ਮਾਨਯੋਗ ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਕਾਰਵਾਈ ਕਰਦੇ ਹੋਏ ਸ੍ਰੀ ਸਰਬਜੀਤ ਸਿੰਘ ਬਾਹੀਆ, ਪੀ.ਪੀ.ਐਸ. ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਨਰਿੰਦਰ ਸਿੰਘ ਮਿਨਹਾਸ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਦਿਹਾਤੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਬੁਲੋਵਾਲ ਅਤੇ ਸਬ ਇੰਸਪੈਕਟਰ ਮਨਿੰਦਰ ਸਿੰਘ ਇੰਚਾਰਜ ਚੌਂਕੀ ਨਸਰਾਲਾ ਵਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 04 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਕੀਤੇ 05 ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸ੍ਰੀ ਨਰਿੰਦਰ ਸਿੰਘ ਮਿਨਹਾਸ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਦਿਹਾਤੀ ਹੁਸ਼ਿਆਰਪੁਰ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 03-08-2024 ਨੂੰ ਭਰੋਸੇਯੋਗ ਸੂਤਰਾਂ ਤੋਂ ਮਿਲੀ ਹੋਈ ਸੂਚਨਾ ਦੇ ਆਧਾਰ ਤੇ ਮੰਡਿਆਲਾ ਅੱਡਾ ਤੇ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਮੋਟਰਸਾਈਕਲ ਸਵਾਰ 03 ਨੌਜਵਾਨ ਵਿਅਕਤੀਆਂ ਨੂੰ ਰੋਕ ਕੇ ਉਹਨਾਂ ਪਾਸੋਂ ਮੋਟਰਸਾਈਕਲ ਦੇ ਕਾਗਜਾਤ ਬਾਰੇ ਪੁੱਛ ਪੜਤਾਲ ਕੀਤੀ ਗਈ ਤਾਂ ਉਹ ਮੋਟਰਸਾਈਕਲ ਦੇ ਕਾਗਜਾਤ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਜਦੋ ਇਹਨਾਂ ਪਾਸੋਂ ਸਖਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਉਹਨਾਂ ਨੇ ਇਹ ਮੋਟਰਸਾਈਕਲ ਆਦਮਪੁਰ ਤੋਂ ਚੋਰੀ ਕੀਤਾ ਹੈ ਅਤੇ ਉਹ ਇਸ ਮੋਟਰਸਾਈਕਲ ਨੂੰ ਵੇਚਣ ਦੀ ਫਿਰਾਕ ਵਿੱਚ ਘੁੰਮ ਰਹੇ ਹਨ। ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਸਿਕੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਨੰਗਲਾ ਵਾਹਿਦ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿਆਰਪੁਰ, ਵਿਚਕਾਰ ਬੈਠੇ ਨੌਜਵਾਨ ਨੇ ਆਪਣਾ ਨਾਮ ਕੁਲਵੀਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਢੱਡੇ ਫਤਿਹ ਸਿੰਘ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿਆਰਪੁਰ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਮਨਦੀਪ ਕੁਮਾਰ ਪੁੱਤਰ ਨਿਰਮਲ ਚੰਦ ਵਾਸੀ ਜਲਤੋ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਦੱਸਿਆ। ਇਹ ਮੋਟਰਸਾਈਕਲ ਚੋਰੀ ਦਾ ਪਾਇਆ ਜਾਣ ਤੇ ਇਨ੍ਹਾਂ ਵਿਅਕਤੀਆਂ ਦੇ ਖਿਲਾਫ ਮੁਕਦਮਾ ਨੰਬਰ 130 ਮਿਤੀ 03-08-2024 ਅ/ਧ 303(2), 317 (2) ਬੀਐਨਐਸ ਤਹਿਤ ਥਾਣਾ
ਬੁੱਲੋਵਾਲ ਵਿਖੇ ਚੋਰੀ ਦਾ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਇਸ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਅਤੇ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਕੇ ਜਦੋਂ ਉਕਤ ਦੋਸ਼ੀਆਂ ਦੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋਸ਼ੀਆਂ ਨੇ ਆਪਣੇ ਗਿਰੋਹ ਦੇ ਇੱਕ ਹੋਰ ਵਿਅਕਤੀ ਸੁਰਜੀਤ ਸਿੰਘ ਉਰਫ ਕਰਨ ਪੁੱਤਰ ਗੁਰਨਾਮ ਸਿੰਘ ਵਾਸੀ ਗੀਗਨੋਵਾਲ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿਆਰਪੁਰ ਬਾਰੇ ਦੱਸਿਆ, ਜਿਸ ਨੂੰ ਵੀ ਮੁਕੱਦਮਾ ਵਿੱਚ ਮਿਤੀ 05-08-2024 ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੋਸ਼ੀਆਂ ਨੇ ਆਪਣੀ ਪੁੱਛਗਿੱਛ ਦੌਰਾਨ ਇਹ ਮੰਨਿਆ ਹੈ ਕਿ ਉਨ੍ਹਾਂ ਨੇ ਸਿਵਲ ਹਸਪਤਾਲ, ਆਰਮੀ ਕੰਟੀਨ, ਸੋਨਾਲੀਕਾ ਫੈਕਟਰੀ ਹੁਸ਼ਿਆਰਪੁਰ ਅਤੇ ਐਸ.ਬੀ.ਆਈ ਬੈਂਕ ਕਸਬਾ ਬੁੱਲੇਵਾਲ ਦੇ ਬਾਹਰੋਂ ਅਤੇ ਹੋਰ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਹਨ। ਜਿਹਨਾਂ ਵਲੋਂ 04 ਹੋਰ ਚੋਰੀਸ਼ੁਦਾ ਮੋਟਰਸਾਈਕਲ ਬ੍ਰਾਮਦ ਕਰਵਾਏ ਗਏ ਹਨ। ਇਸ ਗਿਰੋਹ ਦੇ ਨਾਮਜਦ ਦੋਸ਼ੀ ਸੁਰਜੀਤ ਸਿੰਘ ਉਰਫ ਕਰਨ ਨੇ ਇਹਨਾਂ ਤੋਂ ਇਲਾਵਾ ਆਪਣੇ ਹੋਰ ਦੂਸਰੇ ਸਾਥੀਆਂ ਨਾਲ ਮਿਲ ਕੇ ਹੋਰ ਵੀ ਮੋਟਰਸਾਈਕਲ ਚੋਰੀ ਕਰਨ ਬਾਰੇ ਮੰਨਿਆ ਹੈ। ਇਸ ਤਰਾਂ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਹੋਰ ਮੈਂਬਰਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜਿਹਨਾਂ ਪਾਸੋਂ ਚੋਰੀ ਦੇ ਹੋਰ ਮੋਟਰਸਾਈਕਲ ਬ੍ਰਾਮਦ ਹੋਣ ਦੀ ਉਮੀਦ ਹੈ।

















































