ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਹਰਿਆਵਲ ਲਹਿਰ ਤਹਿਤ 15 ਲੱਖ ਟਿਊਬਵੈਲਾਂ ’ਤੇ ਲਗਾਏ ਜਾਣਗੇ 45 ਲੱਖ ਬੂਟੇ

ਫਿਲੌਰ/ਜਲੰਧਰ, 06 ਅਗਸਤ:- ਪੰਜਾਬ ਸਰਕਾਰ ਸੂਬੇ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸ਼ਹਿਰੀ ਵਾਤਾਵਰਣ ਨੂੰ ਸੁਧਾਰਣ ਲਈ 46 ਪਵਿੱਤਰ ਵਣ, 268 ਨਾਨਕ ਬਗੀਚੀਆਂ ਅਤੇ 10 ਨਗਰ ਵਣ ਤਿਆਰ ਕੀਤੇ ਜਾ ਰਹੇ ਹਨ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵਲੋਂ ਅੱਜ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ 73ਵੇਂ ਵਣ ਮਹਾਂ-ਉਤਸਵ ਸਬੰਧੀ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਪੰਜਾਬ ਕਿਸਾਨਾਂ ਨੂੰ ਕਾਰਬਨ ਕਰੈਡਿਟ ਦਾ ਲਾਭ ਦੇਣ ਵਾਲਾ ਪਹਿਲਾ ਰਾਜ ਬਣਿਆ ਹੈ। ਉਨ੍ਹਾਂ ਦੱਸਿਆ ਕਿ ਕੰਡੀ ਖੇਤਰ ਦੇ 3600 ਕਿਸਾਨਾਂ ਨੂੰ ਰੁੱਖ ਲਗਾਉਣ ਬਦਲੇ ਕਾਰਬਨ ਕਰੈਡਿਟ ਪਾਇਲੈਟ ਪ੍ਰਾਜੈਕਟ ਤਹਿਤ 45 ਕਰੋੜ ਰੁਪਏ ਸਿੱਧੇ ਖਾਤਿਆਂ ਵਿੱਚ ਮਿਲਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਹਰਿਆਵਲ ਲਹਿਰ ਤਹਿਤ ਰਾਜ ਦੇ ਕਰੀਬ 15 ਲੱਖ ਟਿਊਬਵੈਲਾਂ ’ਤੇ 45 ਲੱਖ ਬੂਟੇ ਲਾਏ ਜਾਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਐਗਰੋ-ਫਾਰੈਸਟਰੀ ਯੋਜਨਾ ਤਹਿਤ ਪਿਛਲੇ ਦੋ ਸਾਲਾਂ ਦੌਰਾਨ ਕਿਸਾਨਾਂ ਨੂੰ 7.87 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ ਅਤੇ ਚਾਲੂ ਵਿੱਤੀ ਸਾਲ ਦੌਰਾਨ ਇਸ ਸਕੀਮ ਤਹਿਤ ਲਗਭਗ 25 ਕਰੋੜ ਰੁਪਏ ਦੀ ਹੋਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਾਲ ਦੌਰਾਨ ਰਾਜ ਵਿੱਚ ਲੋਕਾਂ ਦੀ ਸ਼ਮੂਲੀਅਤ ਨਾਲ ਲਗਭਗ 3 ਕਰੋੜ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂ ਸਕੂਲ ਸਿੱਖਿਆ, ਪੇਂਡੂ ਵਿਕਾਸ, ਖੇਤੀਬਾੜੀ ਅਤੇ ਆਰਮੀ ਤੇ ਪੁਲਿਸ ਆਦਿ ਵਿਭਾਗਾਂ ਵਲੋਂ ਲਗਭਗ 1.32 ਕਰੋੜ ਪੌਦਿਆਂ ਦਾ ਯੋਗਦਾਨ ਪਾਇਆ ਜਾਵੇਗਾ।

ਉਨ੍ਹਾਂ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੇ ਵਾਤਾਵਰਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣੇ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੌਦੇ ਲਗਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ 18 ਲੱਖ ਦੇ ਕਰੀਬ ਪੌਦੇ ਲਗਾਏ ਜਾ ਰਹੇ ਹਨ ।

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਤੇ ਫ਼ਲਦਾਰ ਜਿਵੇਂ ਨਿੰਮ, ਆਂਵਲਾ, ਬਖੇੜਾ ਤੇ ਅਰਜਣ ਆਦਿ ਦੇ ਪੌਦੇ ਲਗਾਏ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ।

ਇਸ ਮੌਕੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਅਕੈਡਮੀ ਫਿਲੌਰ ਅਨੀਤਾ ਪੁੰਜ, ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ, ਆਪ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ, ਪਿੰਦਰ ਪੰਡੋਰੀ, ਜੀਤ ਲਾਲ ਭੱਟੀ ਵਲੋਂ ਵੀ ਪੌਦੇ ਲਗਾਏ ਗਏ।

Leave a Comment

Your email address will not be published. Required fields are marked *

Scroll to Top