ੋਕ ਕੁਮਾਰ ਨੇ ਆਪਣੀ ਇੱਕ ਵੱਖਰੀ ਹੀ ਪਹਿਚਾਣ ਬਣਾਈ ਸੀ।

ਦੋ ਸਾਲ ਬੀਤਣ ਤੋਂ ਬਾਅਦ ਅਸ਼ੋਕ ਕੁਮਾਰ ਦੀ ਪੋਸਟਿੰਗ ਮਨੀਪੁਰ ਹੋ ਗਈ। ਮਨੀਪੁਰ ਵੀ ਇਹਨਾਂ ਨੇ ਬਹੁਤ ਕਠਿਨ ਡਿਊਟੀ ਕੀਤੀ। ਮਨੀਪੁਰ ਤੋਂ ਬਾਅਦ ਇਹਨਾਂ ਦੀ ਬਟਾਲੀਅਨ ਸ਼੍ਰੀਨਗਰ ਮੂਵ ਹੋ ਗਈ। ਰੂਟੀਨ ਵਿੱਚ ਡਿਊਟੀ ਤੇ ਜਾਂਦੇ ਤੇ ਵਾਪਸ ਆ ਜਾਂਦੇ। ਸੰਨ 2000 ਸਾਲ ਚੜਦਿਆਂ ਹੀ ਅਸ਼ੋਕ ਕੁਮਾਰ ਦੇ ਘਰ ਬੇਟੀ ਨੇ ਜਨਮ ਲਿਆ। ਅਸ਼ੋਕ ਕੁਮਾਰ ਆਪਣੀ ਬੇਟੀ ਨੂੰ ਦੇਖਣ ਲਈ ਪਰਵਾਲ ਕਲੋਨੀ ਆਪਣੇ ਪਿੰਡ ਛੁੱਟੀ ਲੈ ਕੇ ਖੁਸ਼ੀ ਨਾਲ ਪੁੱਜੇ। ਕੁਝ ਦਿਨ ਉਹਨਾਂ ਆਪਣੀ ਪਤਨੀ ਅਤੇ ਬੇਟੀ ਨਾਲ ਸਮਾਂ ਬਤੀਤ ਕੀਤਾ ਅਤੇ 22 ਜਨਵਰੀ ਨੂੰ ਅਸ਼ੋਕ ਕੁਮਾਰ ਛੁੱਟੀ ਕੱਟ ਕੇ ਵਾਪਸ ਆਪਣੀ ਯੂਨਿਟ ਵਿੱਚ ਚਲੇ ਗਏ।ਵਾਪਸ ਆਉਂਦੇ ਹੀ ਰੂਟੀਨ ਵਿੱਚ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ।

26 ਜਨਵਰੀ 2000 ਨੂੰ ਅਸ਼ੋਕ ਕੁਮਾਰ ਜਦੋਂ ਆਪਣਾ ਤਿਰੰਗਾ ਝੰਡਾ ਲੈ ਕੇ ਆਪਣੀ ਪਰੇਡ ਲਈ ਜਾ ਰਿਹਾ ਸੀ ਜੋ ਕਿ 26 ਜਨਵਰੀ ਦਾ ਦਿਨ ਸਟੇਡੀਅਮ ਵਿਖੇ ਮਨਾਇਆ ਜਾਣਾ ਸੀ। ਅਨੰਤ ਨਾਗ ਦੇ ਰਸਤੇ ਵਿੱਚ ਕੁਝ ਸ਼ੱਕੀ ਵਿਅਕਤੀਆਂ ਨੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਪਰ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਗੱਡੀ ਨਾ ਰੋਕੀ। ਉੱਥੇ ਦੇ ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਦੀ ਗੱਡੀ ਤੇ ਫਾਇਰ ਕਰ ਦਿੱਤੇ। ਜਿਸ ਗੱਡੀ ਵਿੱਚ ਕੁਝ ਜਵਾਨ ਜ਼ਖਮੀ ਹੋ ਗਏ ਅਤੇ ਅਸ਼ੋਕ ਕੁਮਾਰ ਦੇ ਕਾਫੀ ਗੋਲੀਆਂ ਵੱਜੀਆਂ। ਪਿੱਛੇ ਆ ਰਹੀ ਸੀ.ਆਰ.ਪੀ.ਐਫ. ਦੀ ਗੱਡੀ ਵਿੱਚ ਜਵਾਨਾਂ ਨੇ ਵੀ ਫਾਇਰ ਕਰ ਦਿੱਤੇ। ਕੁਝ ਅੱਤਵਾਦੀ ਭੱਜ ਗਏ ਅਤੇ ਕੁਝ ਨੂੰ ਸੀ.ਆਰ.ਪੀ.ਐਫ. ਨੇ ਗ੍ਰਿਫਤਾਰ ਕਰ ਲਿਆ। ਸੀ.ਆਰ.ਪੀ.ਐਫ. ਦੇ ਜਵਾਨ ਜਖਮੀ ਜਵਾਨਾਂ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਅਸ਼ੋਕ ਕੁਮਾਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਸ਼ਹੀਦੀ ਦੇ ਗਏ।

ਬਾਕੀ ਜਵਾਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰ ਲਿਆ। ਜਵਾਨ ਕਾਫੀ ਜਖਮੀ ਹੋ ਚੁੱਕੇ ਸਨ ਸੀ.ਆਰ.ਪੀ.ਐਫ. ਦੇ ਡਿਪਟੀ ਕਮਾਂਡਰ ਵੀ ਹਸਪਤਾਲ ਪਹੁੰਚ ਚੁੱਕੇ ਸਨ। 27 ਜਨਵਰੀ 2000 ਨੂੰ ਸਵੇਰੇ 10 ਵਜੇ ਸੀ.ਆਰ.ਪੀ.ਐਫ. ਦੀ ਇੱਕ ਟੁਕੜੀ ਸ਼ਹੀਦ ਅਸ਼ੋਕ ਕੁਮਾਰ ਦੇ ਘਰ ਪਰਵਾਲ ਕਲੋਨੀ ਜ਼ਿਲਾ ਪਠਾਨਕੋਟ ਪਹੁੰਚ ਗਈ। ਜਦੋਂ ਜਵਾਨਾਂ ਨੇ ਉਸਦੇ ਘਰੇ ਉਹਨਾਂ ਦੀ ਪਤਨੀ ਮੋਨਿਕਾ ਨੂੰ ਸ਼ਹੀਦ ਅਸ਼ੋਕ ਕੁਮਾਰ ਦੇ ਸ਼ਹੀਦ ਹੋਣ ਦੀ ਗੱਲ ਦੱਸੀ ਤਾਂ ਮੋਨਿਕਾ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਗਈ। ਸ਼ਹੀਦ ਅਸ਼ੋਕ ਕੁਮਾਰ ਦੇ ਮਾਤਾ ਪਿਤਾ ਨੇ ਉਸ ਨੂੰ ਅਤੇ ਛੋਟੀ ਬੱਚੀ ਨੂੰ ਸੰਭਾਲ ਲਿਆ ਅਤੇ ਘਰੇ ਚੀਕ ਚਿਹਾੜਾ ਪੈ ਗਿਆ। ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

27 ਜਨਵਰੀ ਨੂੰ ਸ਼ਹੀਦ ਅਸ਼ੋਕ ਕੁਮਾਰ ਦੀ ਮ੍ਰਿਤਕ ਦੇਹ ਸ਼ਾਮ ਦੇ ਸਮੇਂ ਘਰੇ ਪਹੁੰਚੀ। ਪਹੁੰਚਦਿਆਂ ਹੀ ਪਿੰਡ ਦੇ ਲੋਕਾਂ ਨੇ ਸ਼ਹੀਦ ਅਸ਼ੋਕ ਕੁਮਾਰ ਅਮਰ ਰਹੇ…ਭਾਰਤ ਮਾਤਾ ਦੀ ਜੈ….ਦੇ ਨਾਅਰੇ ਲਗਾਏ। ਇਲਾਕੇ ਦੇ ਐਮਐਲਏ ਜੋਗਿੰਦਰ ਪਾਲ ਵੀ ਮੌਕੇ ਤੇ ਪਹੁੰਚੇ ਅਤੇ ਸੀ.ਆਰ.ਪੀ.ਐਫ. ਦੇ ਅਫਸਰ ਵੀ ਪਹੁੰਚ ਚੁੱਕੇ ਸਨ। 28 ਜਨਵਰੀ 2000 ਨੂੰ ਸੰਸਕਾਰ ਦੀਆਂ ਤਿਆਰੀਆਂ ਹੋ ਗਈਆਂ ਅਤੇ ਇਲਾਕੇ ਦੇ ਲੋਕਾਂ ਦੇ ਵੱਡੇ ਕਾਫਲੇ ਨਾਲ ਸ਼ਹੀਦ ਅਸ਼ੋਕ ਕੁਮਾਰ ਅਮਰ ਰਹੇ ਦੇ ਨਾਅਰੇ ਲਗਾਉਂਦੇ ਹੋਏ ਕੁਝ ਹੀ ਪਲਾਂ ਵਿੱਚ ਇਕੱਠੇ ਹੋ ਕੇ ਸ਼ਮਸ਼ਾਨ ਘਾਟ ਪਹੁੰਚ ਗਏ। ਉਸ ਸਮੇਂ ਸ਼ਹੀਦ ਅਸ਼ੋਕ ਕੁਮਾਰ ਦੀ ਬੇਟੀ ਇਕ ਮਹੀਨੇ ਦੀ ਹੀ ਸੀ। ਸ਼ਹੀਦ ਅਸ਼ੋਕ ਕੁਮਾਰ ਦੀ ਪਤਨੀ ਮੋਨਿਕਾ ਆਪਣੀ ਬੇਟੀ ਨੂੰ ਲੈ ਕੇ ਬੈਠੀ ਹੋਈ ਸੀ ਅਤੇ ਅਸ਼ੋਕ ਕੁਮਾਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਰੋ ਕੁਰਲਾ ਰਹੀ ਸੀ।

ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਸ਼ਹੀਦ ਅਸ਼ੋਕ ਕੁਮਾਰ ਨੂੰ ਫਾਇਰ ਕਰਕੇ ਸਲਾਮੀ ਦਿੱਤੀ। ਸਾਰੇ ਲੋਕਾਂ ਨੇ ਉੱਚੀ ਉੱਚੀ ਭਾਰਤ ਮਾਤਾ ਦੀ ਜੈ ਹੋ ਦੇ ਨਾਅਰੇ ਲਗਾਏ। ਸ਼ਹੀਦ ਅਸ਼ੋਕ ਕੁਮਾਰ ਦੇ ਪਰਿਵਾਰ ਵਾਲੇ ਮੋਨਿਕਾ ਨੂੰ ਦਿਲਾਸਾ ਦੇ ਰਹੇ ਸਨ। ਸੰਸਕਾਰ ਤੋਂ ਬਾਅਦ ਸੀ.ਆਰ.ਪੀ.ਐਫ. ਦੇ ਅਫਸਰ ਸ਼ਹੀਦ ਅਸ਼ੋਕ ਕੁਮਾਰ ਦੀ ਧਰਮ ਪਤਨੀ ਨੂੰ ਮਿਲੇ ਅਤੇ ਉਸ ਨੂੰ ਸੀ.ਆਰ.ਪੀ.ਐਫ. ਦੀ ਕਾਗਜੀ ਕਾਰਵਾਈ ਕੀਤੀ ਅਤੇ ਉਸਨੂੰ ਹੌਸਲਾ ਵੀ ਦਿੱਤਾ। ਮੋਨਿਕਾ ਨੂੰ ਉਸ ਵੇਲੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਵਾਰ-ਵਾਰ ਸ਼ਹੀਦ ਅਸ਼ੋਕ ਕੁਮਾਰ ਨੂੰ ਯਾਦ ਕਰ ਰਹੇ ਸੀ। ਸੀ.ਆਰ.ਪੀ.ਐਫ. ਦੇ ਅਫਸਰ ਵਾਪਸ ਚਲੇ ਗਏ ਅਤੇ ਮੋਨਿਕਾ ਨੂੰ ਪਰਿਵਾਰ ਵਾਲੇ ਘਰ ਲੈ ਆਏ।

ਸ਼ਹੀਦ ਅਸ਼ੋਕ ਕੁਮਾਰ ਦੀ ਪਤਨੀ ਮੋਨਿਕਾ ਨੇ 2014 ਵਿੱਚ ਸੀ.ਆਰ.ਪੀ.ਐਫ. ਐਸੋਸੀਏਸ਼ਨ ਪੰਜਾਬ ਜੁਆਇਨ ਕਰ ਲਈ ਅਤੇ ਹੁਣ ਆਪਣੀ ਸਾਰੀ ਦੁੱਖ ਤਕਲੀਫ ਐਸ਼ੋਸ਼ੀਏਸ਼ਨ ਨਾਲ ਸਾਂਝੀ ਕਰਦੇ ਹਨ। ਹਰ ਸਾਲ 26 ਜਨਵਰੀ ਵਾਲੇ ਦਿਨ ਸ਼ਹੀਦ ਅਸ਼ੋਕ ਕੁਮਾਰ ਦੀ ਬਰਸੀ ਮਨਾਉਂਦੇ ਹਨ, ਜਿਸ ਵਿੱਚ ਇਲਾਕੇ ਦੇ ਐਮਐਲਏ ਜੋਗਿੰਦਰ ਪਾਲ ਭੋਹਾ ਅਤੇ ਪਿੰਡ ਦੀ ਪੰਚਾਇਤ ਸ਼ਹੀਦ ਅਸ਼ੋਕ ਕੁਮਾਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਡੀ, ਸੁੱਚਾ ਸਿੰਘ ਪ੍ਰਧਾਨ ਕਪੂਰਥਲਾ, ਡੀਐਸਪੀ ਸੁਰਿੰਦਰ ਸਿੰਘ ਭਟਨੂਰਾ, ਸਰਪੰਚ ਜਸਵੀਰ ਸਿੰਘ ਨਡਾਲੋ, ਜਸਵਿੰਦਰ ਸਿੰਘ ਕਾਲਰਾ, ਕੁਲਦੀਪ ਸਿੰਘ ਕਾਲਰਾ ਅਤੇ ਗਰੁੱਪ ਸੈਂਟਰ ਦੇ ਉੱਚ ਅਧਿਕਾਰੀ ਪਹੁੰਚ ਕੇ ਬਰਸੀ ਮਨਾ ਕੇ ਸ਼ਹੀਦ ਅਸ਼ੋਕ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਜੈ ਹਿੰਦ।

















































